![](https://parvasinewspaper.com/wp-content/uploads/2020/09/614268-russia-vaccine-300x169.jpg)
ਅਮਰੀਕਾ ਅਤੇ ਬ੍ਰਾਜ਼ੀਲ ਦੇ ਮੁਕਾਬਲੇ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ ਲੱਗੀ ਵਧਣ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਡਾਇਰੈਕਟਰ ਜਨਰਲ ਆਫ਼ ਡਰੱਗਜ਼ ਡਾਕਟਰ ਵੀਜੀ ਸੋਮਾਨੀ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਦੇਸ਼ ਵਿਚ ਔਕਸਫੋਰਡ ਦੇ ਕੋਵਿਡ-19 ਟੀਕੇ ਦਾ ਕਲੀਨੀਕਲ ਟਰਾਇਲ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਦੂਸਰੇ ਅਤੇ ਤੀਜੇ ਪੜਾਅ ਲਈ ਨਵੇਂ ਵਿਅਕਤੀਆਂ ਨੂੰ ਸ਼ਾਮਲ ਕਰਨ ‘ਤੇ ਮੁਅੱਤਲੀ ਦਾ ਹੁਕਮ ਵਾਪਸ ਲੈ ਲਿਆ ਗਿਆ ਹੈ। ਡੀ.ਸੀ.ਜੀ.ਆਈ. ਨੇ ਕਲੀਨੀਕਲ ਟਰਾਇਲ ਲਈ ਕਈ ਸ਼ਰਤਾਂ ਵੀ ਰੱਖੀਆਂ ਹਨ। ਇਸੇ ਦੌਰਾਨ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਪਾਰ ਹੋ ਚੁੱਕੀ ਹੈ। ਇਕ ਹਫਤੇ ਦੌਰਾਨ ਦੇਸ਼ ‘ਚ ਸਾਢੇ 6 ਲੱਖ ਤੋਂ ਜ਼ਿਆਦਾ ਕਰੋਨਾ ਮਾਮਲੇ ਸਾਹਮਣੇ ਆਏ ਅਤੇ ਇਹ ਰਫਤਾਰ ਅਮਰੀਕਾ ਅਤੇ ਬ੍ਰਾਜ਼ੀਲ ‘ਚ ਆ ਰਹੇ ਕਰੋਨਾ ਮਾਮਲਿਆਂ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਭਾਰਤ ਵਿਚ 40 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਹਨ ਅਤੇ ਹੁਣ ਤੱਕ 82 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਉਧਰ ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 2 ਕਰੋੜ 98 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ ਅਤੇ 2 ਕਰੋੜ 15 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਤੰਦਰੁਸਤ ਵੀ ਹੋ ਚੁੱਕੇ ਹਨ। ਧਿਆਨ ਰਹੇ ਕਿ ਸੰਸਾਰ ਭਰ ਵਿਚ ਕਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ 9 ਲੱਖ 40 ਹਜ਼ਾਰ ਤੋਂ ਟੱਪ ਚੁੱਕੀ ਹੈ।