1 ਲੱਖ 77 ਹਜ਼ਾਰ ਤੋਂ ਵੱਧ ਵਿਅਕਤੀ ਪੂਰੇ ਸੰਸਾਰ ਅੰਦਰ ਗੁਆ ਚੁੱਕੇ ਹਨ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਭਰ ਦਾ ਸ਼ਾਇਦ ਹੀ ਕੋਈ ਕੋਣਾ ਕਰੋਨਾ ਵਾਇਰਸ ਨਾਮੀ ਮਹਾਂਮਾਰੀ ਦੀ ਲਪੇਟ ‘ਚ ਆਉਣ ਤੋਂ ਬਚਿਆ ਹੋਇਆ ਹੋਵੇਗਾ। ਪੂਰੇ ਸੰਸਾਰ ਅੰਦਰ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 25 ਲੱਖ ਤੋਂ ਵੱਧ ਹੋ ਗਈ ਹੈ ਜਦਕਿ ਇਸ ਸਭ ਕੁਝ ਦੇ ਚਲਦਿਆਂ 1 ਲੱਖ 77 ਹਜ਼ਾਰ ਤੋਂ ਵੱਧ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਕਰੋਨਾ ਵਾਇਰਸ ਦੇ ਚਲਦਿਆਂ ਪੂਰੀ ਦੁਨੀਆ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ ਅਤੇ ਕਰੋਨਾ ਵਾਇਰਸ ਲੋਕਾਂ ਦੀਆਂ ਜਾਨਾਂ ਲੈਣ ਦੇ ਨਾਲ-ਨਾਲ ਉਨ੍ਹਾਂ ਦੀਆਂ ਨੌਕਰੀਆਂ ਨੂੰ ਵੀ ਨਿਗਲ ਰਿਹਾ ਹੈ। ਉਧਰ ਦੂਜੇ ਪਾਸੇ ਇਕ ਖਬਰ ਇਹ ਵੀ ਆ ਰਹੀ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੇ ਖੋਜ਼ ਕਰਤਾ ਵੀਰਵਾਰ ਤੋਂ ਕਰੋਨਾ ਵੈਕਸੀਨ ਦਾ ਟੈਸਟ ਇਨਸਾਨਾਂ ‘ਤੇ ਸ਼ੁਰੂ ਕਰਨ ਜਾ ਰਹ ਹਨ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਕਰੋਨਾ ਵੈਕਸੀਨ ਦੇ ਲਈ ਅਸੀਂ ਹਰ ਤਰ੍ਹਾਂ ਕੁਰਬਾਨੀ ਦੇਣ ਲਈ ਤਿਆਰ ਹਾਂ। ਬ੍ਰਿਟੇਨ ਸਰਕਾਰ ਇੰਪੀਰੀਅਲ ਕਾਲਜ ਨੂੰ ਕਰੋਨਾ ਵੈਕਸੀਨ ਰਿਸਰਚ ਦੇ ਲਈ 210 ਕਰੋੜ ਰੁਪਏ ਦੇਵੇਗੀ। ਉਧਰ ਸੰਯੁਕਤ ਰਾਸ਼ਟਰ ਦੇ ਅਨੁਸਾਰ ਮਹਾਮਾਰੀ ਦੇ ਕਾਰਨ ਕਈ ਦੇਸ਼ਾਂ ‘ਚ ਅਕਾਲ ਪੈਣ ਦਾ ਖਤਰਾ ਪੈਦਾ ਹੋ ਗਿਆ। ਵਿਸ਼ਵ ਫੂਡ ਵਿਭਾਗ ਪ੍ਰੋਗਰਾਮ ਦੇ ਪ੍ਰਮੁੱਖ ਡੇਵਿਡ ਬੇਸਲੇ ਨੇ ਕਿਹਾ ਕਿ 30 ਤੋਂ ਜ਼ਿਆਦਾ ਦੇਸ਼ਾਂ ‘ਚ ਅਕਾਲ ਨੂੰ ਰੋਕਣ ਦੇ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸੰਕਟ ਦੇ ਕਾਰਨ ਲਗਭਗ 26. 5 ਕਰੋੜ ਲੋਕ ਭੁੱਖਮਰੀ ਦੀ ਕਗਾਰ ‘ਤੇ ਹੋਣਗੇ। ਯਮਨ,ਕਾਂਗੋ, ਅਫਗਾਨਿਸਤਾਨ, ਵੈਨਜੁਏਲਾ, ਇਥੋਪੀਆ, ਦੱਖਣੀ ਸੁਡਾਨ, ਸੀਰੀਆ, ਨਾਈਜੀਰੀਆ ਆਦਿ ਦੇਸ਼ ਇਸ ਸੂਚੀ ‘ਚ ਸ਼ਾਮਲ ਹੈ। ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪ ਗਈ ਹੈ ਜਦਕਿ 660 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।