ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾਏ ਜਾਣ ਦੇ ਮਾਮਲੇ ‘ਚ ਇਕ ਪਾਸੇ ਸਿਆਸੀ ਦਬਾਅ ਹੇਠ ਕੁਝ ਪਾਕਿ ਸਿੱਖ ਆਗੂਆਂ ਵਲੋਂ ਇਹ ਬਿਆਨ ਜਾਰੀ ਕਰ ਕੇ ਪੂਰੇ ਵਿਸ਼ਵ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਪੀੜਤ ਕੁੜੀ ਆਪਣੇ ਵਾਰਸਾਂ ਦੇ ਕੋਲ ਪਹੁੰਚ ਗਈ ਹੈ ਤੇ ਵਧੀਕ ਸੈਸ਼ਨ ਜੱਜ ਦੇ ਆਦੇਸ਼ ਅਨੁਸਾਰ ਫਿਲਹਾਲ ਉਸ ਨੂੰ ਦਾਰੂਲ ਅਮਨ (ਸ਼ੈਲਟਰ ਹੋਮ) ਲਾਹੌਰ ਵਿਖੇ ਰੱਖਿਆ ਗਿਆ ਹੈ।
ਉਧਰ ਅਗਵਾ ਕੀਤੀ ਗਈ ਜਗਜੀਤ ਕੌਰ ਦੇ ਭਰਾਵਾਂ ਸਵਿੰਦਰ ਸਿੰਘ ਤੇ ਮਨਮੋਹਨ ਸਿੰਘ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਨਾ ਤਾਂ ਅਜੇ ਤੱਕ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਸੌਂਪੀ ਗਈ ਹੈ ਤੇ ਨਾ ਹੀ ਇਸ ਮਾਮਲੇ ਨਾਲ ਸਬੰਧਿਤ ਦੋਸ਼ੀਆਂ ‘ਚੋਂ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੂੰ ਮਜਬੂਰਨ ਕੋਈ ਵੱਡਾ ਫ਼ੈਸਲਾ ਲੈਣਾ ਪੈ ਸਕਦਾ ਹੈ। ਇਸੇ ਦੌਰਾਨ ਜਗਜੀਤ ਕੌਰ ਦੇ ਚਚੇਰੇ ਭਰਾ ਨੇ ਇਕ ਆਡੀਓ ਸੰਦੇਸ਼ ਜਾਰੀ ਕਰ ਕੇ ਦੱਸਿਆ ਕਿ ਉਸ ਦੀ ਭੈਣ ਦੇ ਅਗਵਾ ਤੇ ਜਬਰੀ ਧਰਮ ਪਰਿਵਰਤਨ ਦੇ ਮਾਮਲੇ ‘ਚ ਪਾਕਿ ਸਿੱਖ ਭਾਈਚਾਰੇ ਦਾ ਸਾਥ ਦਿੰਦਿਆਂ ਲਾਹੌਰ ‘ਚ ਗਵਰਨਰ ਹਾਊਸ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਕਨਵੈੱਨਸ਼ਨ ‘ਚ ਹਿੱਸਾ ਲੈਣ ਲਈ ਪਹੁੰਚੇ ਕੈਨੇਡਾ ਵਾਸੀ ਗੁਰਚਰਨ ਸਿੰਘ ਨੇ ਰੋਸ ਵਜੋਂ ਕਨਵੈੱਨਸ਼ਨ ਦਾ ਬਾਈਕਾਟ ਕੀਤਾ ਸੀ, ਜਿਸ ਦੇ ਬਾਅਦ ਇਸ ਕਨਵੈੱਨਸ਼ਨ ‘ਚ ਪਹੁੰਚੇ ਦੇਸ਼-ਵਿਦੇਸ਼ ਦੇ ਹੋਰਨਾਂ ਸਿੱਖ ਵਿਦਵਾਨਾਂ ਵਲੋਂ ਇਸ ਕਨਵੈੱਨਸ਼ਨ ਦਾ ਬਾਈਕਾਟ ਕਰਨ ਦੇ ਡਰ ਤੋਂ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਪੀੜਤ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਗਵਰਨਰ ਹਾਊਸ ਵਿਖੇ ਬੁਲਾ ਕੇ ਉਨ੍ਹਾਂ ਪਾਸੋਂ ਇਹ ਬਿਆਨ ਜਾਰੀ ਕਰਵਾ ਦਿੱਤਾ ਕਿ ਗਵਰਨਰ ਨੇ ਭਰੋਸਾ ਦਿੱਤਾ ਹੈ ਕਿ ਜਗਜੀਤ ਕੌਰ ਜਲਦੀ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ, ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਦਕਿ ਇਸ ਦੇ ਬਾਅਦ ਗਵਰਨਰ ਜਾਂ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਹਾਈ ਕਮਾਨ ਦੇ ਨਿਰਦੇਸ਼ਾਂ ਹੇਠ ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਐਮ. ਪੀ. ਏ.ਤੇ ਸੰਸਦੀ ਸਕੱਤਰ ਮਹਿੰਦਰਪਾਲ ਸਿੰਘ ਆਦਿ ਵਲੋਂ ਇਹ ਬਿਆਨ ਜ਼ਰੂਰ ਜਾਰੀ ਕਰਵਾ ਦਿੱਤਾ ਗਿਆ ਕਿ ਜਗਜੀਤ ਕੌਰ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ ਹੈ, ਤੇ ਇਹ ਮਸਲਾ ਜਲਦੀ ਹੱਲ ਹੋ ਜਾਵੇਗਾ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …