Breaking News
Home / ਪੰਜਾਬ / ਬਟਾਲਾ ‘ਚ ਬਲਾਸਟ

ਬਟਾਲਾ ‘ਚ ਬਲਾਸਟ

10 ਹਜ਼ਾਰ ਅਬਾਦੀ ਵਾਲੇ ਇਲਾਕੇ ‘ਚ 22 ਸਾਲ ਤੋਂ ਚੱਲ ਰਹੀ ਸੀ ਗੈਰਕਾਨੂੰਨੀ ਫੈਕਟਰੀ
ਰਿਹਾਇਸ਼ੀ ਇਲਾਕੇ ‘ਚ ਬਣੀ ਪਟਾਕਾ ਫੈਕਟਰੀ ਵਿਚ ਧਮਾਕਾ, 24 ਮੌਤਾਂ, ਕੁਝ ਦੇਰ ਪਹਿਲਾਂ ਹੀ ਇਥੋਂ ਨਿਕਲੇ ਸਨ ਸਕੂਲ ਦੇ 1500 ਬੱਚੇ
ਵੱਡੀ ਲਾਪਰਵਾਹੀ … 2 ਸਾਲ ਪਹਿਲਾਂ ਇੱਥੇ ਲੱਗੀ ਸੀ ਅੱਗ, ਜਾਂਚ ਹੋਈ, ਫਿਰ ਵੀ ਪਟਾਕੇ ਬਣਦੇ ਰਹੇ
ਕਾਰਣ … ਪਟਾਕੇ ‘ਚ ਬਾਰੂਦ ਭਰਦੇ ਸਮੇਂ ਨਿਕਲੀ ਚਿੰਗਾਰੀ ਨਾਲ ਸਿਲੰਡਰ ਨੂੰ ਲੱਗੀ ਅੱਗ ਨਾਲ ਹੋਇਆ ਧਮਾਕਾ
ਹਾਦਸੇ ਵਿਚ ਫੈਕਟਰੀ ਮਾਲਕ 4 ਭਰਾਵਾਂ ਵਿਚੋਂ ਤਿੰਨ ਦੀ ਮੌਤ
ਬਟਾਲਾ : ਬੁੱਧਵਾਰ ਦੁਪਹਿਰ 3.40 ਵਜੇ ਗੁਰੂ ਤੇਗ ਬਹਾਦਰ ਕਾਲੋਨੀ ਦੇ ਰਿਹਾਇਸ਼ੀ ਇਲਾਕੇ ਵਿਚ ਸਥਿਤ 22 ਸਾਲ ਪੁਰਾਣੀ ਗੈਰਕਾਨੂੰਨੀ ਪਟਾਕਾ ਫੈਕਟਰੀ ਜ਼ੋਰਦਾਰ ਧਮਾਕੇ ਨਾਲ ਢਹਿ ਢੇਰੀ ਹੋ ਗਈ। ਇਸ ਇਲਾਕੇ ਦੀ ਅਬਾਦੀ 10 ਹਜ਼ਾਰ ਤੋਂ ਜ਼ਿਆਦਾ ਹੈ। ਇਸ ਹਾਦਸੇ ਵਿਚ 24 ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 7 ਵਿਅਕਤੀਆਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਟਾਕਾ ਫੈਕਟਰੀ ਮਾਲਕ 4 ਭਰਾ ਸਨ, ਜਿਨ੍ਹਾਂ ਵਿਚੋਂ 3 ਦੀ ਮੌਤ ਹੋ ਗਈ ਹੈ। ਫੈਕਟਰੀ ਵਿਚ ਦਿਵਾਲੀ ਦੇ ਤਿਉਹਾਰ ਲਈ ਬਾਰੂਦ ਸਟੋਰ ਕੀਤਾ ਜਾ ਰਿਹਾ ਸੀ। ਧਮਾਕਾ ਪਟਾਕੇ ਬਣਾਉਣ ਸਮੇਂ ਨਿਕਲੀ ਚਿੰਗਾਰੀ ਨਾਲ ਸਿਲੰਡਰ ਨੂੰ ਲੱਗੀ ਅੱਗ ਕਾਰਨ ਹੋਇਆ। ਧਮਾਕੇ ਨਾਲ 500 ਮੀਟਰ ਤੱਕ ਦਾ ਇਲਾਕਾ ਦਹਿਲ ਗਿਆ। ਉਥੇ, 50 ਗਜ ਦੂਰੀ ‘ਤੇ ਸੇਂਟ ਫਰਾਂਸਿਸ ਸਕੂਲ ਵੀ ਹੈ, ਜਿਸ ਵਿਚ 3300 ਬੱਚੇ ਪੜ੍ਹਦੇ ਹਨ। ਕੁਝ ਦੇਰ ਪਹਿਲਾਂ ਹੀ ਛੁੱਟੀ ਹੋਈ ਸੀ। ਕਰੀਬ 1500 ਬੱਚੇ ਇਸੇ ਫੈਕਟਰੀ ਦੇ ਨੇੜਿਓਂ ਦੀ ਨਿਕਲੇ ਸਨ। ਇਕ ਪਾਸੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਉਥੇ ਵੀ 200 ਦੇ ਕਰੀਬ ਸੰਗਤ ਸੀ ਅਤੇ ਉਹ ਵੀ ਵਾਲ ਵਾਲ ਬਚ ਗਏ। ਗੁਰਦੁਆਰਾ ਸਾਹਿਬ ਦੀ ਦੀਵਾਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਹੈ ਅਤੇ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਵੀ ਦਿੱਤੇ ਹਨ।
ਹਾਦਸੇ ਦੇ ਦੋ ਕਾਰਨ
1. ਪਟਾਕੇ ਬਣਾੳਂਦੇ ਸਮੇਂ ਅਨਟਰੇਂਡ ਵਿਅਕਤੀ ਪੋਟਾਸ਼ੀਅਮ ਸਾਈਨਾਈਟ ਨਾਮਕ ਸਾਲਟ ਭਰ ਰਹੇ ਸਨ। ਇਸ ਦੌਰਾਨ ਨਿਕਲੀ ਚਿੰਗਾਰੀ ਦੇ ਕਾਰਣ ਕੋਲ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ।
2.ਦੱਸਿਆ ਜਾ ਰਿਹਾ ਹੈ ਕਿ ਪਟਾਕਿਆਂ ਵਿਚ ਭਰਨ ਵਾਲੇ ਬਾਰੂਦ ਕੋਲ ਹੀ ਬੇਤਰਤੀਬ ਤਰੀਕੇ ਨਾਲ ਸਿਲੰਡਰ ਰੱਖੇ ਹੋਏ ਸਨ। ਫੈਕਟਰੀ ਪੁਰਾਣੀ ਸੀ, ਇਸ ਲਈ ਬਿਜਲੀ ਵਾਇਰਿੰਗ ਵੀ ਸਹੀ ਨਹੀਂ ਸੀ।
ਉਦੋਂ ਗੰਭੀਰ ਹੁੰਦੇ ਤਾਂ ਟਲ ਸਕਦਾ ਸੀ ਹਾਦਸਾ
ੲ ਜਨਵਰੀ 2017 ‘ਚ ਵੀ ਫੈਕਟਰੀ ‘ਚ ਅੱਗ ਲੱਗੀ ਸੀ, ਜਿਸ ‘ਚ ਦੋ ਕਾਰੀਗਰ ਜ਼ਖਮੀ ਹੋਏ ਸਨ। ਉਦੋਂ ਵੀ ਲੋਕਾਂ ਨੇ ਰਿਹਾਇਸ਼ੀ ਇਲਾਕੇ ‘ਚ ਫੈਕਟਰੀ ਹੋਣ ਦਾ ਵਿਰੋਧ ਕੀਤਾ ਸੀ ਤੇ ਸ਼ਿਕਾਇਕ ਕੀਤੀ ਸੀ।
ੲ ਉਦੋਂ ਐਸਡੀਐਮ ਪ੍ਰਿਥਵੀ ਨੇ ਵੀ ਜਾਂਚ ਲਈ ਕਿਹਾ ਸੀ। ਪੁਲਿਸ ਵੀ ਜਾਂਚ ਦੇ ਨਾਂ ‘ਤੇ ਖਾਨਾਪੂਰਤੀ ਕਰਕੇ ਚਲੀ ਗਈ ਸੀ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਠੰਡੇ ਬਸਤੇ ‘ਚ ਪਏ ਰਹੇ।
ਸੜਕਾਂ ‘ਤੇ ਵਿਛ ਗਈਆਂ ਸਨ ਅੱਧ ਜਲੀਆਂ ਲਾਸ਼ਾਂ
ਧਮਾਕੇ ਦੇ ਕੁਝ ਹੀ ਦੇਰ ਬਾਅਦ ਨੇੜੇ ਤੇੜੇ ਦੇ ਇਲਾਕਿਆਂ ਦਾ ਮੰਜ਼ਰ ਬਹੁਤ ਭਿਆਨਕ ਹੋ ਗਿਆ ਸੀ। ਦੇਖਣ ਵਾਲਿਆਂ ਦੀ ਵੀ ਰੂਹ ਕੰਬ ਗਈ ਸੀ। ਕਈਆਂ ਦੇ ਹੱਥ ਉਡ ਗਏ ਅਤੇ ਕਈਆਂ ਦਾ ਪੂਰਾ ਧੜ ਹੀ ਵੱਖ ਹੋ ਗਿਆ। ਇਕ ਦੇ ਉਪਰ ਇਕ ਲਾਸ਼ਾਂ ਦੇ ਢੇਰ ਲੱਗੇ ਸਨ। ਸਥਾਨਕ ਲੋਕ ਚਾਦਰਾਂ ਵਿਚ ਲਪੇਟ-ਲਪੇਟ ਜ਼ਖ਼ਮੀਆਂ ਹਸਪਤਾਲ ਪਹੁੰਚਾ ਰਹੇ ਸਨ।
ਜ਼ਖਮੀਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸੰਨੀ ਦਿਉਲ ਤੇ ਪੰਜਾਬ ਦੇ ਮੰਤਰੀ
ਬਟਾਲਾ : ਬਟਾਲਾ ਵਿਖੇ ਪਟਾਕਾ ਫ਼ੈਕਟਰੀ ਵਿਚ ਹੋਏ ਧਮਾਕੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਹਾਲ ਜਾਣਨ ਲਈ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਉਲ ਅੱਜ ਸਿਵਲ ਹਸਪਤਾਲ ਬਟਾਲਾ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਵੀ ਸਨ। ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਓ ਪੀ ਸੋਨੀ ਵੀ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ ਅਤੇ ਉਨ੍ਹਾਂ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਦੋ-ਦੋ ਲੱਖ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਬਟਾਲਾ ਵਿਚ ਇਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋਇਆ ਅਤੇ ਫੈਕਟਰੀ ਦੀ ਇਮਾਰਤ ਢਹਿ ਢੇਰੀ ਹੋ ਗਈ ਸੀੇ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 24 ਤੱਕ ਪਹੁੰਚ ਗਈ ਅਤੇ 27 ਵਿਅਕਤੀ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪਟਾਕਾ ਫੈਕਟਰੀ ਮਾਲਕ 4 ਭਰਾ ਸਨ, ਜਿਨ੍ਹਾਂ ਵਿਚੋਂ 3 ਦੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ। ਹੁਣ ਚਾਹੇ ਜੋ ਵੀ ਬਹਾਨੇਬਾਜ਼ੀ ਕੀਤੀ ਜਾਵੇ, ਪਰ ਇਸ ਘਟਨਾ ਪਿੱਛੇ ਹਰ ਵਿਭਾਗ ਅਤੇ ਲੋਕ ਹੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਸੀਐਮ ਸਾਹਿਬ ਐਕਸ਼ਨ ਲਓ
ਇਹ 7 ਜ਼ਿੰਮੇਵਾਰ … 24 ਮੌਤਾਂ ਦੇ
1.ਡੀ.ਸੀ. ਵਿਪੁਲ ਉਜਵਲ
ਜ਼ਿੰਮੇਵਾਰੀ : ਪਟਾਕਾ ਫੈਕਟਰੀ ਨੂੰ ਲਾਇਸੈਂਸ ਦੇਣ ਦਾ ਅਧਿਕਾਰ ਇਨ੍ਹਾਂ ਕੋਲ ਹੁੰਦਾ ਹੈ। ਰਿਹਾਇਸ਼ੀ ਇਲਾਕਿਆਂ ਵਿਚ ਫੈਕਟਰੀ ਕਿਸ ਤਰ੍ਹਾਂ ਚੱਲ ਰਹੀ ਸੀ, ਇਨ੍ਹਾਂ ਨੇ ਕਦੀ ਜਾਂਚ ਤੱਕ ਨਹੀਂ ਕਰਵਾਈ।
ਜਵਾਬ : ਡੀਸੀ ਨੇ ਕਿਹਾ ਹੰਸਲੀ ਪੁਲ ‘ਤੇ ਚੱਲ ਰਹੀ ਪਟਾਕਾ ਫੈਕਟਰੀ ਗੈਰਕਾਨੂੰਨੀ ਸੀ। ਫੈਕਟਰੀ ਦੇ ਮਾਲਕ ਜਸਪਾਲ ਸਿੰਘ ਮੰਟੂ ਵਲੋਂ ਦੂਜੀ ਜਗ੍ਹਾ ਕਾਹਨੂੰਵਾਨ ਰੋਡ ‘ਤੇ ਇਕ ਫੈਕਟਰੀ ਪਾਸ ਕਰਵਾਈ ਗਈ ਹੈ, ਪਰ ਉਸਦੀ ਰੀਨਿਊ ਲਈ ਅਰਜ਼ੀ ਆਈ ਹੋਈ ਹੈ।
2.ਏਡੀਸੀ, ਤਜਿੰਦਰ ਸਿੰਘ ਸੰਧੂ
ਜ਼ਿੰਮੇਵਾਰੀ : ਇਨ੍ਹਾਂ ਨੇ ਹਰ ਮਹੀਨੇ ਇਸ ਤਰ੍ਹਾਂ ਦੀ ਪੁਲਿਸ ਨੂੰ ਜਾਂਚ ਦੇ ਨਿਰਦੇਸ਼ ਦੇਣੇ ਹੁੰਦੇ ਹਨ, ਪਰ ਚੈਕਿੰਗ ਤੱਕ ਕਰਵਾਈ ਨਹੀਂ ਗਈ।

3.ਐਸਪੀ, ਬਟਾਲਾ
ਜ਼ਿੰਮੇਵਾਰੀ : ਸ਼ਹਿਰ ਵਿਚ ਇਨ੍ਹਾਂ ਜ਼ਿੰਮੇਵਾਰ ਅਧਿਕਾਰੀਆਂ ਦੇ ਨੱਕ ਦੇ ਹੇਠਾਂ ਗੈਰਕਾਨੂੰਨੀ ਪਟਾਕਾ ਫੈਕਟਰੀ ਚੱਲਦੀ ਰਹੀ, ਇਨ੍ਹਾਂ ਨੇ ਰੀਨਿਊ ਮੀਟਿੰਗ ਵਿਚ ਕਦੀ ਐਸਐਚਓ ਕੋਲੋਂ ਨਾ ਪੁੱਛਿਆ ਅਤੇ ਨਾ ਹੀ ਕੋਈ ਜਾਣਕਾਰੀ ਤੱਕ ਲਈ।
4.ਐਸਐਚਓ ਸੁਖਸਵਿੰਦਰ ਸਿੰਘ
ਜ਼ਿੰਮੇਵਾਰੀ : ਦਿਵਾਲੀ ਦੇ ਨੇੜੇ ਸਾਰੇ ਇਲਾਕੇ ਦੀ ਛਾਣਬੀਣ ਕਰਨ ਦੀ ਜ਼ਿੰਮੇਵਾਰੀ ਹੈ। ਇਨ੍ਹਾਂ ਨੇ ਸਮੇਂ-ਸਮੇਂ ‘ਤੇ ਖੇਤਰ ਵਿਚ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖਣੀ ਹੁੰਦੀ ਹੈ। ਪਰ ਫੈਕਟਰੀ ਵੱਲ ਇਹ ਕਦੀ ਗਏ ਹੀ ਨਹੀਂ।
5.ਵਿਧਾਇਕ ਲਖਬੀਰ ਸਿੰਘ
ਜ਼ਿੰਮੇਵਾਰੀ : ਹਲਕਾ ਵਿਧਾਇਕ ਜਨਤਾ ਵਿਚਕਾਰ ਵੋਟ ਮੰਗਣ ਤਾਂ ਜਾਂਦੇ ਹਨ, ਪਰ ਕਾਲੋਨੀਆਂ ਵਿਚ ਅਜਿਹੇ ਧੰਦਿਆਂ ਨਾਲ ਮੌਤ ਵੰਡਣ ਵਾਲੇ ਸੌਦਾਗਰਾਂ ਦੇ ਵਿਰੋਧ ਵਿਚ ਕਦੀ ਕੋਈ ਆਵਾਜ਼ ਨਹੀਂ ਉਠਾਉਂਦੇ।
6. ਕੌਂਸਲਰ ਹਰਿੰਦਰ ਸਿੰਘ ਕਲਸੀ
ਜ਼ਿੰਮੇਵਾਰੀ : ਇਨ੍ਹਾਂ ਦੇ ਇਲਾਕੇ ਵਿਚ ਗੈਰਕਾਨੂੰਨੀ ਪਟਾਕਾ ਫੈਕਟਰੀ ਚੱਲ ਰਹੀ ਸੀ, ਇਨ੍ਹਾਂ ਨੇ ਨਾ ਤਾਂ ਕਦੀ ਵਿਰੋਧ ਕੀਤਾ ਅਤੇ ਨਾ ਹੀ ਸ਼ਿਕਾਇਤ ਕੀਤੀ।
7.ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ
ਜ਼ਿੰਮੇਵਾਰੀ : ਟੈਂਡਰ, ਗ੍ਰਾਂਟ, ਨਕਸ਼ਾ ਪਾਸ ਕਰਾਉਣ ਤੋਂ ਲੈ ਕੇ ਪ੍ਰਾਪਰਟੀ ਟੈਕਸ ਅਤੇ ਕਿਸ ਪ੍ਰਾਪਰਟੀ ‘ਤੇ ਕਿਹੜਾ ਕੰਮ ਚੱਲ ਰਿਹਾ ਹੈ। ਉਸ ਦੀ ਜਾਂਚ ਦੀ ਜ਼ਿੰਮੇਵਾਰੀ ਕੌਂਸਲ ਪ੍ਰਧਾਨ ਅਤੇ ਈਓ ‘ਤੇ ਪਹੁੰਦੀ ਹੈ। ਇੱਥੇ ਇਨ੍ਹਾਂ ਦੋਵਾਂ ਨੇ ਇਸ ਮਾਮਲੇ ਵਿਚ ਲਾਪਰਵਾਹੀ ਵਰਤੀ।
ਜਵਾਬ : ਪ੍ਰਧਾਨ ਨਰੇਸ਼ ਮਹਾਜਨ ਨੇ ਕਿਹਾ ਕਿ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਆਰੋਪ ਲਗਾਓ। ਜਦ ਉਸ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਹੋ ਅਤੇ ਗੈਰਕਾਨੂੰਨੀ ਚੱਲ ਰਹੀ ਫੈਕਟਰੀ ‘ਤੇ ਕਾਰਵਾਈ ਤੁਹਾਡੇ ਵਲੋਂ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਦੀ ਕੋਈ ਸ਼ਿਕਾਇਤ ਹੀ ਨਹੀਂ ਪਹੁੰਚੀ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …