‘ਯੂਥ ਮੈਨੀਫੈਸਟੋ’ ਦੇ ਮੁੱਖ ਪੰਨੇ ਦੀ ਤਸਵੀਰ ਬਣ ਗਈ ਸੀ ਸਿਆਸੀ ਮੁੱਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਐਤਵਾਰ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮ ਦਾਸ ਲੰਗਰ ਵਿੱਚ ਭਾਂਡਿਆਂ ਅਤੇ ਬਾਅਦ ਵਿੱਚ ਜੋੜਾ ਘਰ ਵਿੱਚ ਸੇਵਾ ਕੀਤੀ। ਉਨ੍ਹਾਂ ਸਵੇਰੇ ਤਿੰਨ ਤੋਂ ਪੰਜ ਵਜੇ ਤੱਕ ਲੰਗਰ ਘਰ ਵਿੱਚ ਸੇਵਾ ਕੀਤੀ। ਮਗਰੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਜੋੜਾ ਘਰ ਵਿੱਚ ਸਾਢੇ 11 ਤੋਂ ਸਾਢੇ 12 ਵਜੇ ਤੱਕ ਸੇਵਾ ਨਿਭਾਈ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਾਰਟੀ ਵੱਲੋਂ ‘ਯੂਥ ਮੈਨੀਫੈਸਟੋ’ ਮੌਕੇ ਹੋਈ ਗ਼ਲਤੀ ਲਈ ਮੁਆਫ਼ੀ ਮੰਗੀ ਅਤੇ ਅਰਦਾਸ ਕੀਤੀ। ਫੂਲਕਾ ਨੇ ਭਾਵੇਂ ਸੋਸ਼ਲ ਮੀਡੀਆ ‘ਤੇ ‘ਆਪ’ ਵਾਲੰਟੀਅਰਾਂ ਨੂੰ ਇਸ ਮੌਕੇ ਉਨ੍ਹਾਂ ਨਾਲ ਸੇਵਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਪਰ ਸਥਾਨਕ ਵਰਕਰ ਹੀ ਪੁੱਜੇ ਹੋਏ ਸਨ। ਸੇਵਾ ਨਿਭਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੂਲਕਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਪਾਰਟੀ ਤੋਂ ਅਣਜਾਣੇ ਵਿੱਚ ਹੋਈ ਗਲਤੀ ਦੀ ਮੁਆਫੀ ਮੰਗ ਕੇ ਭੁੱਲ ਬਖਸ਼ਾਉਣਾ ਸੀ। ਮੈਨੀਫੈਸਟੋ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਛਾਪੇ ਜਾਣ ਦੀ ਗਲਤੀ ਅਣਜਾਣੇ ਵਿੱਚ ਪੰਜਾਬ ਟੀਮ ਵੱਲੋਂ ਹੋਈ ਹੈ, ਜਿਸ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕੋਈ ਕਸੂਰ ਨਹੀਂ। ਜ਼ਿਕਰਯੋਗ ਹੈ ਅਰਵਿੰਦ ਕੇਜਰੀਵਾਲ ਵੀ 18 ਜੁਲਾਈ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ।
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …