ਅਮਰਜੀਤ ਢਿੱਲੋਂ ਵਿਨੀਪੈਗ
431 374 6646
‘ ਬਿਰਖਹਿ ਹੇਠ ਸਭ ਜੰਤ ਇਕਠੇ , ਇਕ ਤੱਤੇ ਇਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉਠ ਚੱਠੇ , ਜਿਉਂ ਜਿਉਂ ਅਉਧ ਵਿਹਾਣੀਆਂ—ਗੁਰਬਾਣੀ ਦੇ ਇਸ ਸ਼ਬਦ ਦਾ ਭਾਵ ਕਿ ਇਹ ਦੁਨੀਆ ਇਕ ਬਿਰਖ ਦੀ ਨਿਆਈਂ ਹੈ। ਇਸ ਉਤੇ ਭਾਂਤ ਭਾਂਤ ਦੇ ਪੰਛੀ , ਕਈ ਤਰ੍ਹਾਂ ਦੇ ਜੰਤ ( ਭਾਵ ਅਸੀਂ ਮਨੁੱਖ) ਰਹਿੰਦੇ ਹਨ। ਕਈ ਗਰਮ ਬੋਲੀ ਤੇ ਕਈ ਮਿੱਠੀ ਬੋਲੀ ਬੋਲਦੇ ਹਨ। ਉਦੋਤ ( ਸੂਰਜ) ਛਿਪਦਿਆਂ ਹੀ ਸਾਰੇ ਆਪੋ ਆਪਣੇ ਟਿਕਾਣੇ ਤੇ ਚਲੇ ਜਾਂਦੇ ਹਨ ਭਾਵ ਇਹ ਕਿ ਜਦ ਜ਼ਿੰਦਗੀ ਦਾ ਸੂਰਜ ਅਸਤ ਹੁੰਦਾ ਹੈ , ਉਮਰ ਬੀਤਣ ਨਾਲ ਆਦਮੀ ਦੀ ਮੌਤ ਹੋ ਜਾਂਦੀ ਹੈ। ‘ ਵਿਗਿਆਨ ਅਨੁਸਾਰ ਅਸਲ ਵਿਚ ਜਦੋਂ ਆਦਮੀ ਪੈਦਾ ਹੁੰਦਾ ਹੈ ,ਮੌਤ ਤਾਂ ਉਦੋਂ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਨਮ ਸਮੇਂ ਸੱਭ ਤੋਂ ਪਹਿਲਾਂ ਅਉਲ ਦਾ ਇਕ ਹਿੱਸਾ ਉਸਦੇ ਸਰੀਰ ਨਾਲੋਂ ਕੱਟਿਆ ਜਾਂਦਾ( ਜਿਹੜਾਂ 280 ਦਿਨ ਉਸਦੇ ਨਾਲ ਰਿਹਾ ਹੁੰਦਾ ਹੈ) । ਸਾਡਾ ਸਰੀਰ ਖ਼ਰਬਾਂ ਸੈਲਾਂ ਦਾ ਬਣਿਆ ਹੋਇਆ ਹੈ। ਇਸ ਵਿਚ ਲੱਖਾਂ ਸੈੱਲ ਰੋਜ ਪੈਦਾ ਹੁੰਦੇ ਹਨ ਤੇ ਲੱਖਾਂ ਰੋਜ ਮਰਦੇ ਹਨ। ਸੈਲਾਂ ਦੇ ਇਹ ਜੰਮਣ ਮਰਨ ਦਾ ਸਿਲਸਿਲਾ ਗਰਭ ਦੇ ਅੰਦਰ ਵੀ ਚਲਦਾ ਹੈ। ਜਮਾਂਦਰੂ ਬੱਚੇ ਦੇ ਜਿਹੜੇ ਸਿਰ ‘ਤੇ ਵਾਲ ਹੁੰਦੇ ਹਨ ,ਇਹ ਬੱਚੇ ਦੇ ਮਰੇ ਹੋਏ ਸੈੱਲ ਹੀ ਹੁੰਦੇ ਹਨ। ਸਾਡੇ ਮਰੇ ਹੋਏ ਸੈਲਾਂ ਦੀ ਵੱਡੀ ਗਿਣਤੀ ਹਰ ਰੋਜ ਵਾਲਾਂ, ਨਹੁੰਆਂ, ਚਮੜੀ, ਦੰਦਾਂ ਤੇ ਮਲ ਮੂਤਰ ਰਾਹੀਂ ਬਾਹਰ ਨਿਕਲਦੀ ਰਹਿੰਦੀ ਹੈ। ਇਨਸਾਨ ਗਰਭ ‘ਚ ਠਹਿਰਨ ਵਾਲੇ ਦਿਨ ਤੋਂ ਹੀ ਰੋਜ ਜੰਮਦਾ ਤੇ ਰੋਜ ਮਰਦਾ ਹੈ। ਚੀਨ ਵਿਚ ਆਦਮੀ ਦੀ ਉਮਰ ਉਸ ਦਿਨ ਤੋਂ ਗਿਣੀ ਜਾਂਦੀ ਹੈ ਜਿਸ ਜਿਨ ਮਾਤਾ ਦੇ ਗਰਭ ‘ਚ, ਮਾਦਾ ਅੰਡੇ ਤੇ ਨਰ ਸ਼ੁਕਰਕੀਟ ਦਾ ਮਿਲਾਪ ਹੁੰਦਾਹੈ। ਦੁਨੀਆ ਵਿਚ ਆਮ ਤੌਰ ‘ਤੇ ਉਮਰ ਬੱਚੇ ਦੇ ਜਨਮ ਤੋਂ ਬਾਅਦ ਗਿਣੀ ਜਾਂਦੀ ਹੈ।
ਭਰ ਜਵਾਨੀ ਦੀ ਉਮਰ ਤਕ ਪੈਦਾ ਹੋਣ ਵਾਲੇ ਸੈਲਾਂ ਦੀ ਗਿਣਤੀ ਵੱਧ ਹੁੰਦੀ ਹੈ, 40 ਕੁ ਸਾਲ ਦੀ ਉਮਰ ਤੋਂ ਬਾਅਦ ਮਰਨ ਵਾਲਿਆਂ ਸੈਲਾਂ ਦੀ ਗਿਣਤੀ ਵਧ ਜਾਂਦੀ ਹੈ। ਜਦ ਸਾਡੇ ਸਰੀਰ ਦਾ ਆਖਰੀ ਸੈੱਲ ਮਰ ਜਾਂਦਾ ਹੈ ਤਾਂ ਇਨਸਾਨ ਦੀ ਮੌਤ ਹੋ ਜਾਂਦੀ ਹੈ। ਇਸ ਸਰੀਰ ‘ਚ ਨਾ ਬਾਹਰੋਂ ਕੁਝ ਆਉਂਦਾ ਹੈ ਤੇ ਨਾ ਬਾਹਰ ਜਾਂਦਾ ਹੈ। ਜਿਵੇਂ ਅਸੀਂ ਰੁੱਖ ਲਾਉਂਦੇ ਹਾਂ, ਫਸਲ ਬੀਜਦੇ ਹਾਂ, ਉਹ ( ਪੌਦੇ) ਵੱਡੇ ਹੁੰਦੇ ਹਨ ਤੇ ਬੀਜ ਪੈਦਾ ਕਰ ਕੇ ਖਤਮ ਹੋ ਜਾਂਦੇ ਹਨ , ਇਸੇ ਤਰ੍ਹਾਂ ਹੀ ਸਾਡਾ ਸਰੀਰ ਹੈ। ਇਹ ਜਨਮ ਤੋਂ ਬਾਦ ਵੱਡਾ ਹੁੰਦਾ ਹੈ,ਬੱਚੇ ਪੈਦਾ ਕਰਦਾ ਹੈ ,ਬੁੱਢਾ ਹੁੰਦਾ ਤੇ ਮਰ ਜਾਂਦਾ ਹੈ। ‘ ਜ਼ਿੰਦਗੀ ਖਤਮ ਨਾ ਹੋਂਵਦੀ ਲੱਗਣ ਨਹੀਂ ਬਰੇਕ,ਇਕ ਰੁੱਖ ਬੀਜ ਹਜਾਰ ਦੇਹ ਬਦਲੇ ਰੰਗ ਅਨੇਕ ।’ ਜਿਸ ਤਰ੍ਹਾਂ ਸਾਡੇ ਪੂਰਵਜ ਸਾਡੇ ‘ਚ ਜਿਉਂ ਰਹੇ ਹਨ ਇਸ ਤਰ੍ਹਾਂ ਅਸੀਂ ਆਪਣੀ ਔਲਾਦ ‘ਚ ਜਿਉਂਦੇ ਰਹਾਂਗੇ। ਅਸੀਂ ਵੀ ਹੈ ਮਰ ਜਾਵਣਾ ਸਾਡੇ ਪਿਤਰਾਂ ਵਾਂਗ, ਔਲਾਦ ਅਸਾਡੀ ਪੁਟੇਗੀ ਅੱਗੇ ਹੋਰ ਪੁਲਾਂਘ।
–ਸੈਲ ( ਕੋਸ਼ਿਕਾਵਾਂ) ਹੀ ਇਸ ਜੀਵਨ ਦਾ ਅਧਾਰ ਹਨ। ਇਸ ਧਰਤੀ ‘ਤੇ ਸਭ ਤੋਂ ਜੀਵਨਦਾਇਕ ਤੱਤ ਨੇ ,ਰਸਾਇਣਕ ਕ੍ਰਿਆ ਰਾਹੀਂ ਧਰਤੀ ਦੇ ਕੋਸੇ ਪਾਣੀਆਂ ਵਿਚ ,ਸੈਲ ( ਕੋਸ਼ਿਕਾ) ਦਾ ਰੂਪ ਧਾਰਨ ਕੀਤਾ। ਸੈਲ ਵਿਚ ਇਹ ਵਿਸ਼ੇਸ਼ ਗੁਣ ਹੁੰਦਾ ਹੈ ਕਿ ਇਹ ਵਿਚਕਾਰੋਂ ਟੁੱਟ ਕੇ ਅਪਣੇ ਵਰਗਾ ਇਕ ਹੋਰ ਸੈਲ ਪੈਦਾ ਕਰ ਲੈਂਦਾ ਹੈ।( ਜੁੜਵੇਂ ਬੱਚੇ ਇਸੇ ਤਰ੍ਹਾਂ ਪੈਦਾ ਹੁੰਦੇ ਹਨ।) ਇਹ ਜਿਸ ਵੀ ਵਾਤਾਵਰਣ ਵਿਚ ਜਿਉਂਦਾ ਹੈ ਉਥੇ ਜਿਉਂਦੇ ਰਹਿਣ ਦੀਆਂ ਹੋਰ ਜਾਣਕਾਰੀਆਂ ਆਪਣੇ ਜੀਨ ਵਿਚ ਇਕੱਠੀਆਂ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਅਗਲੀਆਂ ਪੀੜ੍ਹੀਆਂ ਵਿਚ ਲਗਾਤਾਰ ਆਪਣੇ ਆਪ ਸੁਧਾਰ ਹੁੰਦੇ ਰਹਿੰਦੇ ਹਨ। ਕਰੋੜਾਂ ਸਾਲਾਂ ਵਿਚ ਇਹ ਸੈਲ ਹੋਰ ਗੁੰਝਲਦਾਰ ਹੁੰਦਾ ਗਿਆ ਅਤੇ ਹੁਣ ਇਸਨੇ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲਣਾ ਚੰਗੀ ਤਰ੍ਹਾਂ ਸਿੱਖ ਲਿਆ ਹੈ। ਪਰ ਇਸ ਨਾਲ ਵੀ ਇਕੱਲੇ ਦਾ ਜਿਉਂਦਾ ਰਹਿਣਾ ਮੁਸ਼ਕਿਲ ਸੀ ਸੋ ਉਸਨੇ ਰਸਾਇਣਕ ਕਿਰਿਆ ਦੁਆਰਾ ਸੈਲਾਂ ਦੇ ਸਮੂਹ ਨਾਲ ਜੁੜਣਾ ਸਿੱਖ ਲਿਆ ( ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਅਤੇ ਪਸ਼ੂਆਂ ਨੇ ਸਵੈ ਰੱਖਿਆ ਲਈ ਝੁੰਡ ‘ਚ ਰਹਿਣਾ ਸਿੱਖ ਲਿਆ।) ਹੌਲੀ ਹੌਲੀ ਸਰੀਰ ਨੇ ਸਾਰੇ ਸਿਸਟਮ ਨੂੰ ਚਲਾਉਣ ਲਈ ਦਿਮਾਗ ਦੇ ਨਰਵਸ ਸਿਸਟਮ ਦੀ ਰਚਨਾ ਕੀਤੀ ਅਤੇ ਦਿਮਾਗ ਸਾਡੇ ਸਰੀਰ ਰੂਪੀ ਸੈਲਾਂ ਦੀ ਫੌਜ ਚੀਫ ਜਨਰਲ ਬਣ ਗਿਆ। 400 ਕਰੋੜ( ਚਾਰ ਅਰਬ) ਸਾਲ ਦੀ ਲੰਮੀ ਮਹਾਂ ਪ੍ਰਕਿਰਿਆ ਤੋਂ ਬਾਅਦ ਇਹੀ ਸੈਲ ਸਮੂਹਿਕ ਰੂਪ ‘ਚ ਮਨੁੱਖ ਦਾ ਰੂਪ ਧਾਰਨ ਕਰ ਗਏ। ਦੇਖਣ ਲਈ ਅੱਖਾਂ,ਸੁਨਣ ਲਈ ਕੰਨ ਅਤੇ ਦੂਜਿਆਂ ਗਿਆਨ ਇੰਦਰੀਆਂ ਸਭ ਕੋਸ਼ਿਕਾਵਾਂ ਨੇ ਆਪਣੀ ਜਰੂਰਤ ਲਈ ਪੈਦਾ ਕੀਤੀਆਂ । ਅਸਲ ਵਿਚ ਅਸੀਂ ਤਾਂ ਹਾਂ ਹੀ ਨਹੀਂ, ਇਹ ਵੱਖ ਵੱਖ ਨਾਵਾਂ ਹੇਠ ਕੋਸ਼ਿਕਾਵਾਂ ਦੇ ਸਮੂਹ ਹੀ ਇਸ ਧਰਤੀ ‘ਤੇ ਵਿਚਰ ਰਹੇ ਹਨ।
ਆਮ ਤੌਰ ‘ਤੇ ਸ਼ਰਧਾਂਜਲੀ ਸਮਾਗਮਾਂ ‘ਚ ਸਾਰੇ ਬੁਲਾਰੇ ਇਕ ਰਟਿਆ ਰਟਾਇਆ ਫਿਕਰਾ ਬੋਲਦੇ ਹਨ ‘ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀਂ ‘ ਹੈਰਾਨੀ ਭਰੀ ਗੱਲ ਹੈ ਇਨਸਾਨ ਨੂੰ ਮਰਿਆਂ 10 -12 ਦਿਨ ਹੋ ਗਏ ਹੁੰਦੇ ਹਨ। ਐਨੇ ਦਿਨਾਂ ਬਾਦ ਅਸੀਂ ਉਸ ਬੇਘਰੇ ਭਟਕਦੇ ਲਈ ਘਰ ਦੀ ਮੰਗ ਕਰਦੇ ਹਾਂ। ਬਾਕੀ –ਪਰਿਵਾਰ ਤਾਂ ਭਾਣਾ ਉਸੇ ਵਕਤ ਹੀ ਮੰਨ ਲੈਂਦਾ ਜਦੋਂ ਉਹਨਾਂ ਦਾ ਪਿਆਰਾ ਵਿਛੜ ਜਾਂਦਾ ਹੈ ਤੇ ਇਹ ਵਿਛੋੜੇ ਦਾ ਸੱਲ ਸਾਰੀ ਉਮਰ ਹੀ ਉਹਨਾਂ ਦੇ ਮਨ ਵਿਚ ਰਹਿੰਦਾ ਹੈ। ਕਿਸੇ ਕਹਿਰ ਦੀ ਮੌਤ ਤੇ ਤਾਂ ਕਈ ਪਰਿਵਾਰਕ ਜੀ ਐਨਾ ਦਿਲ ਛੱਡ ਜਾਂਦੇ ਹਨ ਕਿ ਉਹ ਖੁਦ ਵੀ ਬਹੁਤਾ ਚਿਰ ਜਿਉਂਦੇ ਨਹੀਂ ਰਹਿ ਸਕਦੇ। ਜੇ ਭਾਣਾ ਮੰਨਣ ਦਾ ਬਲ ਮਿਲ ਸਕਦਾ ਹੋਵੇ ਤਾਂ ਇਸ ਤਰ੍ਹਾਂ ਕਿਉਂ ਹੋਵੇ। ਅਸਲ ਵਿਚ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਸਾਡਾ ਪਿਆਰਾ ਸਾਥੋਂ ਸਚਮੁੱਚ ਵਿਛੜ ਗਿਆ ਹੈ। ਇਸ ਲਈ ਸਾਡੇ ਸਿਆਣਿਆਂ ਨੇ ਰੂਹ( ਆਤਮਾ) ਦੀ ਕਲਪਨਾਂ ਕਰਕੇ ਸਾਨੂੰ ਧਰਵਾਸ ਦੇਣ ਦੀ ਹੀ ਕੋਸ਼ਿਸ਼ ਕੀਤੀ ਸੀ। ਬਾਦ ‘ਚ ਪੁਰੋਹਿਤਾਂ ( ਪੁਜਾਰੀਵਾਦ) ਨੇ ਜਦੋਂ ਦੇਖਿਆ ਕਿ ਇਸ ਨਾਲ ਤਾਂ ਬਹੁਤ ਕਮਾਈ ਹੋ ਸਕਦੀ ਤਾਂ ਉਹਨਾਂ ਨਰਕ, ਸੁਰਗ ਅਗਲਾ ਪਿਛਲਾ ਜਨਮ ਤੇ ਚੁਰਾਸੀ ਲੱਖ ਜੂਨਾਂ( ਭਾਵੀ ਦਾ ਫਲਸਫਾ )ਦਾ ਵਿਚਾਰ ਪੈਦਾ ਕਰਕੇ ਮਨੁੱਖ ਨੂੰ ਡਰਾਉਣਾ ਸ਼ੁਰੂ ਕਰ ਦਿਤਾ । ਨਾਲ ਸੁਰਗਾਂ ਦਾ ਲਾਲਚ ਦੇ ਕੇ ਪੁੰਨ ਦਾਨ ਕਰਨ ਲਈ ਪ੍ਰੇਰਨਾ ਸ਼ੁਰੂ ਕਰ ਦਿਤਾ ।
ਮੁਸਲਮਾਨ ਤੇ ਇਸਾਈ ਕਬਰ ‘ਚ ਦਫ਼ਨਾਉਂਦੇ ਹਨ। ਉਹਨਾਂ ‘ਚ ਪੁਨਰਜਨਮ ਤੇ ਰੂਹ ਵਾਲਾ ਫਲਸਫਾ ਨਹੀਂ, ਕਬਰ ‘ਚ ਦਫਨਾਉਣ ਸਮੇਂ ਮੁਰਦੇ ਉਪਰ ਐਨੀ ਕੁ ਉਚੀ ਛੱਤ ਪਾਈ ਜਾਂਦੀ ਹੈ ਕਿ ਆਦਮੀ ( ਮੁਰਦਾ)ਉਠ ਕੇ ਬਹਿ ਸਕੇ। ਉਹਨਾਂ ਦੇ ਧਰਮਾਂ ਅਨੁਸਾਰ ਦਫਨਾਉਣ ਤੋਂ ਬਾਦ ਮੁਰਦਾ ਉਠ ਕੇ ਬਹਿ ਜਾਂਦਾ ਹੈ ਤੇ ਅਜ਼ਰਾਈਲ ਫਰੇਸ਼ਤਾ ਉਹਦੇ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਲਿਖ ਕੇ ਉਹਦੇ ਗਲ ‘ਚ ਬੰਨ੍ਹ ਕੇ ਚਲਾ ਜਾਂਦਾ ਹੈ। ਉਹ ਕਹਿੰਦੇ ਹਨ ਕਿ ਕਿਆਮਤ ( ਪਰਲੋ ) ਵਾਲੇ ਦਿਨ ਸਾਰੇ ਮੁਰਦੇ ਉਠ ਕੇ ਖੜ੍ਹੇ ਹੋ ਜਾਂਦੇ ਜਾਣਗੇ। ਬੁਰੇ ਕਰਮਾਂ ਵਾਲਿਆਂ ਨੂੰ ਦੋਜ਼ਖ( ਨਰਕ) ਤੇ ਚੰਗੇ ਕਰਮਾਂ ਵਾਲਿਆਂ ਨੂੰ ਬਹਿਸ਼ਤ ( ਸੁਰਗ) ਨਸੀਬ ਹੋ ਜਾਵੇਗਾ। ਹਿੰਦੂ ਉਹਨਾਂ ਦੀ ਫਿਲਾਸਫੀ ਨਹੀਂ ਮੰਨਦੇ, ਤੇ ਉਹ ਹਿੰਦੂਆਂ ਦੀ ਵਿਚਾਰਧਾਰਾ ਨਹੀਂ ਮੰਨਦੇ। ਇਸ ਤਰ੍ਹਾਂ ‘ ਰੱਬ ਇਕ ਹੈ’ ਦੀ ਧਾਰਨਾ ਆਪਣੇ ਆਪ ਹੀ ਰੱਦ ਹੋ ਜਾਂਦੀ ਹੈ । ਅੱਜ ਦੇ ਵਿਗਿਆਨਕ ਯੁੱਗ ‘ਚ ਬੇਸ਼ਕ ਇਹਨਾਂ ਗੱਲਾਂ( ਕਹਾਣੀਆਂ) ਦੀ ਕੋਈ ਮਾਨਤਾ ਨਹੀਂ ,ਪਰ ਫਿਰ ਵੀ ਲੋਕ ਲਕੀਰ ਦੇ ਫਕੀਰ ਬਣੇ ਹੋਏ , ਲੰਘੇ ਹੋਏ ਸੱਪ ਦੀ ਲੀਹ ਕੁੱਟੀ ਜਾ ਰਹੇ ਹਨ । ਬਿਨਾ ਕਿਸੇ ਮੌਤ ਜਾਂ ਨਰਕ ਦੇ ਡਰ ਦੇ ਸਾਨੂੰ ਇਹ ਜ਼ਿੰਦਗੀ ਭਰਪੂਰ ਤਰੀਕੇ ਨਾਲ ਜਿਉਣੀ ਚਾਹੀਦੀ ਹੈ ਕਿਉਂਕਿ ਅੱਜ ( ਵਰਤਮਾਨ) ਹੀ ਜ਼ਿੰਦਗੀ ਹੈ ਭੂਤ ਅਸ਼ੇ ਭਵਿੱਖ ਸਮੇਂ ਦੇ ਗਰਭ ਵਿਚ ਹਨ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …