3 ਲੱਖ ਤੋਂ ਵੱਧ ਵਿਅਕਤੀ ਕਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ‘ਚ ਕਰੋਨਾ ਵਾਇਰਸ ਭਿਆਨਕ ਰੂਪ ਲੈ ਚੁੱਕਾ ਹੈ।ਕਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਰਕੇ 3 ਲੱਖ ਵਿਅਕਤੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਜਦਕਿ ਇਸ ਮਹਾਂਮਾਰੀ ਦੀ ਲਪੇਟ ‘ਚ 45 ਲੱਖ ਤੋਂ ਵੱਧ ਵਿਅਕਤੀ ਆ ਚੁੱਕੇ ਹਨ। ਅਮਰੀਕਾ ‘ਚ 85 ਹਜ਼ਾਰ ਤੋਂ ਵੱਧ ਮੌਤਾਂ ਕਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ। ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ‘ਚ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ 14 ਲੱਖ 40 ਹਜ਼ਾਰ ਨੂੰ ਪਾਰ ਕਰ ਚੁੱਕਿਆ ਹੈ। ਦੂਜੇ ਪਾਸੇ ਯੂਰਪ ਮਹਾਂਦੀਪ ਵਿਚ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ 17 ਲੱਖ ਤੋਂ ਪਾਰ ਜਾ ਚੁੱਕਿਆ ਹੈ ਅਤੇ ਅਮਰੀਕਾ ਤੋਂ ਬਾਅਦ ਯੂਰਪ ਮਹਾਂਦੀਪ ਦੇ ਦੇਸ਼ਾਂ ਨੇ ਸਭ ਤੋਂ ਵੱਧ ਨੁਕਸਾਨ ਝੱਲਿਆ ਹੈ। ਹੁਣ ਤਕ ਪੂਰੇ ਯੂਰਪ ‘ਚ 1 ਲੱਖ 58 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਵਾਇਰਸ ਨੇ ਜਾਨ ਲੈ ਲਈ ਹੈ। ਕਰੋਨਾ ਵਾਇਰਸ ਦੀ ਲਪੇਟ ਵਿਚ ਹੁਣ ਰੂਸ ਵੀ ਬੁਰੀ ਤਰ੍ਹਾਂ ਘਿਰ ਚੁੱਕਿਆ ਹੈ ਇਥੇ ਵੀ ਕਰੋਨਾ ਪੀੜਤ ਵਿਅਕਤੀਆਂ ਦਾ ਅੰਕੜਾ 2 ਲੱਖ 52 ਹਜ਼ਾਰ ਤੋਂ ਪਾਰ ਚਲਾ ਗਿਆ। ਉਧਰ ਭਾਰਤ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 83 ਹਜ਼ਾਰ ਨੂੰ ਜਾ ਢੁੱਕਿਆ ਹੈ ਤੇ ਭਾਰਤ ਚੀਨ ਨੂੰ ਪਛਾੜ ਕੇ ਦੁਨੀਆ ਦੇ ਕਰੋਨਾ ਪੀੜਤ ਮੋਹਰੀ 10 ਮੁਲਕਾਂ ਵਿਚ ਸ਼ਾਮਲ ਹੋਣ ਲਈ ਕਾਹਲਾ ਹੋ ਗਿਆ ਹੈ। ਜਦਕਿ ਭਾਰਤ ‘ਚ 2600 ਤੋਂ ਵੱਧ ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਜਾਨ ਚਲੀ ਗਈ ਹੈ।