Breaking News
Home / ਨਜ਼ਰੀਆ / ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ.ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ

ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ.ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ

(ਕਿਸ਼ਤ ਤੀਜੀ)
ਵਾਤਾਵਰਨ ਪ੍ਰਤੀ ਚੇਤਨਾ ਜਗਾਉਣ ਦਾ ਕਾਜ ਅੱਜ ਕਵਿਤਾ, ਗੀਤ, ਗ਼ਜ਼ਲ਼ ਤੇ ਨਾਟਕ ਕਰਨ : ਡਾ. ਡੀ.ਪੀ. ਸਿੰਘ
ਮੁਲਾਕਾਤ ਕਰਤਾ
ਸ਼੍ਰੀਮਤੀ ਮੀਨਾ ਸ਼ਰਮਾ
ਪੰਜਾਬ ਯੂਨੀਵਰਸਿਟੀ ਐਸ. ਐਸ.ਜੀ. ਰਿਜ਼ਨਲ ਸੈਂਟਰ, ਹੁਸ਼ਿਆਰਪੁਰ
ਮੀਨਾ ਸ਼ਰਮਾ: ਵਿਗੜ ਰਹੇ ਵਾਤਾਵਰਣ ਦਾ ਮੂਲ ਕਾਰਕ ਆਪ ਕਿਸ ਨੂੰ ਮੰਨਦੇ ਹੋ। ਵੱਡਾ ਦੋਸ਼ੀ ਕੌਣ ਹੈ ਤੇ ਕਿੰਨ੍ਹੀ-ਕਿੰਨ੍ਹੀ ਕੁ ਅਨੁਪਾਤ (ratio) ਵਿਚ?
ਡਾ. ਸਿੰਘ : ਅਜੋਕੇ ਸਮੇਂ ਵਿਚ ਵਿਗੜ ਰਹੇ ਵਾਤਾਵਰਣ ਦੇ ਅਨੇਕ ਮੂਲ ਕਾਰਕ ਹਨ । ਜਿਨ੍ਹਾਂ ਨੂੰ ਕੁਝ ਕੁ ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ ਹੈ। ਫਿਰ ਵੀ ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਉਦਯੋਗੀਕਰਣ, ਵੱਧਦੀ ਆਬਾਦੀ, ਸ਼ਹਿਰੀਕਰਣ, ਜੰਗਲਾਂ ਦੀ ਲੋੜੋਂ ਵੱਧ ਕਟਾਈ, ਆਵਾਜਾਈ ਦੇ ਵਾਹਣਾਂ ਵਿਚ ਬੇਮਿਸਾਲ ਵਾਧਾ ਤੇ ਫ਼ਾਸਿਲ ਫਿਊਲਜ਼ ਦੀ ਬਹੁਤ ਵਧੇਰੇ ਵਰਤੋਂ ਇਸ ਸਮੱਸਿਆ ਦੇ ਮੂਲ ਕਾਰਕ ਹਨ। ਦਰਅਸਲ ਵਧੇਰੇ ਸੁੱਖ ਸੁਵਿਧਾਵਾਂ ਦੀ ਪ੍ਰਾਪਤੀ ਦੇ ਲਾਲਚ ਵੱਸ, ਮਨੁੱਖ ਦੀ ਕੁਦਰਤ ਉੱਤੇ ਕਾਬਜ਼ ਹੋਣ ਦੀ ਲਾਲਸਾ ਹੀ, ਇਸ ਮਸਲੇ ਦੀ ਮੂਲ ਜੜ੍ਹ ਹੈ। ਵਾਤਾਵਰਣੀ ਸੱਮਸਿਆ ਦੇ ਕੁਝ ਕੁਦਰਤੀ ਕਾਰਕ ਵੀ ਹਨ ਜਿਵੇਂ ਕਿ ਜਵਾਲਾਮੁੱਖੀਆਂ ਦਾ ਫੱਟਣਾ, ਪੱਤਝੜ ਦਾ ਵਾਪਰਣਾ, ਹੜ੍ਹਾਂ ਤੇ ਭੁਚਾਲਾਂ ਦਾ ਆਉਣਾ। ਪਰ ਕੁਦਰਤ ਇਕ ਸੰਤੁਲਨ ਵਿਚ ਕੰਮ ਕਰਦੀ ਹੈ। ਅੱਜ ਨਜ਼ਰ ਆ ਰਹੀਆਂ ਵੱਡੇ ਪੈਮਾਨੇ ਦੀਆਂ ਵਾਤਾਵਰਣੀ ਤਬਦੀਲੀਆਂ ਅਤੇ ਵਿਸ਼ਵ-ਵਿਆਪੀ ਤਾਪਮਾਨ ਵਾਧੇ ਦੀਆਂ ਸਮੱਸਿਆਵਾਂ ਦਾ ਮੁੱਖ ਕਾਰਕ ਮਨੁੱਖੀ ਕ੍ਰਿਆਵਾਂ ਹੀ ਹਨ ਜੋ ਕੁਦਰਤੀ ਸੰਤੁਲਨ ਨੂੰ ਡਾਵਾਂਡੋਲ ਕਰਨ ਵਿਚ ਗੰਭੀਰ ਰੋਲ ਅਦਾ ਕਰ ਰਹੀਆਂ ਹਨ। ਇੰਝ ਵਿਗੜ ਰਹੇ ਵਾਤਾਵਰਣ ਦਾ ਸੱਭ ਤੋਂ ਵੱਡਾ ਦੋਸ਼ੀ ਤਾਂ ਮਨੁੱਖ ਆਪ ਹੀ ਹੈ। ਪਰ ઠਇਸ ਵਿਚ ਵੱਡਾ ਦੋਸ਼ ਉੱਨਤ ਦੇਸ਼ਾਂ ਵਿਖੇ ਕੀਤੇ ਗਏ/ਕੀਤੇ ਜਾ ਰਹੇ ਉਦਯੋਗਿਕ ਕਾਰਜਾਂ ਦਾ ਹੈ। ਉੱਨਤ ਦੇਸ਼ਾਂ ਦਾ ਪਦਾਰਥਵਾਦੀ ਨਜ਼ਰੀਆ ਖਾਸ ਕਰ ਚੀਜ਼ਾਂ ਦੀ ਰੀਸਾਇਕਲ (recycle) ਨੀਤੀ ਦੀ ਥਾਂ ”ਵਰਤੋਂ ਤੇ ਸੁੱਟ ਦਿਓ ਨੀਤੀ” ਦਾ ਬੋਲ-ਬਾਲਾ ਇਸ ਮਸਲੇ ਦੀ ਗੰਭੀਰਤਾ ਵਿਚ ਵਾਧਾ ਕਰਨ ਵਿਚ ਵੱਡਾ ਰੋਲ ਅਦਾ ਕਰ ਰਿਹਾ ਹੈ। ਵਿਕਾਸਸ਼ੀਲ ਦੇਸ਼ ਵੀ ਇਸ ਖੇਤਰ ਵੱਲ ਲੋਂੜੀਦਾ ਧਿਆਨ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਅਜੋਕੇ ਸਮੇਂ ਦੋਰਾਨ, ਉੱਨਤ ਅਤੇ ਵਿਕਾਸਸ਼ੀਲ ਦੇਸ਼ਾਂ ਦਾ ਇਸ ਮਸਲੇ ਵਿਚ ਦੋਸ਼-ਅਨੁਪਾਤ ਲਗਭਗ 65:35 ਨਜ਼ਰ ਆਉਂਦਾ ਹੈ।
ਮੀਨਾ ਸ਼ਰਮਾ: ਵਾਤਾਵਰਣਿਕ ਪ੍ਰਦੂਸ਼ਣ ਤੋਂ ਬਚਣ ਲਈ ਸਰਕਾਰੀ, ਨਿੱਜੀ ਅਤੇ ਗੈਰ-ਸਰਕਾਰੀ ਪੱਧਰ ਲਈ ਆਪ ਕੋਲ ਕਿਹੜੇ-ਕਿਹੜੇ ਉਪਾਓ ਅਤੇ ਸਮਾਧਾਨ ਹਨ?
ਡਾ. ਸਿੰਘ : ਵਾਤਾਵਰਣੀ ਪ੍ਰਦੂਸ਼ਣ ਤੋਂ ਬਚਣ ਲਈ ਭਾਰਤੀ ਸੰਵਿਧਾਨ ਵਿਚ ਉਚਿਤ ਪ੍ਰਬੰਧ ਮੌਜੂਦ ਹਨ। ਨਵੀਂ ਕਿਸਮ ਦੇ ਪ੍ਰਦੂਸ਼ਣਾਂ ਜਿਵੇਂ ਕਿ ਬਿਜਲ-ਚੁੰਬਕੀ ਪ੍ਰਦੂਸ਼ਣ ਆਦਿ ਲਈ ਸਮੇਂ ਦੀ ਲੋੜ ਅਨੁਸਾਰ ਨਵੇਂ ਕਾਨੂੰਨ ਬਣਾਉਣ ਦਾ ਪ੍ਰਬੰਧ ਵੀ ਹੈ ਅਤੇ ਅਜਿਹੇ ਕਾਨੂੰਨ ਬਣਾਏ ਵੀ ਜਾ ਰਹੇ ਹਨ। ਅਜੋਕੇ ਸਮੇਂ ਦੀ ਮੁੱਖ ਲੋੜ ਤਾਂ ਸਿਰਫ਼ ਇਹ ਹੈ ਕਿ ਇਨ੍ਹਾਂ ਕਾਨੂੰਨਾਂ/ਪ੍ਰਬੰਧਾਂ ਨੂੰ ਸਹੀ ਢੰਗ ਨਾਲ ਅਮਲ ਵਿਚ ਲਿਆਂਦਾ ਜਾਵੇ। ਸਰਕਾਰੀ ਪੱਧਰ ਉੱਤੇ ਅਜਿਹਾ ਕਰਨਾ ਸਹਿਜੇ ਹੀ ਸੰਭਵ ਹੈ। ਨਿੱਜੀ ਕੰਪਨੀਆਂ ਨੂੰ ਵੀ ਵਾਤਵਰਣ ਬਾਰੇ ਆਪਣੀ ઠਜ਼ੁੰਮੇਵਾਰੀ ਲਈ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਨੂੰ ਅਜਿਹੇ ਕਾਰਜਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ਜਾਂ ਅਜਿਹਾ ਹੋਣ ਦੀ ਸੰਭਾਵਨਾ ਹੈ। ਵਾਤਾਵਰਣੀ ਸੁਰੱਅਿਖਣ ਕਾਨੂੰਨ ਦੀ ਸਹੀ ਪਾਲਣਾ ਕਰਨੀ ਜਰੂਰੀ ਹੈ। ਗੈਰ-ਸਰਕਾਰੀ ਅਤੇ ਸਵੈ-ਸੇਵੀ ਸੰਸਥਾਵਾਂ ਆਪਣੇ ਪੱਧਰ ਉੱਤੇ ਅਜਿਹੇ ਕਾਰਜ ਜਿਵੇਂ ਕਿ ਰੁੱਖਾਂ ਦਾ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ ਸੰਭਾਲ, ਛੱਪੜਾਂ ਜਾਂ ਵੈੱਟਲੈਂਡਜ਼ ਦੀ ਸੰਭਾਲ, ਕੁਦਰਤ ਦੇ ਵਿਭਿੰਨ ਅੰਗਾਂ ਬਾਰੇ ਜਾਗਰੂਪਤਾ ਤੇ ਸੁਰੱਖਿਅਣ ਕਾਰਜ ਆਦਿ ਕਰਕੇ ਵਾਤਾਵਰਣਿਕ ਪ੍ਰਦੂਸ਼ਣ ਤੋਂ ਨਿਜਾਤ ਪਾਣ ਵਿਚ ਵੱਡੀ ਮਦਦ ਕਰ ਸਕਦੇ ਹਨ।
ਮੀਨਾ ਸ਼ਰਮਾ: ਪੰਜਾਬੀ ਸਾਹਿਤ ਵਿਚ ਮੌਜੂਦ ਵਾਤਾਵਰਣਿਕ ਸਰੋਕਾਰਾਂ ਦੇ ਸੰਦਰਭ ਵਿਚ ਹੋ ਰਹੇ ਖੋਜਾਂ ਦੇ ਵਰਨਣ ਬਾਰੇ ਤੁਹਾਡੇ ਕੀ ਵਿਚਾਰ ਹਨ?ਕੀ ਪੰਜਾਬੀ ਸਾਹਿਤ ਅਧਾਰਿਤ, ਵਾਤਾਵਰਣੀ ਪ੍ਰਸੰਗ ਵਿਚ ਖੋਜਾਂ ਸਦਕਾ, ਵਾਤਾਵਰਣ ਵਿਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਹੈਂ?ઠ
ਡਾ. ਸਿੰਘ : ਪੰਜਾਬੀ ਸਾਹਿਤ ਵਿਚ ਮੌਜੂਦ ਵਾਤਾਵਰਣਿਕ ਸਰੋਕਾਰਾਂ ਸੰਬੰਧੀ ਖੋਜ-ਕਾਰਜ, ਬਿਲਕੁਲ ਹੀ ਨਵਾਂ ਖੋਜ ਖੇਤਰ ਹੈ। ਅਜੋਕੇ ਸਮੇਂ ਦੇ ਕੁਝ ਕੁ ਨੌਜਵਾਨ ਖੋਜਕਾਰਾਂ ਨੇ ਅਜਿਹੇ ਸਰੋਕਾਰਾਂ ਦੀ ਸਮੀਖਿਆ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਇਹ ਚੰਗੀ ਗੱਲ ਹੈ ਕਿ ਭਿੰਨ-ਭਿੰਨ ਯੂਨੀਵਰਸਿਟੀਆਂ ਦੇ ਅਧਿਆਪਕ ਸਾਹਿਬਾਨ ਅਤੇ ਰੀਸਰਚ-ਗਾਈਡ ਇਸ ਖੇਤਰ ਵਿਚ ਖੋਜ ਕਾਰਜਾਂ ਨੂੰ ਉਤਸ਼ਾਹ ਦੇ ਰਹੇ ਹਨ। ਸਮੇਂ ਨਾਲ ਅਜਿਹੀਆਂ ਖੋਜਾਂ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਦੀ ਆਸ ਹੈ। ਪੰਜਾਬੀ ਸਾਹਿਤ ਵਿਚ ਅਜਿਹੀਆਂ ਖੋਜਾਂ ਸਦਕਾ, ਵਾਤਵਰਣ ਦੀ ਅਹਿਮੀਅਤ, ਇਸ ਦੀ ਸਾਂਭ-ਸੰਭਾਲ ਦੀਆਂ ਲੋੜਾਂ ਤੇ ਢੰਗ, ਇਸ ਸੰਬੰਧਤ ਮਸਲੇ ਤੇ ਉਨ੍ਹਾਂ ਦੇ ਹੱਲ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਨਾ ਸਿਰਫ਼ ਜਨ-ਸਾਧਰਣ ਤਕ ਪਹੁੰਚਾਣ ਵਿਚ ਸਫਲਤਾ ਮਿਲੇਗੀ ਉੱਥੇ ਸਰਕਾਰ ਨੂੰ ਵੀ ਵਾਤਾਵਰਣ ਸੰਬੰਧਤ ਆਪਣੀਆਂ ਨੀਤੀਆਂ ਘੜ੍ਹਣ ਵਿਚ ਮਦਦ ਮਿਲਣ ਦੇ ਆਸਾਰ ਹਨ।
ਮੀਨਾ ਸ਼ਰਮਾ: ਜਿਵੇਂ ਕਿ ਪਹਿਲਾਂ ਚਰਚਾ ਹੋ ਚੁੱਕੀ ਹੈ ਕਿ ਪੰਜਾਬੀ ਸਾਹਿਤ ਵਿਚ ਵਾਤਾਵਰਣ ਨਾਲ ਸੰਬੰਧਤ ਅੰਤਰ-ਵਿਸ਼ਅਕ ਖੋਜ ਦਾ ਆਰੰਭ ਹੋ ਚੁੱਕਿਆ ਹੈ। ਆਪ ਮਾਰਗ ਦਰਸ਼ਨ ਕਰੋ ਕਿ ਖੋਜ ਦੇ ਇਸ ਨਵੇਂ ਉੱਭਰੇ ਪੰਧ ਉਪਰ ਖੋਜਾਰਥੀ ਵਿਸ਼ੇ ਦੇ ਅਧਿਐਨ ਤੇ ਵਿਸ਼ਲੇਸ਼ਣ ਲਈ ਕਿਹੜੀ-ਕਿਹੜੀ ਵਿਧੀ ਅਤੇ ਪਹੁੰਚ ਦਾ ਆਸਰਾ ਲੈ ਸਕਦੇ ਹਨ? ਹੋਰ ਕਿਹੜੇ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ?
ਡਾ. ਸਿੰਘ : ਕਿਉਂ ਕਿ ਵਾਤਵਾਰਣੀ ਵਿਸ਼ਾ ਬਹੁ-ਵਿਸ਼ਅਕ (multidisciplinary) ਖੋਜ ਖੇਤਰ ਹੈ। ਇਸ ਲਈ ਇਹ ਸੁਭਾਵਿਕ ਹੀ ਹੈ ਕਿ ਇਸ ਵਿਸ਼ੇ ਦੇ ਅਧਿਐਨ ਤੇ ਵਿਸ਼ਲੇਸ਼ਣ ਲਈ ਖੋਜੀ ਦਾ ਬਹੁ-ਵਿਸ਼ਅਕ ਗਿਆਨਵਾਨ ਹੋਣਾ ਲਾਜ਼ਮੀ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਸਾਹਿਤ ਵਿਚ ਵਾਤਾਵਰਣ ਨਾਲ ਸੰਬੰਧਤ ਅੰਤਰ-ਵਿਸ਼ਅਕ (interdisciplinary) ਖੋਜ ਦਾ ਆਰੰਭ ਹੋ ਚੁੱਕਾ ਹੈ। ਖੋਜ ਦੇ ਇਸ ਨਵੇਂ ਖੇਤਰ ਵਿਚ ਖੋਜਾਕਾਰਾਂ ਨੂੰ ਵਿਸ਼ੇ ਦੇ ਅਧਿਐਨ ਤੇ ਵਿਸ਼ਲੇਸ਼ਣ ਲਈ, ਜਿਥੇ ਸਾਹਿਤਕ ਖੋਜ ਵਿਧੀਆਂ ਦਾ ਸਹੀ ਅਨੁਸਰਣ ਤਾਂ ਕਰਨਾ ਹੀ ਹੈ, ਉਥੇ ਉਨ੍ਹਾਂ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਵਿਭਿੰਨ ਵਿਸ਼ਿਆਂ ਸੰਬੰਧਤ ਜਾਣਕਾਰੀ ਸਹੀ ਰੂਪ ਵਿਚ ਬਿਆਨੀ ਜਾਵੇ। ਅਜਿਹੇ ਵਿਸਥਾਰ ਵਿਚ ਵਿਗਿਅਨਕ ਤੱਥਾਂ ਦੀ ਸ਼ੁਧੱਤਾ ਅਤੇ ਨਵੀਨਤਾ ਦਾ ਖ਼ਾਸ ਖਿਆਲ ਰੱਖਿਆ ਜਾਵੇ। ਵਾਤਵਾਰਣ ਵਿਗਿਆਨ ਇਕ ਅਜਿਹਾ ਖੇਤਰ ਹੈ ਜਿਸ ਵਿਚ ਵਿਭਿੰਨ ਵਰਤਾਰਿਆ ਬਾਰੇ ਵਿਗਿਆਨਕ ਖੋਜ ਲਗਾਤਾਰ ਜਾਰੀ ਹੈ ਅਤੇ ਅਜਿਹੇ ਵਰਤਾਰਿਆਂ ਸੰਬੰਧਤ ਅੰਕੜਿਆਂ ਵਿਚ ਲਗਾਤਾਰ ਤਬਦੀਲੀ ਰਿਕਾਰਡ ਕੀਤੀ ਜਾ ਰਹੀ ਹੈ। ਵਾਤਾਵਰਣ ਸੰਬੰਧਤ ਪੰਜਾਬੀ ਸਾਹਿਤ ਵਿਚ ਆਪਣੇ ਅਧਿਐਨ ਤੇ ਵਿਸ਼ਲੇਸ਼ਣ ਕਾਰਜਾਂ ਪਿੱਛੋਂ ਪ੍ਰਾਪਤ ਨਤੀਜਿਆਂ ਨੂੰ ਬਿਆਨ ਕਰਦੇ ਸਮੇਂ ਖੋਜੀਆਂ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਉਨ੍ਹਾਂ ਦੁਆਰਾ ਦਰਸਾਏ ਜਾ ਰਹੇ ਤੱਤ, ਵਾਤਾਵਰਣੀ ਖੇਤਰ ਦੇ ਮੌਜੂਦਾ ਗਿਆਨ ਪੱਧਰ/ਤੱਥਾਂ ਦੀ ਰੌਸ਼ਨੀ ਵਿਚ ਪੁਸ਼ਟੀਯੋਗ ਹੋਣ।
ਮੀਨਾ ਸ਼ਰਮਾ: ਆਪ ਦੇ ਵਿਚਾਰ ਅਨੁਸਾਰ ਇੱਕੀਵੀਂ ਸਦੀ ਦੇ ਪੰਜਾਬੀ ਸਾਹਿਤ ਵਿਚ ਨਿਬੰਧ ਅਤੇ ਗਲਪ ਦੇ ਪ੍ਰਮੁੱਖ ਝੁਕਾਅ (ਵਿਸ਼ੇ ਪੱਖੋਂ) ਕਿਹੜੇ ਕਿਹੜੇ ਹਨ? ਕ੍ਰਿਪਾ ਕਰ ਕੇ ਵਿਸਥਾਰ ਨਾਲ ਸਮਝਾਓ।
ਡਾ. ਸਿੰਘ : ਮੇਰੇ ਵਿਚਾਰ ਅਨੁਸਾਰ ਇੱਕੀਵੀਂ ਸਦੀ ਦੇ ਪੰਜਾਬੀ ਸਾਹਿਤ ਵਿਚ ਨਿਬੰਧਾਂ ਦੇ ਵਿਸ਼ਿਆਂ ਵਿਚ ਵਿਗਿਆਨਕ, ਵਾਤਾਵਰਣੀ, ਤਕਨੀਕੀ, ઠਕੰਪਿਊਟਰ, ਬਾਇਓਟੈਕਨਾਲੋਜੀ, ਪੁਲਾੜ ਵਿਗਿਆਨ, ਸਿਹਤ-ਸੰਭਾਲ ਅਤੇ ਖੇਤੀਬਾੜੀ ਸੰਬੰਧਤ ਵਿਸ਼ਿਆਂ ਦੀ ਭਰਮਾਰ ਹੈ। ਪਰ ਇਸ ਦੇ ਨਾਲ ਨਾਲ ਧਾਰਮਿਕ, ਰਾਜਨੀਤਕ, ਸਮਾਜਿਕ, ਇਤਹਾਸਿਕ, ਸਭਿਆਚਾਰਕ ਤੇ ਫੈਸ਼ਨ ਆਦਿ ਵਿਸ਼ਿਆਂ ਬਾਰੇ ਨਿਬੰਧਾਂ ਦੀ ਵੀ ਘਾਟ ਨਹੀਂ ਹੈ। ਪੰਜਾਬੀ ਗਲਪ ਰਚਨਾਵਾਂ ਵਿਚ, ਕਹਾਣੀਆਂ ਤੇ ਨਾਵਲਾਂ ਵਿਚ ਅਜੇ ਵੀ ਸਮਾਜਿਕ, ਧਾਰਮਿਕ ਤੇ ਰਾਜਨੀਤਕ ਵਰਤਾਰਿਆਂ ਦਾ ਬੋਲਬਾਲਾ ਹੈ। ਕਿਧਰੇ ਕਿਧਰੇ ਇਤਹਾਸਿਕ ਵਿਸ਼ਿਆਂ ਅਧਾਰਿਤ ਨਾਵਲ ਵੀ ਨਜ਼ਰ ਪੈਂਦੇ ਹਨ। ਕਵਿਤਾਵਾਂ ਤੇ ਗੀਤਾਂ ਦੀ ਵਿਧਾ ਵਿਚ ਧਾਰਮਿਕ, ਸਮਾਜਿਕ, ਅਤੇ ਰਾਜਨੀਤਕ ਮੁੱਦੇ ਚਰਚਾ ਵਿਚ ਹਨ। ਗੀਤਾਂ ਦਾ ਵੱਡਾ ਹਿੱਸਾ ਲਿੰਗਕ ਰੁਚੀਆਂ ਤੇ ਹਿੰਸਾ ਦੇ ਉਭਾਰ ਵਿਚ ਡੁੱਬਿਆ ਹੋਇਆ ਹੈ। ਕਵਿਤਾਵਾਂ ਦਾ ਵੱਡਾ ਹਿੱਸਾ ਅਜੇ ਵੀ ਮੁਹੱਬਤ ਤੇ ਰੁਸਵਾਈ ਗਿਰਦ ਹੀ ਚੱਕਰ ਲਗਾ ਰਿਹਾ ਹੈ। ਹਾਂ! ਕਿਧਰੇ ਕਿਧਰੇ ਦੇਸ਼ ਭਗਤੀ ਤੇ ਇਨਕਲਾਬੀ ਜੋਸ਼ ਵਾਲੀ ਕਵਿਤਾ ਵੀ ਨਜ਼ਰ ਪੈਂਦੀ ਹੈ। ਪੰਜਾਬੀ ਗਜ਼ਲ ਵੀ ਹੋਲੇ ਹੋਲੇ ਸਾਹ ਭਰ ਰਹੀ ਹੈ। ਪੰਜਾਬੀ ਦੋਹੇ, ਟੱਪੇ, ਬੋਲੀਆਂ ਵਿਚ ਨਵੇਂਪਣ ਦਾ ਇੰਤਜ਼ਾਰ ਹੈ। ਮਿੰਨੀ ਕਹਾਣੀ ਤੇ ਹਾਇਕੂ ਰਚਨਾਵਾਂ ਵੀ ਵਿਕਾਸ ਦੇ ਰਾਹ ਚਲ ਰਹੀਆਂ ਹਨ। ਸਫਰਨਾਮਾ ਅਤੇ ਸਵੈਜੀਵਨੀ/ਜੀਵਨੀ ਰਚਨਾ ਕਾਰਜਾਂ ਦਾ ਵੀ ਪ੍ਰਚਲਣ ਵਧਿਆ ਹੈ। ਪਰ ਪੰਜਾਬੀ ਵਿਚ ਨਾਟਕ ਰਚਨਾ ਕਾਰਜਾਂ ਅਤੇ ਵਿਗਿਆਨ ਗਲਪ ਕਹਾਣੀਆਂ ਦੀ ਵੱਡੀ ਘਾਟ ਹੈ। ਵਿਗਿਆਨ ਗਲਪ ਅਧਾਰਿਤ ਨਾਵਲ ਤਾਂ ਕਿਧਰੇ ਨਜ਼ਰ ਹੀ ਨਹੀਂ ਆਉਂਦੇ। ਵਿਗਿਆਨ ਗਲਪ ਅਧਾਰਿਤ ਪੰਜਾਬੀ ਫਿਲਮਾਂ ਅਜੇ ਬਣਨੀਆਂ ਆਰੰਭ ਹੀ ਨਹੀਂ ਹੋਈਆਂ। ਵਿਗਿਆਨ ਤੇ ਵਾਤਾਵਰਣੀ ਵਿਸ਼ਿਆਂ ਅਧਾਰਿਤ ਟੈਲੀਵਿਯਨ ਸੀਰੀਅਲ ਤੇ ਡਕੂਮੈਂਟਰੀਜ਼ ਦੀ ਘਾਟ ਰੜਕਦੀ ਹੈ।
ਮੀਨਾ ਸ਼ਰਮਾ : ਆਪ ਦੇ ਸਮਕਾਲੀ ਵਾਤਾਵਰਣੀ ਪੰਜਾਬੀ ਲੇਖਕਾਂ ਵਿਚੋਂ ਆਪ ਕਿਸ ਕਿਸ ਦੀ ਕਿਹੜੀ ਵਿਸ਼ੇਸ਼ਤਾ ਤੋਂ ਪ੍ਰਭਾਵਿਤ ਹੋ?
ਡਾ. ਸਿੰਘ: ਸਮਕਾਲੀ ਵਾਤਾਵਰਣੀ ਪੰਜਾਬੀ ਲੇਖਕਾਂ ਵਿਚ ਡਾ. ਵਿਦਵਾਨ ਸਿੰਘ ਸੋਨੀ, ਡਾ.ਕੁਲਦੀਪ ਸਿੰਘ ਧੀਰ, ਡਾ.ਫਕੀਰ ਚੰਦ ਸ਼ੁਕਲਾ, ਡਾ. ਸੁਰਜੀਤ ਸਿੰਘ ਢਿੱਲੋਂ, ਡਾ.ਹਰਦੇਵ ਸਿੰਘ ਵਿਰਕ, ਡਾ.ਮਲਕੀਅਤ ਸਿੰਘ ਸੈਣੀ, ਡਾ. ਜਗਬੀਰ ਸਿੰਘ, ਡਾ.ਮਨਜੀਤ ਇੰਦਰ ਸਿੰਘ ਸੱਗੂ, ਡਾ. ਦੇਵਿੰਦਰ ਸਿੰਘ, ਡਾ.ਸਤਨਾਮ ਸਿੰਘ ਲੱਧੜ, ਡਾ.ਗੁਲਜੀਤ ਸਿੰਘ ਚੱਠਾ, ਡਾ.ਜਤਿੰਦਰ ਪਾਲ ਸਿੰਘ, ਡਾ.ਭੂਪਿੰਦਰ ਸਿੰਘ ਵਿਰਕ, ਡਾ.ਚਰਨਜੀਤ ਸਿੰਘ ਨਾਭਾ, ਡਾ ਪੁਸ਼ਪਿੰਦਰ ਜੈ ਰੂਪ, ਡਾ ਅਰਸ਼ ਰੂਪ ਸਿੰਘ, ਡਾ.ਸੁਰਿੰਦਰ ਕੁਮਾਰ ਜਿੰਦਲ, ਡਾ.ਸੀ.ਪੀ. ਕੰਬੋਜ, ਨਿਰਮਲ ਜੌੜਾ, ਜਸਬੀਰ ਸਿੰਘ ਭੁੱਲਰ, ਰੂਪ ਢਿੱਲੋ ਲੰਡਨ, ਸੰਜੀਵਨ ਸਿੰਘ ਡੱਡਵਾਲ, ਮੇਘਰਾਜ ਮਿੱਤਰ, ਅਜਮੇਰ ਸਿੱਧੂ, ਨਵਾਬ ਫੈਸਲ ਖਾਨ, ਜਸਵੀਰ ਸਿੰਘ ਦੀਦਾਰਗੜ੍ਹ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੇਕ ਵਿਗਿਆਨੀਆਂ ઠਦਾ ਯੋਗਦਾਨ ਪ੍ਰਸੰਸਾ ਯੋਗ ਹੈ। ਸਾਰੇ ਵਿਦਵਾਨ ਹੀ ਵਧੀਆ ਕੰਮ ਕਰ ਰਹੇ ਹਨ। ਇਨ੍ਹਾਂ ਦਾ ਬਹੁਤਾ ਕੰਮ ਨਿਬੰਧ ਲੇਖਣ ਵਿਧੀ ਵਿਚ ਹੀ ਹੈ। ਬਾਲ ਸਾਹਿਤ ਵਿਚ, ਕਹਾਣੀ ਦੀ ਵਿਧਾ ਰਾਹੀਂ, ਵਾਤਾਵਰਣੀ ਸਰੋਕਾਰਾਂ ਦੇ ਵਰਨਣ ਲਈ ਡਾ. ਫਕੀਰ ਚੰਦ ਸ਼ੁਕਲਾ, ਜਸਬੀਰ ਸਿੰਘ ਭੁੱਲਰ, ਅਤੇ ਜਸਵੀਰ ਸਿੰਘ ਦੀਦਾਰਗੜ੍ਹ ਵਿਸ਼ੇਸ਼ ਪ੍ਰਸੰਸਾ ਦੇ ਪਾਤਰ ਹਨ। ਡਾ. ਫ਼ਕੀਰ ਚੰਦ ਸ਼ੁਕਲਾ ਨੇ ਤਾਂ ਬਾਲਾਂ ਲਈ ਵਾਤਾਵਰਣੀ ਨਾਟਕਾਂ ਦੀ ਰਚਨਾ ਕਰਣ ਦੇ ਨਾਲ ਨਾਲ ਬਾਲਾਂ ਨੂੰ ਅਜਿਹੇ ਨਾਟਕ ਖੇਡਣ/ਖਿਡਾਉਣ ਵਿਚ ਵੀ ਯੋਗਦਾਨ ਪਾਇਆ ਹੈ, ਜੋ ਬਹੁਤ ਹੀ ਵਧੀਆ ਉੱਦਮ ਹੈ।
ਮੀਨਾ ਸ਼ਰਮਾ : ਵੀਹਵੀਂ ਸਦੀ ਦੇ ਵਾਤਾਵਰਣੀ ਸੰਕਟ ਅਤੇ ਇੱਕੀਵੀਂ ਸਦੀ ਦੀ ਵਾਤਾਵਰਣਿਕ ਸਥਿਤੀ ਵਿਚ ਤੁਸੀਂ ਕਿਹੜੇ ਕਿਹੜੇ ਪਰਿਵਰਤਨ ਨੋਟ ਕੀਤੇ ਹਨ?
ਡਾ. ਸਿੰਘ : ਵਾਤਾਵਰਣੀ ਸੰਕਟ ਦੀ ਗੰਭੀਰਤਾ ਬਾਰੇ ਮਨੁੱਖੀ ਚੇਤੰਨਤਾ ਦਾ ਆਰੰਭ ਬੀਹਵੀਂ ਸਦੀ ਦੇ ਦੂਸਰੇ ਅੱਧ ਵਿਚ ਹੀ ਹੋਇਆ। ਇਸ ਚੇਤੰਨਤਾ ਨੂੰ ਵਧੇਰੇ ਤੀਬਰਤਾ ਉਦੋਂ ਪ੍ਰਾਪਤ ਹੋਈ ਜਦ ਸੰਨ 1992 ਵਿਚ ਸੰਯੁਕਤ ਰਾਸ਼ਟਰ ਸੰਘ ਦੁਆਰਾ ਆਯੋਜਿਤ ”ਜਲਵਾਯੂ ਤਬਦੀਲੀ ਸੰਮੇਲਨ” ਦੌਰਾਨ ਵਿਗਿਆਨੀਆਂ ਨੇ ਦੱਸ ਪਾਈ ਕਿ ਮਨੁੱਖੀ ਕ੍ਰਿਆਵਾਂ ਕਾਰਨ ਧਰਤੀ ਦੇ ਵਾਯੂਮੰਡਲ ਵਿਚ ਕਾਰਬਨ ਡਾਇਆਕਸਾਈਡ ਗੈਸ ਦੀ ਮਾਤਰਾ ਵੱਧ ਗਈ ਹੈ। ਜਿਸ ਦੇ ਫਲਸਰੂਪ ਵਿਸ਼ਵ-ਵਿਆਪੀ ਤਾਪਮਾਨ ਵਾਧਾ ਵਾਪਰਣਾ ਸੂਰੂ ਹੋ ਗਿਆ ਹੈ। ਦਸੰਬਰ 1997 ਵਿਚ ઠਜਾਪਾਨ ਦੇ ਸ਼ਹਿਰ ਕਿਓਟੋ ਵਿਖੇ, ਹਾਜ਼ਿਰ ਦੇਸ਼ਾਂ ਵਲੋ ਕਿਓਟੋ ਪ੍ਰੋਟੋਕੋਲ ਦੀ ਸਥਾਪਨਾ ਕੀਤੀ ਗਈ। ਇਸ ਪ੍ਰੋਟੋਕੋਲ ਵਿਚ ਵਿਸ਼ਵ ਵਿਆਪੀ ਤਾਪਮਾਨ ਵਾਧੇ ਨੂੰ ਰੋਕਣ ਲਈ ਵਾਯੂਮੰਡਲ ਵਿਚ ਗਰੀਨ ਹਾਊਸ ਗੈਸਾਂ ਦੀ ਮਿਕਦਾਰ ਘੱਟ ਕਰਨ ਦਾ ਵਿਧਾਨ ਕਾਇਮ ਕੀਤਾ ਗਿਆ। ਇਹ ਪ੍ਰੋਟੋਕੋਲ ਫਰਵਰੀ 2005 ਤੋਂ ਵਿਸ਼ਵ ਭਰ ਵਿਚ ਲਾਗੂ ਕਰਨ ਲਈ ਪ੍ਰਵਾਨ ਕੀਤਾ ਗਿਆ। ਇਸ ਪ੍ਰੋਟੋਕੋਲ ਨੂੰ ਆਪੋ ਆਪਣੇ ਦੇਸ਼ਾਂ ਵਿਚ ਲਾਗੂ ਕਰਨ ਲਈ ਹੁਣ ਤਕ 192 ਦੇਸ ਸਹਿਮਤੀ ਦੇ ਚੁੱਕੇ ਹਨ। ਇਸ ਪ੍ਰੋਟੋਕੋਲ ਦੀ ਵਚਨਬੱਧਤਾ ਦਾ ਸਮਾਂ ਸੰਨ 2008 ਤੋਂ 2012 ਤੱਕ ਦਾ ਸੀ। ਦਸੰਬਰ 2012 ਵਿਚ ਕਤਰ ਦੇਸ਼ ਦੇ ਸ਼ਹਿਰ ਦੋਹਾ ਵਿਖੇ ਇਸ ਪ੍ਰੋਟੋਕੋਲ ਵਿਚ ਸੋਧ ਕੀਤੀ ਗਈ ਜਿਸ ਅਨੁਸਾਰ ਗਰੀਨ ਹਾਊਸ ਗੈਸਾਂ ਨੂੰ ਮਿਥੇ ਪੱਧਰ ਤਕ ਸੰਨ 2020 ਤਕ ਘੱਟ ਕਰਨ ਦਾ ਵਿਧਾਨ ਨਿਯਤ ਕੀਤਾ ਗਿਆ ਹੈ। ਜੁਲਾਈ 2019 ਤਕ 130 ਦੇਸ਼ ਇਸ ਸੋਧ ਨੂੰ ਪ੍ਰਵਾਨਗੀ ਦੇ ਚੁੱਕੇ ਹਨ। ਦਸੰਬਰ 2015 ਵਿਚ ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਕੀਤੇ ਗਏ ”ਜਲਵਾਯੂ ਤਬਦੀਲੀ ਸੰਮੇਲਨ” ਵਿਚ ਧਰਤੀ ਦੇ ਵਾਯੂਮੰਡਲ ਵਿਚ ਹੋ ਰਹੇ ਵਿਸ਼ਵ ਵਿਆਪੀ ਤਾਪਮਾਨ ਵਾਧੇ ਨੂੰ 1.5 ਦਰਜਾ ਸੈਲਸੀਅਸ ਤਕ ਸੀਮਿਤ ਕਰਨ ਲਈ ਯੋਗ ਯਤਨ ਕਰਨ ਦਾ ਫੈਸਲਾ ਕੀਤਾ ਗਿਆ। ઠਮਾਰਚ 2019 ਤਕ 195 ਮੈਂਬਰ ਦੇਸ਼ਾਂ ਨੇ ਅਜਿਹਾ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਦੇਸ਼-ਵਿਦੇਸ਼ ਵਿਚ ਗਰੀਨ ਹਾਊਸ ਗੈਸਾਂ ਦੀ ਵਾਯੂਮੰਡਲ ਵਿਚ ਛੱਡੀ ਜਾ ਰਹੀ ਮਿਕਦਾਰ ਨੂੰ ਘੱਟ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਇੰਜ ਬੀਹਵੀਂ ਸਦੀ ਦੌਰਾਨ ਮਨੁੱਖ ਵਾਤਾਵਰਣੀ ਮਸਲਿਆਂ ਦੀ ਗੰਭੀਰਤਾ ਬਾਰੇ ਚੇਤੰਨ ਹੋਇਆ ਸੀ ਅਤੇ ਇਨ੍ਹਾਂ ਬਾਰੇ ਸੁਯੋਗ ਯਤਨਾਂ ਦਾ ਆਰੰਭ ਵੀ ਉਸ ਨੇ ਬੀਹਵੀਂ ਸਦੀ ਦੇ ਆਖ਼ਰਲੇ ਦਹਾਕੇ ਦੌਰਾਨ ਹੀ ਕਰ ਲਿਆ। ਇੱਕੀਵੀਂ ਸਦੀ ਵਾਤਵਾਵਰਣੀ ਮਸਲਿਆਂ ਦੇ ਹੱਲਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਹੈ ਅਤੇ ਅਜਿਹਾ ਹੋ ਵੀ ਰਿਹਾ ਹੈ। ਜੋ ਬਹੁਤ ਹੀ ਆਸ਼ਵਾਦੀ ਸਥਿਤੀ ਦਾ ਪ੍ਰਤੀਕ ਹੈ। ਆਸ ਹੈ ਮਨੁੱਖ ਇਸ ਸਦੀ ਦੌਰਾਨ ਵਾਤਾਵਰਣੀ ਮਸਲਿਆਂ ਨੂੰ ਸੁਲਝਾ ਸਕਣ ਵਿਚ ਕਾਮਯਾਬੀ ਪ੍ਰਾਪਤ ਕਰ ਲਵੇਗਾ।ઠ
ਮੀਨਾ ਸ਼ਰਮਾ: ਵਾਤਾਵਰਣ ਨੂੰ ਪ੍ਰਦੂਸ਼ਣ-ਮੁਕਤ ਤੇ ਸੁਖਾਵਾਂ ਬਣਾਉਣ ਲਈ ਆਪ ਪੰਜਾਬੀ ਸਾਹਿਤ ਦਾ ਕੀ ਯੋਗਦਾਨ ਮੰਨਦੇ ਹੋ?ઠ
ਡਾ. ਸਿੰਘ : ਪੰਜਾਬੀ ਸਾਹਿਤ ਇਕ ਮਾਧਿਅਮ ਹੈ ਜਿਸ ਦੀਆਂ ਵਿਭਿੰਨ ਵਿਧਾਵਾਂ ਦੀ ਵਰਤੋਂ ਨਾਲ ਅਸੀਂ ਵਾਤਾਵਰਣ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਪੰਜਾਬੀ ਸਾਹਿਤ ਰਾਹੀਂ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਗੀਤਾਂ, ਕਵਿਤਾਵਾਂ, ਕਹਾਣੀਆਂ, ਨਾਟਕਾਂ, ਨਾਵਲਾਂ ਤੇ ਨਿਬੰਧਾਂ ਆਦਿ ਦੁਆਰਾ ਜਨ-ਸਾਧਾਰਣ ਤਕ ਪਹੁੰਚਾਣ ਦੇ ਨਾਲ ਨਾਲ ਬੱਚਿਆਂ ਤਕ ਵੀ ਸਹਿਜੇ ਹੀ ਪਹੁੰਚਾਇਆ ਜਾ ਸਕਦਾ ਹੈ। ਅਜਿਹਾ ਕਾਫੀ ਹੱਦ ਤੱਕ ਹੋ ਵੀ ਰਿਹਾ ਹੈ। ਪੰਜਾਬ ਦੀ ਰੂਹ ਬਾਬੇ ਨਾਨਕ ਨੇ ਆਪਣੀ ਬਾਣੀ ਰਾਹੀਂ ਕੁਦਰਤ ਨਾਲ ਪ੍ਰੇਮ ਤੇ ਸੁਰਮੇਲਤਾ ਦਾ ਸੁਨੇਹਾ ਤਾਂ ਸਦੀਆਂ ਪਹਿਲੋਂ ਹੀ ਦੇ ਦਿੱਤਾ ਸੀ, ਜੋ ਪੰਜਾਬੀ ਸਾਹਿਤ ਦਾ ਮਾਣਯੋਗ ਵਿਰਸਾ ਵੀ ਹੈ। ਪਰ ਅਸੀਂ ਤਾਂ ਉਸ ਸੱਭ ਨੂੰ ਤੋਤਾ ਰੱਟਣੀ ਦਾ ਸਾਧਨ ਬਣਾ ਲਿਆ। ਉਸ ਸੁਨੇਹੇ ਨੂੰ ਅੱਜ ਤਕ ਅਮਲ ਦਾ ਰੂਪ ਨਾ ਦੇ ਸਕੇ। ਨਹੀਂ ਤਾਂ ਪੰਜਾਬ ਵਿਚੋਂ ਜੰਗਲਾਂ ਦਾ ਖਾਤਮਾ, ਜੰਗਲੀ ਜੀਵਾਂ ਦਾ ਖਾਤਮਾ, ਪੰਛੀਆਂ ਦੇ ਰੈਣ-ਬਸੇਰਿਆਂ ਦਾ ਖਾਤਮਾ, ਪਰਪਰਾਗਣ ਕਰਨ ਵਾਲੇ ਕੀਟਾਂ ਦਾ ਖਾਤਮਾ, ਜ਼ਮੀਨ ਹੇਠਲੇ ਜਲ-ਭੰਡਾਰਾਂ ਦਾ ਖਾਤਮਾ, ਨਦੀਆਂ-ਨਾਲਿਆਂ ਦਾ ਪਲੀਤ ਹੋ ਜਾਣਾ ਆਦਿ ਨਾ ਵਾਪਰਦਾ। ਪ੍ਰਤੱਖ ਹੀ ਹੈ ਕਿ ਅਜਿਹਾ ਪੰਜਾਬੀ ਸਾਹਿਤ ਦੀ ਕਿਸੇ ਘਾਟ ਕਰ ਕੇ ਨਹੀਂ ਸਗੋਂ ਅਜੋਕੇ ਯੁੱਗ ਵਿਚ ਮਨੁੱਖ ਦੀ ਪਦਾਰਥਵਾਦੀ ਸੋਚ ਅਤੇ ਵਧੇਰੇ ਤੋਂ ਵਧੇਰੇ ਲਾਭ ਪ੍ਰਾਪਤੀ ਦੇ ਲਾਲਚ ਕਾਰਣ ਵਾਪਰਿਆ ਹੈ। ਕਿਤਾਬੀ ਕਲਚਰ (ਸਾਹਿਤ ਪ੍ਰੇਮ, ਗਿਆਨ ਦੇ ਸਰੋਤਾਂ ਪ੍ਰਤੀ ਲਗਾਉ) ਦੀ ਘਾਟ ਕਾਰਣ ਵਾਪਰਿਆ ਹੈ। ਅੱਜ ਪੰਜਾਬੀਆਂ ਨੂੰ ਚੰਗੀ ਸੇਧ ਪ੍ਰਾਪਤੀ ਲਈ ਮੁੜ ਸਾਹਿਤ ਨਾਲ ਜੁੜਣ ਦੀ ਲੋੜ ਹੈ। ਕਿਤਾਬ ਪੜ੍ਹਨ-ਪੜ੍ਹਾਉਣ ਦਾ ਸੱਭਿਆਚਾਰ ਵਿਕਿਸਤ ਕਰਨ ਦੀ ਲੋੜ ਹੈ। ਵੇਦਾਂ ਅਤੇ ਗ੍ਰੰਥਾਂ ਦੀ ਜਨਮਦਾਤੀ ਪੰਜਾਬ ਦੀ ਧਰਤੀ ਅਤੇ ਇਸ ਦੇ ਜਾਏ, ਸਾਹਿਤ ਤੋਂ ਟੁੱਟ ਕੇ ਕਿਵੇਂ ਖੁਸ਼ਹਾਲ ਜੀਵਣ ਜੀ ਸਕਦੇ ਹਨ? ਸਪਸ਼ਟ ਹੈ ਕਿ ਪੰਜਾਬੀਆਂ ਨੂੰ ਸੁਚੱਜੀ ਜੀਵਨ ਜਾਚ ਸੰਬੰਧੀ ਲੋੜੀਂਦੀ ਸੇਧ ਪ੍ਰਾਪਤੀ ਲਈ ਆਪਣੇ ਮਨਾਂ ਅੰਦਰ ਸਾਹਿਤ ਪ੍ਰੇਮ ਦੀ ਜੋਤ ਜਗਾਉਣੀ ਹੀ ਹੋਵੇਗੀ।
(ਚਲਦਾ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …