10.3 C
Toronto
Saturday, November 8, 2025
spot_img
Homeਪੰਜਾਬਲੁਧਿਆਣਾ ਕੇਂਦਰੀ ਜੇਲ੍ਹ 'ਚ ਕੈਦੀਆਂ ਦੇ ਦੋ ਗੁੱਟ ਫਿਰ ਆਪਸ ਵਿਚ ਭਿੜੇ

ਲੁਧਿਆਣਾ ਕੇਂਦਰੀ ਜੇਲ੍ਹ ‘ਚ ਕੈਦੀਆਂ ਦੇ ਦੋ ਗੁੱਟ ਫਿਰ ਆਪਸ ਵਿਚ ਭਿੜੇ

ਤਿੰਨ ਹਵਾਲਾਤੀ ਜ਼ਖ਼ਮੀ – ਪੁਲਿਸ ਨੇ ਦਰਜ ਕੀਤਾ ਕਰਾਸ ਕੇਸ
ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਰਾਤ ਦੇ ਖਾਣੇ ਦੌਰਾਨ ਬੰਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਘਟਨਾ ਵਿਚ ਤਿੰਨ ਹਵਾਲਾਤੀ ਫੱਟੜ ਹੋ ਗਏ। ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਸਾਰੇ ਕੈਦੀ ਤੇ ਹਵਾਲਾਤੀ ਖਾਣਾ ਖਾ ਰਹੇ ਸਨ।
ਇਸੇ ਦੌਰਾਨ ਬੀਕੇਯੂ ਦੀ ਬੈਰਕ ਨੰਬਰ 6 ਵਿਚ ਦੋ ਹਵਾਲਾਤੀ ਧੜਿਆਂ ਵਿਚ ਬਹਿਸ ਹੋ ਗਈ। ਹਵਾਲਾਤੀਆਂ ਨੇ ਇੱਕ-ਦੂਜੇ ‘ਤੇ ਸਟੀਲ ਦੇ ਡੋਲ ਤੇ ਗਲਾਸਾਂ ਨਾਲ ਹਮਲਾ ਕੀਤਾ। ਹੰਗਾਮਾ ਹੋਣ ‘ਤੇ ਜੇਲ੍ਹ ਮੁਲਾਜ਼ਮ ਮੌਕੇ ‘ਤੇ ਪੁੱਜੇ। ਪੁਲਿਸ ਨੇ ਝਗੜਾ ਕਰ ਰਹੀਆਂ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਕੁੱਟਮਾਰ ਵਿਚ ਜ਼ਖ਼ਮੀ ਤਿੰਨ ਕੈਦੀਆਂ ਨੂੰ ਇਲਾਜ ਲਈ ਜੇਲ੍ਹ ਦੇ ਹਸਪਤਾਲ ਵਿਚ ਪਹੁੰਚਾਇਆ, ਜਿੱਥੋ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ਹਵਾਲਾਤੀ ਸੰਦੀਪ, ਰਵੀ ਤੇ ਕਰਨ ਵਜੋਂ ਹੋਈ ਹੈ। ਸਿਵਲ ਹਸਪਤਾਲ ਵਿਚ ਇਲਾਜ ਤੋਂ ਬਾਅਦ ਤਿੰਨਾਂ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨਾਂ ਬੰਦੀਆਂ ਖ਼ਿਲਾਫ਼ ਕਰਾਸ ਐਫਆਈਆਰ ਦਰਜ ਕੀਤਾ ਹੈ। ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਇਸ ਜੇਲ੍ਹ ਵਿੱਚ ਬੰਦੀ ਸਾਥੀ ਦੀ ਮੌਤ ਤੋਂ ਬਾਅਦ ਕੈਦੀਆਂ ਨੇ ਹੰਗਾਮਾ ਕੀਤਾ ਸੀ ਅਤੇ ਹਾਲਾਤ ਬੇਕਾਬੂ ਹੋ ਗਏ ਸਨ। ਪੁਲਿਸ ਨੂੰ ਹਾਲਾਤ ‘ਤੇ ਕਾਬੂ ਪਾਉਣ ਲਈ ਅੱਥਰੂ ਗੈਸ ਛੱਡਣੀ ਪਈ ਸੀ ਅਤੇ ਗੋਲੀਆਂ ਚਲਾਉਣੀਆਂ ਪਈਆਂ ਸਨ, ਜਿਸ ਵਿੱਚ 5 ਬੰਦੀ ਤੇ 10 ਪੁਲਿਸ ਮੁਲਾਜ਼ਮ ਫੱਟੜ ਹੋ ਗਏ ਸਨ ਤੇ ਇੱਕ ਬੰਦੀ ਦੀ ਮੌਤ ਹੋ ਗਈ ਸੀ।

RELATED ARTICLES
POPULAR POSTS