Home / ਕੈਨੇਡਾ / ਸੰਗੀ-ਸਾਥੀ ਟੁਰਦੇ ਜਾਵਣ, ਢੋਈ ਮਿਲੇ ਨਾ ਕੋਈ ਹੋ …

ਸੰਗੀ-ਸਾਥੀ ਟੁਰਦੇ ਜਾਵਣ, ਢੋਈ ਮਿਲੇ ਨਾ ਕੋਈ ਹੋ …

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਕਿੰਨਾ ਅਜੀਬ ਹੈ, ਇਹ ‘ਹੈ’ ਤੋਂ ‘ਸੀ’ ਦਾ ਸਫ਼ਰ। ਕੱਲ੍ਹ ਤੱਕ ਤੁਹਾਡਾ ਕੋਈ ਸੰਗੀ-ਸਾਥੀ, ਮਿੱਤਰ-ਪਿਆਰਾ, ਕਰੀਬੀ ਰਿਸ਼ਤੇਦਾਰ ਤੁਹਾਡੇ ਨਾਲ ਸੀ, ਅੱਜ ਉਹ ਨਹੀਂ ਹੈ। ਕਿੰਨਾ ਮੁਸ਼ਕਲ ਹੈ, ਆਪਣੇ ਕਿਸੇ ਪਿਆਰੇ ਨੂੰ ਅਲਵਿਦਾ ਕਹਿਣਾ। ਇਹ ਉਦੋਂ ਹੀ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਅਜਿਹੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰਦੇ ਹਾਂ। ਕਿੰਨਾਂ ਦੁਖੀ ਹੁੰਦਾ ਹੈ ਹਿਰਦਾ, ਇਹ ਅਸੀਂ ਉਦੋਂ ਹੀ ਅਨੁਭਵ ਕਰਦੇ ਹਾਂ। ਅਜਿਹਾ ਹੀ ਪਿਛਲੇ ਦਿਨੀਂ ਮੇਰੇ ਅਤੇ ਮੇਰੇ ਪਰਿਵਾਰ ਨਾਲ ਵਾਪਰਿਆ ਹੈ ਜਦੋਂ ਮੇਰੇ ਚੰਡੀਗੜ੍ਹ ਵਾਲੇ ਸਾਂਢੂ ਸਾਹਿਬ ਬਖ਼ਸ਼ੀਸ਼ ਸਿੰਘ ਥਿੰਦ 6 ਜਨਵਰੀ ਦੀ ਸਵੇਰੇ ਨੂੰ ਸਾਨੂੰ ਸਾਰਿਆਂ ਨੂੰ ਆਖ਼ਰੀ ਫ਼ਤਿਹ ਬੁਲਾ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 1952 ਵਿਚ ਜਨਮੇਂ ਬਖ਼ਸ਼ੀਸ਼ ਸਿੰਘ ਨੇ ਅਕਤੂਬਰ 2019 ਵਿਚ ਆਪਣੀ ਉਮਰ ਦੇ 66 ਵਰ੍ਹੇ ਪੂਰੇ ਕਰਕੇ ਅਜੇ 67ਵੇਂ ਵਿਚ ਹੀ ਪੈਰ ਧਰਿਆ ਸੀ। ਮੇਰੇ ਨਾਲ ਉਨ੍ਹਾਂ ਦਾ ਪ੍ਰੇਮ-ਪਿਆਰ ਦੁਨਿਆਵੀ ਸਾਂਢੂਆਂ ਵਾਲਾ ਨਹੀਂ, ਸਗੋਂ ਇਹ ਸਕੇ ਭਰਾਵਾਂ ਵਾਲਾ ਸੀ। ਪੰਜਾਬ ਸਰਕਾਰ ਦੇ ਸਿੰਜਾਈ ਵਿਭਾਗ ਵਿਚ ਬਤੌਰ ਕਲੱਰਕ ਭਰਤੀ ਹੋ ਕੇ ਨੌਕਰੀ ਦੌਰਾਨ ਆਪਣੀ ਵਿਦਿਅਕ ਯੋਗਤਾ ਵਿਚ ਵਾਧਾ ਕਰਦਿਆਂ ਪਹਿਲਾਂ ਬੀ.ਏ. ਅਤੇ ਫਿਰ ਐੱਮ.ਏ. (ਅੰਗਰੇਜ਼ੀ) ਕੀਤੀ। ਇਸ ਦੇ ਨਾਲ ਹੀ ਆਡਿਟ ਦੇ ਨਾਲ ਜੁੜੇ 16 ਮੁਸ਼ਕਲ ਪੇਪਰ ਪਾਸ ਕਰਕੇ ਪੰਜਾਬ ਦੇ ਫ਼ਾਈਨਾਂਸ ਵਿਭਾਗ ਵਿਚ ਆਡੀਟਰ ਬਣ ਗਏ ਅਤੇ ਤਰੱਕੀ ਕਰਦਿਆਂ-ਕਰਦਿਆਂ ਅਕਤੂਬਰ 2010 ਵਿਚ ਡਿਪਟੀ ਕੰਟਰੋਲਰ (ਆਡਿਟ ਐਂਡ ਅਕਾਊਂਟਸ) ਵਜੋਂ ਸੇਵਾ-ਮੁਕਤ ਹੋਏ।
ਇਸ ਸਮੇਂ ਚੰਡੀਗੜ੍ਹ ਵਿਚ ਆਪਣੇ ਪਰਿਵਾਰ ਦੇ ਨਾਲ ਸੇਵਾ-ਮੁਕਤੀ ਦਾ ਸਮਾਂ ਖ਼ੁਸ਼ੀ-ਖ਼ੁਸ਼ੀ ਬਤੀਤ ਕਰ ਰਹੇ ਸਨ ਕਿ ਕੁਝ ਦਿਨਾਂ ਦੀ ਮਾਮੂਲੀ ਬੀਮਾਰੀ ਤੋਂ ਬਾਅਦ ਇਸ ਦੁਨੀਆਂ ਤੋਂ ਅਚਾਨਕ ਰੁਖ਼ਸਤ ਹੋ ਗਏ। ਭਿੱਜੀਆਂ ਅੱਖਾਂ ਨਾਲ ਉਨ੍ਹਾਂ ਨੂੰ ਅਲਵਿਦਾ ਕਹਿ ਰਹੇ ਹਾਂ। ਉਨ੍ਹਾਂ ਦੀ ਰੈਹ ਦੀ ਸ਼ਾਂਤੀ ਲਈ ਰਖਾਏ ਜਾਣ ਵਾਲੇ ਗੁਰਬਾਣੀ ਦੇ ਅਖੰਡ ਪਾਠ ਦਾ ਭੋਗ 16 ਜਨਵਰੀ ਨੂੰ ਚੰਡੀਗੜ੍ਹ ਦੇ 19 ਸੈੱਕਟਰ ਸਥਿਤ ਗੁਰਦੁਆਰਾ ਸਾਹਿਬ ਵਿਚ ਪਵੇਗਾ।

Check Also

ਹੋਰਵਥ ਦੀ ਨਵੇਂ ਪਬਲਿਕ ਅਤੇ ਗ਼ੈਰ ਨਫ਼ਾ ਕਮਾਊ ਹੋਮ ਕੇਅਰ ਅਤੇ ਲੌਂਗ ਟਰਮ ਕੇਅਰ ਸਿਸਟਮ ਦੀ ਸਕੀਮ

ਟੋਰਾਂਟੋ : ਦੇ ਵਿੱਚ ਐੱਨ.ਡੀ.ਪੀ. 50000 ਨਵੀਆਂ ਲੌਂਗ ਟਰਮਜ਼ ਕੇਅਰ ਸਪੇਸਜ਼ ਬਣਾਵੇਗੀ।8 ਸਾਲਾਂ ਵਿੱਚ ਮਿਆਰੀ …