ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਕਰੋਨਾ ਇਲਾਜ ਦੇ ਨਾਂ ‘ਤੇ ਮਰੀਜ਼ਾਂ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਹਨ। ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਵਿਚ ਅਮਨਦੀਪ ਮੈਡੀਸਿਟੀ ਵੱਲੋਂ ਇੱਕ ਮਰੀਜ਼ ਤੋਂ 20.5 ਲੱਖ ਰੁਪਏ ਵਸੂਲ ਕੀਤੇ ਗਏ ਹਨ। ਅਕਾਲੀ ਦਲ ਨੇ ਹਸਪਤਾਲ ਦਾ ਲਾਇਸੈਂਸ ਰੱਦ ਕਰਨ, ਹਸਪਤਾਲ ਦੇ ਪ੍ਰਬੰਧਕਾਂ ‘ਤੇ ਕੇਸ ਦਰਜ ਕਰਨ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਮਜੀਠੀਆ ਨੇ ਦੱਸਿਆ ਕਿ ਸਵਿੰਦਰ ਸਿੰਘ ਨੂੰ ਜਦੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉਦੋਂ ਉਹ ਚੰਗਾ ਭਲਾ ਸੀ ਪਰ 48 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਹਸਪਤਾਲ ਨੇ 48 ਦਿਨ ਦੇ ਇਲਾਜ ਲਈ ਸਵਿੰਦਰ ਸਿੰਘ ਦੇ ਪਰਿਵਾਰ ਤੋਂ 20 ਲੱਖ ਰੁਪਏ ਤੋਂ ਵੀ ਜ਼ਿਆਦਾ ਵਸੂਲ ਕੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਹਲਕੇ ਪੀੜਤ ਮਰੀਜ਼ ਤੋਂ ਰੋਜ਼ਾਨਾ 10 ਹਜ਼ਾਰ ਰੁਪਏ ਅਤੇ ਗੰਭੀਰ ਬਿਮਾਰ ਤੋਂ 15 ਹਜ਼ਾਰ ਰੁਪਏ ਵਸੂਲਣ ਦੇ ਨਿਯਮ ਤੈਅ ਹਨ। ਇਸ ਦੇ ਬਾਵਜੂਦ ਅਮਨਦੀਪ ਮੈਡੀਸਿਟੀ ਨੇ 42500 ਰੁਪਏ ਰੋਜ਼ਾਨਾ ਦੀ ਦਰ ਨਾਲ ਬਿੱਲ ਵਸੂਲਿਆ ਹੈ। ਉਨ੍ਹਾਂ ਕਿਹਾ ਕਿ ਜੇ ਹਸਪਤਾਲ ਸਰਕਾਰ ਵੱਲੋਂ ਤੈਅ ਨਿਯਮਾਂ ਮੁਤਾਬਕ ਬਿੱਲ ਦੀ ਵਸੂਲੀ ਕਰਦਾ ਤਾਂ ਇਹ 6.70 ਲੱਖ ਰੁਪਏ ਹੋਣਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਮਨਦੀਪ ਮੈਡੀਸਿਟੀ ਨੇ ਪਰਿਵਾਰ ਤੋਂ ਦਵਾਈਆਂ ਦਾ 5 ਲੱਖ ਰੁਪਏ ਅਤੇ ਪੀਪੀਈ ਕਿੱਟਾਂ ਦਾ 5 ਲੱਖ ਰੁਪਏ ਵਸੂਲ ਲਿਆ ਜਦਕਿ ਪਰਿਵਾਰ ਖੁਦ ਪੀਪੀਈ ਕਿੱਟਾਂ ਖਰੀਦਦਾ ਰਿਹਾ ਹੈ। ਅਜਿਹੀਆਂ ਵੀ ਰਿਪੋਰਟਾਂ ਆਈਆਂ ਹਨ ਕਿ ਕਈ ਹੋਰ ਮਰੀਜ਼ ਵੀ ਹਸਪਤਾਲ ਛੱਡ ਕੇ ਭੱਜ ਗਏ ਹਨ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਹਸਪਤਾਲ ਨੇ ਕਿੰਨੀ ਲਾਪ੍ਰਵਾਹੀ ਵਰਤੀ ਹੈ ਤੇ ਕਾਂਗਰਸ ਸਰਕਾਰ ਜਾਣ ਬੁੱਝ ਕੇ ਕਾਰਵਾਈ ਨਹੀਂ ਕਰ ਰਹੀ। ਇਸ ਹਸਪਤਾਲ ‘ਤੇ ਪਹਿਲਾਂ ਵੀ ਲਾਪ੍ਰਵਾਹੀ ਅਤੇ ਗਰੀਬ ਮਰੀਜ਼ ਤੋਂ 5 ਲੱਖ 50 ਹਜ਼ਾਰ ਲੱਖ ਰੁਪਏ ਵਸੂਲਣ ਦੇ ਬਾਵਜੂਦ ਹੱਥ ਵੱਢਣ ਦੇ ਦੋਸ਼ ਲੱਗੇ ਸਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਸਾਰੇ ਲੋਕਾਂ ਨੂੰ ਸੱਦਾ ਦੇਵੇਗਾ ਜਿਨ੍ਹਾਂ ਦੀ ਪ੍ਰਾਈਵੇਟ ਹਸਪਤਾਲ ਮੈਨੇਜਮੈਂਟਾਂ ਨੇ ਲੁੱਟ ਕੀਤੀ ਹੈ ਤਾਂ ਕਿ ਇਨ੍ਹਾਂ ਹਸਪਤਾਲਾਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …