ਕਿਹਾ – ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾ ਕੇ ਸਾਰੇ ਘਪਲਿਆਂ ਦੀ ਜਾਂਚ ਕਰਾਵਾਂਗੇ
ਲੁਧਿਆਣਾ/ਬਿਊਰੋ ਨਿਊਜ਼
ਬਾਦਲਾਂ ਦੇ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਾਗੀ ਹੋਏ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਨਵਾਂ ਅਕਾਲੀ ਦਲ ਬਣਾ ਲਿਆ ਹੈ। ਢੀਂਡਸਾ ਨੇ ਨਵੀਂ ਪਾਰਟੀ ਦਾ ਨਾਮ ‘ਸ਼੍ਰੋਮਣੀ ਅਕਾਲੀ ਦਲ’ ਹੀ ਰੱਖਿਆ ਹੈ ਅਤੇ ਨਾਲ ਹੀ ਕਿਹਾ ਕਿ ਜੇਕਰ ਪਾਰਟੀ ਦੀ ਰਜਿਸਟ੍ਰੇਸ਼ਨ ਵਿਚ ਮੁਸ਼ਕਲ ਆਈ ਤਾਂ ਪਾਰਟੀ ਦੇ ਨਾਮ ਨਾਲ ‘ਡੈਮੋਕਰੇਟਿਕ’ ਸ਼ਬਦ ਜੋੜ ਲਿਆ ਜਾਵੇਗਾ। ਲੁਧਿਆਣਾ ਵਿਚ ਹੋਈ ਮੀਟਿੰਗ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਦਾ ਸੱਦਾ ਵੀ ਦਿੱਤਾ। ਢੀਂਡਸਾ ਨੇ ਨਵੇਂ ਅਕਾਲੀ ਦਲ ਦਾ ਹਰ ਵਰਗ ਨੂੰ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਬਾਦਲਾਂ ਤੋਂ ਮੁਕਤ ਕਰਵਾ ਕੇ ਸਾਰੇ ਘਪਲਿਆਂ ਦੀ ਜਾਂਚ ਕਰਵਾਈ ਜਾਵੇਗੀ। ਢੀਂਡਸਾ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਵੱਖਰਾ ਰਾਹ ਅਖ਼ਤਿਆਰ ਕਰਨ ਵਾਲੇ ਅਕਾਲੀ ਆਗੂਆਂ ਨੇ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ‘ਥਾਪ’ ਕੇ ਸੁਖਬੀਰ ਬਾਦਲ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਗੁਰਦੁਆਰਾ ਸ਼ਹੀਦਾਂ ਮਾਡਲ ਟਾਊਨ ਲੁਧਿਆਣਾ ਵਿੱਚ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਹੋਈ ਚੋਣ ਵਿੱਚ ਦੋ ਵਾਰ ਲੋਕ ਸਭਾ ਮੈਂਬਰ ਰਹੀ ਪਰਮਿੰਦਰ ਕੌਰ ਗੁਲਸ਼ਨ ਨੇ ‘ਪ੍ਰਧਾਨਗੀ’ ਲਈ ਸੁਖਦੇਵ ਸਿੰਘ ਢੀਂਡਸਾ ਦੇ ਨਾਂ ਦੀ ਤਜਵੀਜ਼ ਰੱਖੀ। ਜਗਦੀਸ਼ ਸਿੰਘ ਗਰਚਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਦੇਸ ਰਾਜ ਸਿੰਘ ਧੁੱਗਾ ਤੇ ਸਾਬਕਾ ਪਾਰਟੀ ਪ੍ਰਧਾਨ ਮਰਹੂਮ ਜਗਦੇਵ ਸਿੰਘ ਤਲਵੰਡੀ ਦੀ ਧੀ ਹਰਜੀਤ ਕੌਰ ਤਲਵੰਡੀ ਨੇ ਇਸ ਦੀ ਤਾਈਦ ਕੀਤੀ। ਉਪਰੰਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਪੁੱਜੇ ਸੈਂਕੜੇ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਇਸ ਨੂੰ ਪ੍ਰਵਾਨਗੀ ਦਿੱਤੀ ਤੇ ਸਰਬਸੰਮਤੀ ਨਾਲ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਵਿੱਚ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਢੀਂਡਸਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਦੂਜੇ ਪਾਰਟੀ ਆਗੂਆਂ ਨੂੰ ਪੰਜਾਬ ਅਤੇ ਪੰਥ ਦੇ ਭਲੇ ਲਈ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਬੀਰਦਵਿੰਦਰ ਸਿੰਘ, ਮਨਜੀਤ ਸਿੰਘ ਜੀਕੇ, ਪਰਮਿੰਦਰ ਸਿੰਘ ਢੀਂਡਸਾ, ਹਰਿਆਣਾ ਦੇ ਸਿੱਖ ਆਗੂ ਦੀਦਾਰ ਸਿੰਘ ਨਲਵੀ, ਨਿਹੰਗ ਮੁਖੀ ਬਾਬਾ ਗੁਰਦੇਵ ਸਿੰਘ, ਤੇਜਿੰਦਰ ਪਾਲ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ, ਪਰਮਜੀਤ ਸਿੰਘ ਖਾਲਸਾ, ਮਾਨ ਸਿੰਘ ਗਰਚਾ, ਮਨਜੀਤ ਸਿੰਘ ਭੋਮਾ, ਹਰਸੁਖਿੰਦਰ ਸਿੰਘ ਬੱਬੀ ਬਾਦਲ ਵੀ ਹਾਜ਼ਰ ਸਨ।
ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤਣਾ ‘ਗੈਰਕਾਨੂੰਨੀ’
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪਾਰਟੀ ‘ਚੋਂ ਬਰਖਾਸਤ ਕੀਤੇ ਸੁਖਦੇਵ ਢੀਂਡਸਾ ਵੱਲੋਂ ਪਾਰਟੀ ਦਾ ਨਾਮ ਵਰਤੇ ਜਾਣ ਨੂੰ ‘ਗੈਰਕਾਨੂੰਨੀ’ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿਚੋਂ ਛੇਕਿਆ ਆਗੂ ਕਾਂਗਰਸ ਦੀ ਸ਼ਹਿ ‘ਤੇ ਇਹ ਸਭ ਕੁਝ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਸਦੀ ਪੁਰਾਣੀ ਪਾਰਟੀ ਹੈ, ਜੋ ਭਾਰਤ ਦੇ ਚੋਣ ਕਮਿਸ਼ਨ ਕੋਲ ਰਜਿਸਟਰਡ ਹੈ। ਚੀਮਾ ਨੇ ਕਿਹਾ ਕਿ ਢੀਂਡਸਾ ਨੇ ਜੋ ਕੁਝ ਕੀਤਾ, ਉਹ ਸੌ ਫੀਸਦ ਜਾਅਲਸਾਜ਼ੀ ਹੈ।
ਟਕਸਾਲੀ ਅਕਾਲੀ ਦਲ ਵੀ ਖਿੱਲਰਿਆ
ਟਕਸਾਲੀ ਦਲ ਦੇ ਤਿੰਨੋਂ ਬਾਨੀ ਵੱਖ-ਵੱਖ ਹੋਏ
ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਕਈ ਟਕਸਾਲੀ ਆਗੂਆਂ ਦੇ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਵੱਡੀ ਢਾਹ ਲੱਗੀ ਹੈ। ਇਸ ਨਾਲ ਇਹ ਜਥੇਬੰਦੀ ਫਿਲਹਾਲ ਖਿੰਡ ਗਈ ਹੈ। ਢੀਂਡਸਾ ਵੱਲੋਂ ਬਣਾਏ ਗਏ ਨਵੇਂ ਅਕਾਲੀ ਦਲ ਵਿਚ ਟਕਸਾਲੀ ਦਲ ਤੋਂ ਸੇਵਾ ਸਿੰਘ ਸੇਖਵਾਂ ਤੇ ਹੋਰ ਕਈ ਆਗੂ ਸ਼ਾਮਲ ਹੋ ਗਏ ਹਨ। ਅਕਾਲੀ ਦਲ (ਟਕਸਾਲੀ) ਦੇ ਗਠਨ ਵੇਲੇ ਤਿੰਨ ਬਾਨੀਆਂ ਵਿਚ ਸੇਵਾ ਸਿੰਘ ਸੇਖਵਾਂ ਤੋਂ ਇਲਾਵਾ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਪ੍ਰਮੁੱਖ ਤੌਰ ‘ਤੇ ਸ਼ਾਮਲ ਸਨ। ਨਵੇਂ ਅਕਾਲੀ ਦਲ ਦੇ ਗਠਨ ਮਗਰੋਂ ਸੇਵਾ ਸਿੰਘ ਸੇਖਵਾਂ ਉਸ ਵਿਚ ਸ਼ਾਮਲ ਹੋ ਗਏ ਹਨ। ਡਾ. ਰਤਨ ਸਿੰਘ ਅਜਨਾਲਾ ਪਹਿਲਾਂ ਹੀ ਘਰ ਬੈਠ ਚੁੱਕੇ ਹਨ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਇਸ ਵੇਲੇ ਜ਼ੇਰੇ ਇਲਾਜ ਹਨ।
ਢੀਂਡਸਾ ਦੇ ਅਕਾਲੀ ਦਲ ਦਾ ਸੰਕਲਪ ਪੱਤਰ
1. ਪੰਜਾਬ ਤੇ ਪੰਜਾਬੀਅਤ ਦੇ ਸਰਬਪੱਖੀ ਵਿਕਾਸ ਲਈ ਸਾਰੇ ਵਰਗਾਂ ਤੇ ਲੋਕਾਂ ਦੇ ਸਹਿਯੋਗ ਨਾਲ ਯਤਨ ਹੋਣਗੇ।
2. ਸਿੱਖ ਸਿਆਸਤ ਦੀ ਆਨ ਤੇ ਸ਼ਾਨ ਨੂੰ ਮੁੜ ਬਹਾਲ ਕਰਵਾਇਆ ਜਾਵੇਗਾ।
3. ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆ ਚੁੱਕੇ ਨਿਘਾਰ ਨੂੰ ਦੂਰ ਕਰਨ ਤੇ ਸਿੱਖ ਸੰਸਥਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਪਰਾਲੇ।
4. ਪੰਜਾਬ ਨੂੰ ਖੇਤੀ ਸੰਕਟ ਵਿਚੋਂ ਕੱਢਣ ਲਈ ਉਪਰਾਲੇ ਕਰਨ, ਕੇਂਦਰ ਵਲੋਂ ਕਿਸਾਨ ਵਿਰੋਧੀ ਸਾਰੇ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਾਂਗੇ।
5. ਪੰਜਾਬ ਦੇ ਹਿੱਤਾਂ ਦੀ ਰਾਖੀ ਤੇ ਕੁਦਰਤੀ ਸੋਮਿਆਂ ਦੀ ਸੁਰੱਖਿਆ ਕਰਨ ਲਈ ਹਰ ਕਦਮ ਚੁੱਕਾਂਗੇ, ਦਲਿਤਾਂ ਤੇ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਕਰਾਂਗੇ।
6. ਸਿੱਖਿਆ, ਪ੍ਰਸ਼ਾਸਨ ਤੇ ਨਿਆਂ ਦੇ ਖੇਤਰ ਵਿਚ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਵਾਉਣ ਤੇ ਪੰਜਾਬੀ ਨੂੰ ਬਣਦੀ ਥਾਂ ਦੁਆਉਣ ਲਈ ਸਿਰਤੋੜ ਯਤਨ ਕਰਾਂਗੇ। 7. ਪਰਵਾਸੀਆਂ ਦੇ ਦੇਸ਼ ਤੇ ਵਿਦੇਸ਼ ਵਿਚ ਹਿਤਾਂ ਦੀ ਰਾਖੀ ਲਈ ਹਰ ਕਦਮ ਚੁੱਕਾਂਗੇ।
8. ਨੌਜਵਾਨਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਮੁੱਦਿਆਂ ‘ਤੇ ਵਿਸ਼ੇਸ਼ ਜ਼ੋਰ ਦਿਆਂਗੇ।
9. ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਅਹਿਮ ਉਪਰਾਲੇ ਕਰਾਂਗੇ।
10. ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਕੇ ਪਾਰਦਰਸ਼ੀ ਪ੍ਰਸ਼ਾਸਨ ਦਿਆਂਗੇ, ਸਨਅਤਕਾਰਾਂ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਨੀਤੀਆਂ ਬਣਾਵਾਂਗੇ।
11. ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਸਮੇਤ ਹਰ ਮੁਲਾਜ਼ਮ ਨੂੰ ਉਨ੍ਹਾਂ ਦਾ ਹੱਕ ਦਿਆਂਗੇ।
12. ਦੇਸ਼ ਵਿਚ ਜਮਹੂਰੀਅਤ, ਧਰਮ ਨਿਰਪੱਖਤਾ ਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤੇ ਰਾਜਾਂ ਨੂੰ ਵੱਧ ਅਧਿਕਾਰ ਦੁਆਉਣ ਲਈ ਹਰ ਕੋਸ਼ਿਸ਼ ਕਰਾਂਗੇ।
13. ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਵੀ ਉਨ੍ਹਾਂ ਦੇ ਦਲ ਵਲੋਂ ਹਰ ਉਪਰਾਲਾ ਕੀਤਾ ਜਾਵੇਗਾ।
Check Also
ਪੰਜਾਬ ਦੇ 18 ਜ਼ਿਲ੍ਹਿਆਂ ’ਚ ਭਾਰੀ ਧੁੰਦ ਦਾ ਅਲਰਟ
ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪਹਾੜਾਂ ’ਤੇ ਬਰਫਵਾਰੀ …