Breaking News
Home / ਪੰਜਾਬ / 21 ਦਿਨਾਂ ਦੇ ਲਾਕਡਾਊਨ ਕਾਰਨ ਗ਼ਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋਣ ਲੱਗੇ

21 ਦਿਨਾਂ ਦੇ ਲਾਕਡਾਊਨ ਕਾਰਨ ਗ਼ਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋਣ ਲੱਗੇ

ਮੋਗਾ/ਬਿਊਰੋ ਨਿਊਜ਼ : ਦੁਨੀਆਂ ਭਰ ਲਈ ਚੁਣੌਤੀ ਬਣਿਆ ਕਰੋਨਾਵਾਇਰਸ ਦਿਹਾੜੀਦਾਰ ਮਜ਼ਦੂਰਾਂ ਤੇ ਝੁੱਗੀ ਝੋਪੜੀਆਂ ਤੇ ਹੋਰ ਗ਼ਰੀਬ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਔਖੀ ਬਣ ਗਈ ਹੈ। ਭਾਵੇਂ ਸਮੂਹ ਕਾਰੋਬਾਰਾਂ ‘ਤੇ ਬੁਰਾ ਅਸਰ ਪਿਆ ਹੈ ਪਰ ਗ਼ਰੀਬ ਪਰਿਵਾਰ ਤਾਂ ਰੱਬ ਆਸਰੇ ਹੀ ਆਪਣੀ ਜ਼ਿੰਦਗੀ ਕੱਟਣ ਲਈ ਮਜਬੂਰ ਹਨ।
ਦੇਸ਼ ਭਰ ‘ਚ ਲਾਕਡਾਊਨ ਕਾਰਨ ਗ਼ਰੀਬੀ ਰੇਖਾ ਤੋਂ ਹੇਠਾ ਰਹਿ ਕੇ ਪਰਿਵਾਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਇੱਥੇ ਜ਼ਿਲ੍ਹਾ ਸਕੱਤਰੇਤ ਕੋਲ ਨਹਿਰ ਕਿਨਾਰੇ ਵੱਡੀ ਗਿਣਤੀ ਝੁੱਗੀ ਝੌਪੜੀ ‘ਚ ਰਹਿੰਦੇ ਪਰਿਵਾਰਾਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਪਹਿਲਾਂ ਕਰਫ਼ਿਊ ਜਾਂ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਲੋਕਾਂ ਦੇ ਘਰਾਂ ਜਾਂ ਧਾਰਮਿਕ ਸਥਾਨਾ ‘ਚ ਜਾ ਕੇ ਲੰਗਰ ਨਾਲ ਪੇਟ ਭਰ ਲੈਂਦੇ ਸਨ, ਹੁਣ ਸਖ਼ਤੀ ਕਾਰਨ ਉਹ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ‘ਤੇ ਨਿਰਭਰ ਹਨ। ਉਨ੍ਹਾਂ ਕੋਲ ਇੱਕ ਦੋ ਦਿਨ ਦਾ ਰਾਸ਼ਨ ਸੀ ਜੋ ਖ਼ਤਮ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਭਿਆਨਕ ਮਹਾਮਾਰੀ ਕੋਰੋਨਾ ਵਾਇਰਸ ਦਾ ਪਤਾ ਲੱਗਾ ਹੈ ਉਦੋਂ ਤੋਂ ਹੀ ਉਨ੍ਹਾਂ ਨੂੰ ਰੋਟੀ ਪਾਣੀ ਦੇ ਲਾਲੇ ਪੈ ਗਏ ਹਨ। ਉਨ੍ਹਾਂ ਦੱਸਿਆ ਕਿ ਹਫ਼ਤੇ ਤੋਂ ਉਹ ਪ੍ਰੇਸ਼ਾਨੀ ਵਿਚ ਹਨ। ਉਨ੍ਹਾਂ ਕਿਹਾ ਕਿ ਰੋਜ਼ੀ ਬੰਦ ਹੋਣ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਆਮ ਜਨਤਾ ਲਈ 26 ਮਾਰਚ ਤੋ ਸਬਜੀਆਂ, ਰਾਸ਼ਨ ਅਤੇ ਦਵਾਈਆਂ ਘਰ-ਘਰ ਪਹੁੰਚਾਉਣ ਅਤੇ ਦਿਹਾੜੀਦਾਰ ਤੇ ਗਰੀਬ ਤਬਕੇ ਦੇ ਲੋਕਾਂ ਨੂੰ ਰਾਸ਼ਨ ਆਦਿ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਵੰਡ ਪ੍ਰਣਾਲੀ ਨੂੰ ਸੁਚੱਜੇ ਢੰਗ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 16 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਪੁਲੀਸ ਫੋਰਸ ਵੀ ਸ਼ਾਮਲ ਰਹੇਗੀ।

Check Also

ਸ਼੍ਰੋਮਣੀ ਅਕਾਲੀ ਦਲ ‘ਚ ਪਿਆ ਸਿਆਸੀ ਕਲੇਸ਼ ਹੋਰ ਵਧਿਆ

ਸੀਨੀਅਰ ਅਕਾਲੀ ਆਗੂਆਂ ਨੇ ਜਲੰਧਰ ‘ਚ ਕੀਤੀ ਵੱਖਰੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ …