Breaking News
Home / ਨਜ਼ਰੀਆ / ਦਰਦ-ਵੰਝਲੀ ਦੀ ਹੂਕ

ਦਰਦ-ਵੰਝਲੀ ਦੀ ਹੂਕ

ਕਿਸ਼ਤ ਦੂਜੀ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਾਪ ਦੀਆਂ ਇਹ ਉਂਗਲਾਂ ਭਾਵੇਂ ਕਲਮ ਤੋਂ ਵਿਰਵੀਆਂ ਰਹਿ ਗਈਆਂ ਪਰ ਕਰਮ ਦੀਆਂ ਧਨੀ, ਕਿਰਤ ਦਾ ਮਾਣ ਅਤੇ ਸੁਚੱਜਤਾ ਦਾ ਸਿੱਖਰ ਉਹਨਾਂ ਦਾ ਹਾਸਲ ਸੀ। ਇਹਨਾਂ ਉਂਗਲਾਂ ਨੇ ਸਾਰੇ ਬੱਚਿਆਂ ਨੂੰ ਕਲਮ ਦੇ ਰਾਹੀਂ ਤੋਰਿਆ। ਉਹ ਜਾਣਦੇ ਸੀ ਕਿ ਕਲਮ-ਜੋਤ ਹੀ ਜੀਵਨ-ਨਾਦ ਦਾ ਅਧਾਰ ਏ।
ਇਹਨਾਂ ਉਂਗਲਾਂ ਰਾਹੀਂ ਜਦ ਹੱਥ ਨੇ ਪਰਾਣੀ ਫੜੀ ਤਾਂ ਹੱਲ ਨੇ ਬੰਜਰ ਧਰਤ ਨੂੰ ਭਾਗ ਲਾਏ। ਚੌਅ ਸਾਹਮਣੇ ਆਈਆਂ ਢੀਮਾਂ ਨੂੰ ਪਰਾਣੀ ਨਾਲ ਹਟਾ, ਬਲਦਾਂ ਦੀ ਤੋਰ ਨੂੰ ਸੁਖਾਂਵਾਂ ਬਣਾ, ਹੱਲ ਵਾਹੁੰਦਿਆਂ, ਅੱਡੀਆਂ ਨਾਲ ਢੀਮਾਂ ਵੀ ਫ਼ਹਿੰਦਾ ਰਿਹਾ। ਉਹ ਇਕ ਵੇਲੇ ਕਈ ਕੰਮ ਕਰਦਾ ਸੀ। ਇਕੱਲਾ ਹੁੰਦਿਆਂ ਵੀ ਬਹੁਲਤਾ ਦਾ ਬਿੰਬ ਬਣ, ਮਨੁੱਖੀ ਸਮਰੱਥਾ ਨੂੰ ਨਵੀਆਂ ਤਰਜ਼ੀਹਾਂ ਅਤੇ ਤਰਤੀਬਾਂ ਦੇਣ ਦੇ ਕਾਬਲ ਹੋਇਆ।
ਉਮਰ ਦੇ ਆਖ਼ਰੀ ਪੜਾਅ ‘ਤੇ ਉਸ ਨੇ ਆਪਣਾ ਸਾਰਥਿਕ ਰੁਝੇਵਾਂ ਪੈਦਾ ਕਰ ਲਿਆ ਸੀ। ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹਰ ਰੋਜ਼ ਗੁਰਦੁਆਰੇ ਸਾਈਕਲ ‘ਤੇ ਜਾਣਾ, ਕੁਝ ਸਮਾਂ ਪ੍ਰਸ਼ਾਦ ਦੀ ਸੇਵਾ ਕਰਨੀ ਅਤੇ ਫਿਰ ਵਾਪਸ ਪਿੰਡ ਨੂੰ ਪਰਤ ਆਉਣਾ। ਦਿਮਾਗ ਦੀ ਨਾਲੀ ਫੱਟਣ ਵਾਲੇ ਦਿਨ ਵੀ ਉਸਨੇ ਆਪਣਾ ਇਹ ਨਿੱਤਨੇਮ ਨਿਭਾਇਆ। ਉਹਨਾਂ ਦੀਆਂ ਇਹ ਉਂਗਲਾਂ ਪ੍ਰਸ਼ਾਦ ਵੰਡ ਕੇ, ਗੁਰੂ ਰੂਪੀ ਅਸੀਸ ਤੇ ਮਿਹਰ, ਹਰ ਅਭਿਲਾਸ਼ੀ ਨੂੰ ਦਿੰਦੀਆਂ ਰਹੀਆਂ।
ਪਰ ਹੁਣ ਇਹਨਾਂ ਉਂਗਲਾਂ ਦੀ ਲਾਚਾਰਗੀ ਮੇਰੇ ਮਨ ‘ਤੇ ਗਹਿਰਾ ਅਸਰ ਕਰ ਰਹੀ ਹੈ। ਹਰ ਕੰਮ ਨੂੰ ਤੁੱਛ ਸਮਝਣ ਵਾਲੀਆਂ ਇਹ ਉਂਗਲਾਂ ਹੁਣ ਹਿੱਲਣ ਤੋਂ ਵੀ ਮੁਥਾਜ਼। ਮੂੰਹ ਵਿਚ ਪਾਈ ਹੋਈ ਨਾਲੀ ਰਾਹੀਂ ਤਰਲ ਫੂਡ ਵਿਚੋਂ ਜਿਊਣ-ਸ਼ਕਤੀ ਪ੍ਰਾਪਤ ਕਰਨ ਵਾਲੇ ਬਾਪ ਦੀਆਂ ਇਹ ਉਂਗਲਾਂ ਆਪਣੀ ਬੇਲੋੜਤਾ ‘ਤੇ ਝੂਰ ਰਹੀਆਂ। ਆਪਣੀ ਅਸਮਰਥਾ ‘ਤੇ ਉਹਨਾਂ ‘ਚ ਪੈਦਾ ਹੋਈ ਹੀਣਤਾ। ਜਦ ਉਂਗਲਾਂ ਬੁਰਕੀ ਤੋੜਨ ਤੋਂ ਲਾਚਾਰ ਹੋ ਜਾਣ ਤਾਂ ਮੂੰਹ ਵਿਚ ਬੁਰਕੀ ਪਾਉਣ ਦੀ ਕਿਵੇਂ ਆਸ ਲਗਾਈ ਜਾ ਸਕਦੀ ਹੈ? ਅਜੇਹੇ ਮੌਕੇ ‘ਤੇ ਬੱਚਿਆਂ ਦੀਆਂ ਉਂਗਲਾਂ, ਬਾਪ ਦੀਆਂ ਉਂਗਲਾਂ ਦਾ ਰੂਪ ਵਟਾ, ਉਸਦੀਆਂ ਹਰ ਕਿਰਿਆਵਾਂ ਦੀ ਸੁਰਤਾਲਤਾ ਅਤੇ ਸੁਚੱਜਤਾ ਦਾ ਸੁੱਚਮ ਹੁੰਦੀਆਂ। ਬੱਚਿਆਂ ਦੀਆਂ ਨਿਗਰਾਨੀ ਹੇਠ, ਬਾਪ ਪਿੱਛਲ-ਖੁੱਰੀ ਤੁੱਰਨ ਲਈ ਕਾਹਲਾ ਅਤੇ ਮਜ਼ਬੂਰ। ਬਾਪ ਦੀਆਂ ਉਂਗਲਾਂ ਨੂੰ ਆਪਣੇ ਸੋਹਲ ਹੱਥਾਂ ਵਿਚ ਪਲੋਸਦਾ, ਇਹਨਾਂ ਦੇ ਖੁੱਰਦਰੇਪਣ ਵਿਚੋਂ ਉਸ ਮੁਲਾਇਮਤਾ ਨੂੰ ਚੇਤੇ ਕਰਦਾ ਹਾਂ ਜੋ ਬਾਪ ਆਪਣੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਦੇ ਨਾਮ ਕਰਦਾ ਸੀ। ਉਹਨਾਂ ਲਈ ਦੁਆਵਾਂ ਕਰਦਾ ਸੀ। ਉਹਨਾਂ ਦੀਆਂ ਆਸ਼ਾਂਵਾਂ ਦੀ ਪੂਰਤੀ ‘ਚੋਂ ਆਪਣੀ ਪੂਰਨਤਾ ਕਿਆਸਦਾ ਸੀ। ਕਈ ਵਾਰ ਬਾਪ ਆਪਣਿਆਂ ਦੀ ਬੇਖੁਦੀ ‘ਤੇ ਤਿੱਲ ਤਿੱਲ ਵੀ ਮਰਦਾ ਸੀ। ਉਂਗਲਾਂ ਦਾ ਇਹ ਖੁਰਦਰਾਪਣ, ਅਜੇਹੀ ਇਬਾਦਤ ਜੋ ਕਰਤਾਰੀ ਝਲਕਾਰਾ ਬਣ, ਜੀਵਨ ਰੁੱਸ਼ਨਾਉਂਦੀ ਅਤੇ ਮਨੁੱਖ ਨੂੰ ਜਿਊਣਾ ਸਿਖਾਂਉਂਦੀ। ਕੰਪਿਊਟਰ ਯੁੱਗ ਦੇ ਵਾਸੀ ਇਸ ਖੁਰਦਰੇਪਣ ਦੀ ਖੁਦਦਾਰੀ ਨੂੰ ਕਿੰਝ ਸਮਝਣਗੇ ਕਿ ਖੁਰਦਰਾਪਣ ਹੀ ਅਕਸਰ ਹੱਥਾਂ ਦੀਆਂ ਲਕੀਰਾਂ ਹੁੰਦੀਆਂ ਜਿਹਨਾਂ ਵਿਚੋਂ ਜੀਵਨ ਦੀ ਅਮੁੱਲਤਾ ਤੇ ਅਮੀਰਤਾ ਦ੍ਰਿਸ਼ਟਮਾਨ ਹੁੰਦੀ।
ਉਂਗਲਾਂ ਦਾ ਸਫ਼ਰ, ਕੀਰਤੀਆਂ, ਕਾਰਨਾਮਿਆਂ ਅਤੇ ਕਾਮਯਾਬੀਆਂ ਤੋਂ ਬਾਅਦ ਹੁਣ ਕਬਰ ਬਣਨ ਲਈ ਕਾਹਲਾ। ਪਰ ਇਹਨਾਂ ਦੀ ਮਿਕਨਾਤੀਸੀ ਛੋਹ ਅਤੇ ਅਹਿਸਾਸ, ਜੀਵਨ ਦੀਆਂ ਅਨੰਤ ਸੰਭਾਵਨਾਵਾਂ ਅਤੇ ਸਮਰੱਥਾਵਾਂ ਦੀ ਨਿਸ਼ਾਨਦੇਹੀ। ਇਹ ਹੀ ਹੈ ਮੇਰੇ ਜੀਵਨ ਦਾ ਸ਼ਰਫ਼।
ਬਾਪ ਦੀਆਂ ਇਹਨਾਂ ਉਂਗਲਾਂ ‘ਚੋਂ ਬੀਤੇ ਦੀਆਂ ਪਰਤਾਂ ਫਰੋਲਦਾ, ਆਪਣੇ ਆਪ ਵਿਚ ਗੁੰਮ, ਹੰਝੂਆਂ ਦੀ ਅਨਾਇਤ, ਬਿਮਾਰ ਬਾਪ ਨੂੰ ਅਕੀਦਤ ਵਜੋਂ ਭੇਟ ਕਰ ਜਦ ਆਈਸੀਯੂ ਵਿਚੋਂ ਬਾਹਰ ਨਿਕਲਦਾ ਹਾਂ ਤਾਂ ਅੱਖਾਂ ਵਿਚ ਹੰਝੂਆਂ ਦੀ ਨੈਂਅ ਬੇਕਾਬੂ ਹੋ ਕੇ ਯਾਦਾਂ ਨੂੰ ਆਪਣੇ ਵਿਚ ਸਮੇਟਣ ਲਈ ਕਾਹਲੀ। ਪਰ ਹੰਝੂਆਂ ਨੂੰ ਕਿਵੇਂ ਸਮਝਾਵਾਂ ਕਿ ਦਿਲ ‘ਤੇ ਉਕਰੀਆਂ ਯਾਦਾਂ ਆਖ਼ਰੀ ਸਾਹ ਤੀਕ ਸਾਥ ਨਿਭਾਉਣ ਦਾ ਧਰਮ ਨਿਭਾਉਂਦੀਆਂ ਨੇ। ਬਾਪ ਦੀ ਬੁਲੰਦਗੀ ਨੂੰ ਆਪਣੇ ਦੀਦਿਆਂ ਵਿਚ ਪੜਨ ਅਤੇ ਇਹਨਾਂ ਦੇ ਹਾਣ ਦਾ ਹੋਣ ਦੀ ਤਮੰਨਾ ਵਿਚੋਂ ਜਦ ਤੁਸੀਂ ਜ਼ਿੰਦਗੀ ਨੂੰ ਨਵੇਂ ਅਰਥ ਦੇਣ ਅਤੇ ਇਸਦੀ ਤਾਮੀਰਦਾਰੀ ਕਰਨ ਲਈ ਉਦਮ ਦਾ ਸਬੱਬ ਬਣਦੇ ਹੋ ਤਾਂ ਅਚੇਤ ਰੂਪ ਵਿਚ ਤੁਸੀਂ ਬਾਪ ਦੇ ਸਫ਼ਰ ਦਾ ਅਗਲਾ ਪੜਾਅ ਹੀ ਹੁੰਦੇ ਹੋ। ਇਸ ਅਗਲੇ ਪੜਾਅ ਲਈ ਮੈਂ ਨਿੱਸਲ ਤੇ ਜਿੰਦਹੀਣ ਹੋਏ ਆਪੇ ਨੂੰ ਸੰਭਾਲਦਾ, ਭਵਿੱਖ ਦੀ ਕੁੱਖ ਵਿਚ ਉਗਮ ਰਹੇ ਸੂਰਜ ਨੂੰ ਨਿਹਾਰਦਾ ਹਾਂ ਜੋ ਹੌਲੀ ਹੌਲੀ ਬਾਪ ਦਾ ਰੂਪ ਧਾਰ, ਮੇਰੇ ਚੌਫੇਰੇ ਫੈਲ ਜਾਂਦਾ ਹੈ। ਮੈਂ ਉਸ ਚਾਨਣ ਵਿਚ ਲਿਪਟਿਆ, ਜੀਵਨ-ਸਫ਼ਰ ਦੀ ਨਿਰੰਤਰਤਾ ਦਾ ਹਿੱਸਾ ਬਣ ਜਾਂਦਾ ਹਾਂ।
ਬਾਪ ਦੇ ਸਾਹ ਹੀ ਚੱਲ ਰਹੇ ਨੇ। ਬਾਪ ਨੂੰ ਨਹੀਂ ਪਤਾ ਕਿ ਮੇਰਾ ਪ੍ਰਦੇਸੀ ਪੁੱਤ, ਨੂੰਹ, ਧੀ ਅਤੇ ਪਲੇਠੀ ਪੋਤੀ ਉਡਕੇ ਪ੍ਰਦੇਸ ਤੋਂ ਪਹੁੰਚ ਗਏ ਨੇ। ਅੱਖਾਂ ਨਹੀਂ ਖੋਲਦਾ। ਫਿਰ ਕੌਣ ਪਛਾਣੇ ਤੇ ਕਿਹੜਾ ਹੁੰਗਾਰਾ ਦੇਵੇ? ਜਿਸ ਆਸ ਵਿਚ ਪ੍ਰਦੇਸ ਦਾ ਸਫ਼ਰ ਸਦੀਆਂ ਲੰਮੇਰਾ ਹੋ ਗਿਆ ਸੀ, ਉਸ ਸਫ਼ਰ ਦੀ ਥਕਾਨ ਮਣਾਂ-ਮੂੰਹੀਂ ਹੋ ਗਈ ਪਰ ਬਾਪ ਦਾ ਜੀਅ ਭਰ ਕੇ ਆਪਣੀ ਔਲਾਦ ਨੂੰ ਨਿਹਾਰਨਾ ਵੀ ਬਾਪ ਨੂੰ ਨਸੀਬ ਨਾ ਹੋਇਆ।
ਹਸਪਤਾਲ ਦੇ ਕਮਰੇ ਵਿਚ ਮੇਰੇ ਲਈ ਬਹੁਤ ਔਖਾ ਹੈ ਬਾਪ ਦੀ ਅੱਖ ਖੁੱਲਣ ‘ਤੇ ਬੋਲਣ ਲਈ ਉਸਦੇ ਮੂੰਹ ਵਿਚੋਂ ਹੁੰਦੀ ਹਰਕਤ ਨੂੰ ਉਲਥਾਉਣਾ। ਕਿਹੜੇ ਬੋਲਾਂ ਨੂੰ ਕਿਆਸਾਂ, ਕਿਹੜੀਆਂ ਬੰਨਾਂ ਧਰਵਾਸਾਂ ਅਤੇ ਡਿਗਦੇ ਮਨ ਨੂੰ ਕਿਹੜੀਆ ਬੰਨਾਵਾਂ ਆਸਾਂ ਕਿ ਬਾਪ ਦੀ ਸਿਹਤਮੰਦੀ ਦਾ ਸੱਚ, ਮੇਰੀ ਸੋਚ ਦਾ ਹਾਸਲ ਬਣ ਜਾਵੇ। ਪਰ ਭਵਿੱਖੀ ਡਰ ਪ੍ਰਤੱਖ ਨਜ਼ਰ ਆਉਂਦਾ ਹੈ। ਅੱਖਾਂ ਦੀਆਂ ਪਲਕਾਂ ਦਾ ਹਿੱਲਣਾ, ਮੇਰੇ ਮਨ ਵਿਚ ਘਬਰਾਹਟ ਅਤੇ ਸੂਖ਼ਮਤਾ ਪੈਦਾ ਕਰਦਾ ਕਿ ਉਹ ਕੀ ਦੇਖਣਾ ਚਾਹੁੰਦਾ ਏ? ਉਸਦੇ ਦੀਦੇ ਕਿਸਨੂੰ ਭਾਲਦੇ ਨੇ?ਉਸਦੀਆਂ ਅੱਖਾਂ ਵਿਚ ਕਿਹੜੇ ਬਿੰਬਾਂ ਨੂੰ ਵਾਰ ਵਾਰ ਦੇਖਣ ਅਤੇ ਉਹਨਾਂ ਨਾਲ ਅਪਣੱਤ ਜਿਤਾਉਣ ਦੀ ਤਮੰਨਾ ਏ?
ਬਹੁਤ ਕੋਸ਼ਿਸ਼ ਕਰਦਾ ਹਾਂ ਬਾਪ ਦੀ ਮਾਨਸਿਕਤਾ ਪੜ੍ਹਨ ਦੀ। ਪਰ ਜਦ ਕਦੇ-ਕਦਾਈਂ ਉਸਦੀ ਅੱਖ ਸਿੰਮਦੀ ਹੈ ਤਾਂ ਬਾਪ ਦੇ ਮਨ ਵਿਚ ਪੈਦਾ ਹੋਈ ਭਾਵੁਕਤਾ ਮੇਰੇ ਦੀਦਿਆਂ ਨੂੰ ਸਿਸਕਣ ਲਾ ਦਿੰਦੀ ਹੈ। ਪਤਾ ਨਹੀਂ ਬਾਪ ਦੇ ਮਨ ਵਿਚ ਕੀ ਆਇਆ ਹੋਵੇਗਾ ਕਿ ਉਹ ਬੇ-ਹਰਕਤ ਤੇ ਬੇ-ਜੁਬਾਨ, ਅੱਥਰੂਆਂ ਰਾਹੀਂ ਆਪਣੀ ਵੇਦਨਾ ਪ੍ਰਗਟਾਅ ਰਿਹਾ ਏ ਅਤੇ ਇਹ ਵੇਦਨਾ ਮੇਰੇ ਮਨ ਨੂੰ ਪਿਘਲਾਉਂਦੀ, ਜਿਸਮ ਨੂੰ ਤਰਲ ਕਰਦੀ ਏ। ਤਰਾਸਦੀ ਦਾ ਸਾਹਮਣਾ ਕਰਦਿਆਂ, ਬਹੁਤ ਹੀ ਬੇਬੱਸ ਤੇ ਕਰਮਹੀਣ ਹੈ ਕਿਉਂਕਿ ਕੁਦਰਤ ਅੱਗੇ ਕਿਸੇ ਦਾ ਜੋ ਨਹੀਂ। ਸਿਰਫ਼ ਬੇਬੱਸੀ ਵਿਚ ਆਪਣੇ ਆਪ ਨੂੰ ਕੋਸਦਾ, ਕੁਝ ਚੰਗੇਰਾ ਕਰਨ ਦੀ ਕੋਸ਼ਿਸ ਕਰਦਾ ਹਾਂ। ਰਾਤ-ਦਿਨ ਬਾਪ ਦੀ ਤੰਦਰੁਸਤੀ ਦੀ ਆਸ ਨੂੰ ਬੇਆਸ ਹੋਣ ਤੋਂ ਬਚਾਈ ਰੱਖਦਾ ਹਾਂ। ਦੇਖੋ! ਇਹ ਆਸ ਪੂਰੀ ਕਦੋਂ ਹੁੰਦੀ ਆ ਜਾਂ ਨਹੀਂ।
ਬਾਪ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਹਰ ਰੋਜ਼ ਸਵੇਰੇ ਬੈੱਡ-ਸ਼ੀਟਸ ਬਦਲਣ ਅਤੇ ਕਪੜੇ ਆਦਿ ਬਦਲਣ ਦੇ ਸਮੇਂ, ਮੈਂ ਨਰਸਿੰਗ ਸਟਾਫ਼ ਦੇ ਨਾਲ ਹੀ ਰਹਿੰਦਾ ਸਾਂ ਤਾਂ ਕਿ ਸਹੀ ਤਰੀਕੇ ਨਾਲ ਸਫ਼ਾਈ ਹੋ ਸਕੇ ਅਤੇ ਕਪੜੇ ਬਦਲੇ ਜਾਣ। ਇਕ ਦਿਨ ਨਰਸਿੰਗ ਸਟਾਫ ਕਹਿਣ ਲੱਗਾ ਕਿ ਇਹ ਬਜੁਰਗ ਤੁਹਾਡੇ ਵੱਡੇ ਭਰਾ ਹਨ? ਇਹ ਸੁਣ ਕੇ ਬਾਪ ਦੀ ਸਿਹਤ ‘ਤੇ ਬਹੁਤ ਰਸ਼ਕ ਹੋਇਆ। ਜਦ ਉਹਨਾਂ ਨੂੰ ਦੱਸਿਆ ਕਿ ਬਜੁਰਗ ਤਾਂ ਮੇਰੇ ਬਾਪ ਹਨ ਤਾਂ ਉਹ ਬਹੁਤ ਹੈਰਾਨ ਵੀ ਹੋਏ ਤੇ ਖੁਸ਼ ਵੀ। ਇਹ ਬਾਪ ਦੀ ਚੰਗੀ ਸਿਹਤ ਨੂੰ ਸਲਾਮ ਸੀ।
ਆਖ਼ਰ ਨੂੰ ਡਾਕਟਰਾਂ ਨੇ ਘਰ ਲਿਜਾ ਕੇ ਸੇਵਾ ਕਰਨ ਦੀ ਸਲਾਹ ਦਿਤੀ ਤਾਂ ਅਸੀਂ ਇਕ ਟਰੇਂਡ ਨਰਸ ਨੂੰ ਘਰ ਵਿਚ ਰੱਖਣ ਅਤੇ ਪਿਤਾ ਜੀ ਨੂੰ ਮੈਡੀਕਲ ਸਹੂਲਤਾਂ ਆਦਿ ਨੂੰ ਸਹੀ ਤਰੀਕੇ ਨਾਲ ਦੇਣ ਦੀ ਤਰਜ਼ੀਹ ਵਜੋਂ ਨਾਲ ਲੈ ਲਿਆ। ਅਸੀਂ ਘਰ ਲਿਜਾਣ ਦਾ ਮਨ ਬਣਾ ਲਿਆ। ਘਰ ਵਿਚ ਹੀ ਆਕਸੀਜਨ, ਡ੍ਰਿਪ ਆਦਿ ਦਾ ਪੂਰਾ ਇੰਤਜਾਮ ਕਰ ਲਿਆ। ਇਕ ਹਫ਼ਤੇ ਤੀਕ ਬਾਪ ਨੇ ਮੇਰੇ ਘਰ ਨੂੰ ਭਾਗ ਲਾਏ। ਪਰ ਉਹਨਾਂ ਦੀ ਤਕਲੀਫ਼ ਦੇਖੀ ਨਹੀਂ ਸੀ ਜਾ ਸਕਦੀ। ਬਹੁਤ ਦੁੱਖ ਹੁੰਦਾ ਸੀ ਬਾਪ ਨੂੰ ਪੀੜਾ ਵਿਚ ਪੀੜ-ਪੀੜ ਹੁੰਦਿਆਂ ਦੇਖਣਾ।
ਕਦੇ ਕਦਾਈਂ ਬਾਪ ਥੋੜ੍ਹੀ ਜਹੀ ਅੱਖ ਖੋਲਦਾ ਹੈ। ਸਾਹਮਣੇ ਦੇਖਦਾ ਹੈ। ਕੁਝ ਵੀ ਪਤਾ ਨਹੀਂ ਲੱਗਦਾ ਸ਼ਾਇਦ ਉਹਨਾਂ ਦਾ ਦਿਮਾਗ ਕੰਮ ਨਹੀਂ ਕਰ ਰਿਹਾ। ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਯਾਦ ਕਰਵਾਉਣ ਲਈ। ਸੋਚਦਾ ਹਾਂ ਕਿ ਸ਼ਾਇਦ ਬਾਪ ਆਪਣੀ ਔਲਾਦ ਨੂੰ ਦੇਖ ਕੇ ਸੋਚੇ ਕਿ ਕਿਵੇਂ ਫੁੱਲਾਂ ਵਰਗੇ ਬੱਚਿਆਂ ਨੂੰ ਪਾਲ ਕੇ ਵੱਡੇ ਕੀਤਾ। ਆਪੋ ਆਪਣੇ ਜੀਵਨ ਵਿਚ ਉਹ ਮਿਹਨਤੀ ਤੇ ਕਾਮਯਾਬ ਨੇ। ਮੇਰੇ ਨਾਲ ਬਰ ਮੇਚਦੇ ਨੇ। ਪਰ ਮੈਂ ਇਹਨਾਂ ਨੂੰ ਚੰਗੀ ਤਰਾ੍ਹਂ ਨਿਹਾਰ ਵੀ ਨਹੀਂ ਸਕਦਾ। ਬੋਲ ਸਾਂਝੇ ਨਹੀਂ ਕਰ ਸਕਦਾ॥ ਉਸਦੀਆਂ ਬੇਜ਼ੁਬਾਨ ਭਾਵਨਾਵਾਂ ਬਹੁਤ ਤੜਫ਼ਦੀਆਂ ਹੋਣਗੀਆਂ। ਉਹਨਾਂ ਦੀ ਸੂਖ਼ਮਤਾ ਤੇ ਕੋਮਲਤਾ, ਹਾਉਕੇ ਭਰਦੀ ਹੋਵੇਗੀ। ਬਾਪ ਦੀ ਮਸਤਕ-ਸੋਚ ਵਿਚ ਹੋ ਰਹੀ ਉਥਲ਼-ਪੁਥਲ ਨੂੰ ਕਿੰਝ ਉਲਥਾਵਾਂ? ਕਿਵੇਂ ਉਹਨਾਂ ਦੀ ਥਾਹ ਪਾਵਾਂ?ਕਿਵੇਂ ਉਹਨਾਂ ਵਿਚਲੀ ਸਾਰਥਿਕਤਾ ਨੂੰ ਆਪਣੀਆਂ ਤਰਜ਼ੀਹਾਂ ਬਣਾਵਾਂ?ਸ਼ਾਇਦ ਸੋਚਦਾ ਹੋਵੇ ਕਿ ਪ੍ਰਦੇਸੀ ਪੁੱਤ ਇਥੇ ਕਿਵੇਂ ਆ? ਇਸ ਨੂੰ ਕਿਸਨੇ ਸੱਦਿਆ?ਕਿਉਂ ਆਏ ਅਤੇ ਇਹ ਕਿੰਨਾ ਕੁ ਚਿਰ ਰਹਿਣਗੇ? ਆਪਣੀਆਂ ਪੋਤਰੀਆਂ, ਨੂੰਹਾਂ ਅਤੇ ਧੀਆਂ ਨੂੰ ਆਲੇ-ਦੁਆਲੇ ਦੇਖ ਕੇ ਸੋਚਦਾ ਤਾਂ ਹੋਵੇਗਾ ਕਿ ਮੈਂਨੂੰ ਕੀ ਹੋਇਆ ਕਿ ਸਾਰਾ ਪਰਿਵਾਰ ਮੇਰੇ ਦੁਆਲੇ ਝੁਰਮਟ ਬੰਨ ਕੇ ਖੜਾ ਹੈ? ਇਹ ਵੱਖਰੇ ਮੁਹਾਂਦਰੇ ਵਾਲੀ ਕੁੜੀ (ਨਰਸ) ਕੌਣ ਹੈ ਜੋ ਮੇਰੇ ਆਪਣਿਆਂ ਦੇ ਨਾਲ-ਨਾਲ, ਮੇਰੀ ਦੇਖ ਭਾਲ ਕਰਦੀ ਹੈ?ਕੀ ਇਹ ਨਰਸ ਆ?ਇਥੇ ਕਿਉਂ ਆਈ? ਬਹੁਤ ਸਾਰੇ ਖਿਆਲ ਬਾਪ ਦੀ ਮਸਤਕ ਜੂਹ ਵਿਚ ਉਤਪੰਨ ਹੁੰਦੇ ਹੋਣਗੇ ਜਿਹਨਾਂ ਨੂੰ ਪ੍ਰਗਟ ਕਰਨ ਦੀ ਕੁਦਰਤ ਵਲੋਂ ਹੀ ਮਨਾਹੀ ਏ ਕਿਉਂਕਿ ਉਹਨਾਂ ਦਾ ਖੱਬਾ ਪਾਸਾ ਬਿਲਕੁਲ ਹੀ ਸਿਥਲ ਹੋ ਗਿਆ ਹੈ। ਜ਼ੁਬਾਨ ਬੰਦ। ਸਿਰਫ਼ ਸੱਜਾ ਹੱਥ ਤੇ ਸੱਜੀ ਲੱਤ ਹੀ ਕਦੇ-ਕਦਾਈਂ ਹਰਕਤ ਕਰਦੇ ਨੇ। ਸੋਚਦਾ ਤਾਂ ਹੋਵੇਗਾ ਕਿ ਮੈਂ ਕਿਥੇ ਹਾਂ? ਕੌਣ ਲੈ ਕੇ ਆਇਆ?ਕਿਉਂ ਲਿਆਂਦਾ ਗਿਆ?ਕਿਉਂ ਹੈ ਮੇਰੇ ਦੁਆਲੇ ਨਾਲੀਆਂ ਦਾ ਜਾਲ? ਮੈਂ ਤਾਂ ਸਾਰਾ ਉਮਰ ਇਕ ਗੋਲੀ ਵੀ ਕਦੇ ਨਹੀਂ ਸੀ ਖਾਧੀ। ਟੀਕਿਆਂ ਤੋਂ ਡਰਨ ਵਾਲਾ ਬਾਪ ਹੁਣ ਟੀਕਿਆਂ ਦਾ ਵਿੰਨਿਆ, ਪੀੜ ਪੀੜ ਹੋਇਆ, ਪੀੜਾਂ ਵਿਚੋਂ ਹੀ ਸਾਹਾਂ ਦੀ ਨਿਰੰਤਰਤਾ ਨੂੰ ਜਿਉ ਰਿਹਾ ਹੈ।
31 ਮਾਰਚ ਦਾ ਦਿਨ, ਸਵੇਰੇ 8 ਕੁ ਵਜੇ ਦਾ ਵਕਤ। ਬੇਸੁਰਤੀ ਵਿਚ ਸਾਹਾਂ ਦੀ ਪੂੰਜੀ ਖਰਚ ਕਰ ਰਹੇ ਬਾਪ ਕੋਲ ਬੈਠਾ, ਬਾਹਾਂ ਤੇ ਲੱਤਾਂ ਨੂੰ ਹੌਲੀ ਹੌਲੀ ਨੱਪ ਰਿਹਾ ਹਾਂ। 18 ਦਿਨ ਹੋ ਗਏ ਨੇ ਬੇਸੁਰਤੀ ਦੇ। ਕੋਈ ਨਹੀਂ ਬੋਲਾਂ ਦੀ ਸਾਂਝ ਅਤੇ ਨਾ ਹੀ ਅੱਖ ਪੁੱਟਦੇ। ਕਦੇ ਕਦੇ ਅੱਖ ਖੋਲਣ ਦਾ ਭੁਲੇਖਾ ਜਿਹਾ ਪੈਂਦਾ ਜੋ ਸਿਰਫ਼ ਇਕ ਭਰਮ ਹੀ ਹੁੰਦਾ। ਬੜਾ ਚਾਅ ਸੀ ਮਨ ਵਿਚ ਕਿ ਬਾਪ ਨਾਲ ਕੁਝ ਬੋਲਾਂ ਦੀ ਸਾਂਝ ਤਾਂ ਪਵੇ। ਪਰ ਸਭ ਅਸੰਭਵ। ਮਨ ਮਸੋਸ ਕੇ ਰਹਿ ਗਿਆ। ਸਾਰਾ ਪਰਿਵਾਰ ਚਿੰਤਾਗ੍ਰਸਤ। ਮੈਂ ਸੋਚਾਂ ‘ਚ ਬਾਪ ਦੀ ਜ਼ਿੰਦਗੀ ਦੀਆਂ ਪਰਤਾਂ ਫਰੋਲਦਾ, ਉਹਨਾਂ ਪਲਾਂ ਦੀ ਨਿਸ਼ਾਨਦੇਹੀ ‘ਚ ਗੁਆਚਿਆ ਹਾਂ। ਅਚਾਨਕ ਪਿਤਾ ਜੀ ਇਕ ਦਮ ਪੂਰੀਆਂ ਅੱਖਾਂ ਖੋਲ ਕੇ ਮੈਂਨੂੰ ਨਿਹਾਰਦੇ ਨੇ। ਮੈਂ ਵੀ ਉਹਨਾਂ ਵੰਨੀਂ ਦੇਖਦਾ, ਮਨ ਦੇ ਵਲਵਲਿਆਂ ਨੂੰ ਜੁਬਾਨ ਦੇਣ ਤੋਂ ਅਸਮਰਥ। ਸੋਚਦਾ ਹਾਂ ਪਤਾ ਨਹੀਂ ਪਿਤਾ ਜੀ ਇਸ ਸਮੇਂ ਕੀ ਸੋਚਦਾ ਹੋਣਗੇ? ਕੀ ਬੋਲਣਾ ਚਾਹੁੰਦਾ ਨੇ?ਕਿਹੜੀਆਂ ਅਸੀਸਾਂ ਨਾਲ ਨਿਵਾਜਣਾ ਚਾਹੁੰਦੇ ਨੇ?ਕਿਹੜੀ ਅਸ਼ੀਰਵਾਦ ਆਪਣੇ ਆਰ-ਪਰਿਵਾਰ ਦੇ ਨਾਮ ਕਰਨ ਲਈ ਕਾਹਲੇ ਨੇ? ਪਰ ਬੋਲ ਨਹੀਂ ਸਕਦੇ। ਉਹਨਾਂ ਦੇ ਖੁੱਲ੍ਹੇ ਦੀਦਿਆਂ ਵਿਚ ਆਏ ਹਾਵ-ਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਆਪ ਮੁਹਾਰੇ ਬਾਪ ਨੂੰ ਕਹਿੰਦਾ ਹਾਂ ਕਿ ਹੁਣ ਤੁਹਾਡੀਆਂ ਅੱਖਾਂ ਪੂਰੀਆਂ ਖੁੱਲੀਆਂ ਨੇ ਅਤੇ ਤੁਸੀਂ ਬਹੁਤ ਜਲਦੀ ਠੀਕ ਹੋ ਜਾਣਾ ਹੈ। ਇਕ ਧਰਵਾਸ ਸੀ ਖੁਦ ਤੇ ਬਾਪ ਲਈ। ਪਰ ਇਹ ਧਰਵਾਸ ਬੁੱਝਦੇ ਦੀਵੇ ਦੀ ਆਖਰੀ ਲੋਅ ਵਰਗਾ। ਟੁੱਟੇ ਤਾਰੇ ਦਾ ਆਖਰੀ ਝਲਕਾਰਾ। ਬਾਪ ਵਲੋਂ ਸਾਹ ਸਮੇਟਣ ਲੱਗਿਆਂ, ਸਾਹਾਂ ਨੂੰ ਨਵੀਂ ਉਡਾਣ ਦੇਣ ਦੀ ਤੀਬਰਤਾ। ਮੇਰੇ ਦੇਖਦਿਆਂ ਦੇਖਦਿਆਂ ਬਾਪ ਇਕ ਲੰਮਾ ਸਾਹ ਲੈਂਦਾ ਏ ਅਤੇ ਫਿਰ ਇਕ ਦਮ ਸ਼ਾਂਤ। ਭੌਰ ਉਡਾਰੀ ਮਾਰ ਗਿਆ। ਪੈਗੰਬਰਾਂ ਵਰਗੀ ਆਖਰੀ ਅਲਵਿਦਾ। ਮੌਤ ਇੰਨੀ ਸਹਿਜ ਵੀ ਹੋ ਸਕਦੀ ਆ, ਮਨ ਮੰਨਣ ਲਈ ਤਿਆਰ ਨਹੀਂ। ਬਾਪ ਦੇ ਹੱਥ ਮੇਰੇ ਹੱਥਾਂ ਵਿਚ ਫੜੇ ਰਹਿ ਗਏ । ਕੇਹੀ ਹੈ ਇਹ ਇਕ ਦਮ ਸਾਹ-ਸਮੇਟਣ ਦੀ ਕਾਹਲ। ਘਬਰਾਹਟ ਵਿਚ ਪਲਸ-ਮੀਟਰ ਲਾਉਂਦਾ ਹਾਂ ਪਰ ਧੜਕਣ ਨਜ਼ਰ ਨਹੀਂ ਆਉਂਦੀ। ਨਰਸ ਨੂੰ ਹਾਕ ਮਾਰਦਾ, ਉਹ ਵਿਚਾਰੀ ਦੌੜਦੀ ਆਈ ਅਤੇ ਸ਼ਾਂਤ ਬਾਪ ਵੰਨੀਂ ਦੇਖ ਕੇ ਉਦਾਸੀ ਦੇ ਆਲਮ ਵਿਚ ਡੁੱਬ ਗਈ। ਉਸਦੀਆਂ ਅੱਖਾਂ ਵਿਚ ਭਾਣਾ ਵਰਤਣ ਦਾ ਸੱਚ। ਪਰ ਕਹਿਣ ਤੋਂ ਅਸਮਰਥ। ਡਾਕਟਰ ਨੂੰ ਫ਼ੋਨ ਕਰਦਾ ਹਾਂ। ਪੰਜ ਮਿੰਂਟ ਵਿਚ ਉਹ ਪਹੁੰਚ ਜਾਂਦਾ ਹੈ। ਬਾਪ ਨੂੰ ਦੇਖਦਿਆਂ ਹੀ ਕਹਿੰਦਾ ਹੈ ਕਿ ਮੌਤ ਸਭ ਤੋਂ ਵੱਡਾ ਸੱਚ ਏ ਅਤੇ ਹੁਣ ਇਸ ਸੱਚ ਨੂੰ ਮੰਨਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ।
ਬਾਪ ਉਸ ਸਫ਼ਰ ‘ਤੇ ਤੁੱਰ ਜਾਂਦਾ ਏ ਜਿਥੋਂ ਕਦੇ ਕੋਈ ਵਾਪਸ ਨਹੀਂ ਪਰਤਿਆ। ਨਾ ਹੀ ਆਇਆ ਏ ਕਦੇ ਕੋਈ ਸੁਖ-ਸੁਨੇਹਾ।
ਬਾਪ ਤੁੱਰ ਗਿਆ ਅਤੇ ਰਹਿ ਗਈਆਂ ਨਿਭਾਉਣ ਵਾਲੀਆਂ ਕੁਝ ਕੁ ਰਸਮਾਂ, ਰਿਵਾਜ਼ ਮਰਿਆਦਾਵਾਂ ਅਤੇ ਰਹੁ-ਰੀਤਾਂ। ਮਨ ਵਿਚ ਵਿਚਾਰਾਂ ਦੀ ਉਥਲ-ਪੁਥਲ। ਆਸ ਦੇ ਟੁੱਟਣ ਦੀ ਚੀਸ ਦੀਦਿਆਂ ਵਿਚ ਵਹਿ ਤੁਰੀ। ਬਾਪ ਦੇ ਜਾਣ ਤੋਂ ਬਾਅਦ, ਉਸਦੀਆਂ ਆਖਰੀ ਰਸਮਾਂ ਨੂੰ ਨਿਭਾਉਣ ਦੀ ਵਾਰੀ। ਰਸਮਾਂ ਜੋ ਤੁੱਰ ਗਿਆ ਨੂੰ ਅਰਪਿੱਤ ਹੁੰਦੀਆਂ। ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਪੂਰਨ ਸ਼ਰਧਾ, ਸਮਰਪਿੱਤਾ, ਅਦਬ ਅਤੇ ਅਦਾਬ ਨਾਲ ਰੁੱਖਸਤ ਕਰਨਾ।
ਬਾਪ ਸਾਰੀ ਉਮਰ ਪਿੰਡ ਹੀ ਰਿਹਾ। ਇਸ ਲਈ ਬਾਪ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਜਾਣ ਅਤੇ ਉਥੇ ਹੀ ਸਸਕਾਰ ਕਰਨ ਦਾ ਫੈਸਲਾ ਹੁੰਦਾ ਏ। ਬਾਪ ਦੇ ਮ੍ਰਿਤਕ ਸਰੀਰ ਨੂੰ ਫਿਊਨਰਲ ਵੈਨ ਵਿਚ ਪਿੰਡ ਨੂੰ ਲਿਜਾਂਦਿਆਂ ਸੋਚਦਾ ਰਿਹਾ ਕਿ ਜਦ ਬਾਪ ਬਿਮਾਰ ਹੋ ਕੇ ਸ਼ਹਿਰ ਆਇਆ ਸੀ ਤਾਂ ਕਦੇ ਕਿਆਸ ਵੀ ਨਹੀਂ ਸੀ ਕਿ ਉਹ ਲੋਥ ਬਣ ਕੇ ਉਸ ਪਿੰਡ ਨੂੰ ਵਾਪਸ ਪਰਤੇਗਾ ਜਿਸਦੀਆਂ ਰਾਹਾਂ ਦਾ ਚੱਪਾ-ਚੱਪਾ ਉਸਨੇ ਪੈਦਲ ਗਾਹਿਆ ਸੀ ਅਤੇ ਸਾਈਕਲ ‘ਤੇ ਜਾਂਦਿਆਂ ਇਹ ਰਾਹਾਂ ਉਸਨੂੰ ਖੂਬ ਪਛਾਣਦੀਆਂ ਸਨ। ਹਰ ਦੁੱਖ, ਦਰਦ ਅਤੇ ਚੀਸ ਨੂੰ ਪਿੰਡੇ ‘ਤੇ ਸਹਿਣ ਵਾਲਾ ਬਾਪ ਹੁਣ ਖਾਮੋਸ਼ ਉਸ ਜੂਹ ਵਿਚ ਆ ਪਹੁੰਚਿਆ ਜਿਥੇ ਬਚਪਨੇ ਤੋਂ ਲੈ ਕੇ ਹੁਣ ਤੀਕ ਜੀਵਨ ਦੇ ਹਰ ਰੰਗ ਨੂੰ ਬਹੁਤ ਹੀ ਭਰਪੂਰਤਾ ਨਾਲ ਜੀਵਿਆ।
ਪਿੰਡ ਦੇ ਸੋਗਵਾਰ ਮਾਹੌਲ ਵਿਚ ਖੁਦ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਜਦ ਬਾਪ ਦੇ ਕਰੀਬੀ ਅਤੇ ਭਾਈਚਾਰੇ ਦੇ ਲੋਕ ਉਸਦੇ ਜੀਵਨ ਨਾਲ ਜੁੜੀਆਂ ਗੱਲਾਂ ਨੂੰ ਸਾਂਝਾ ਕਰਦੇ ਨੇ। ਗੱਲਾਂ ਸੁਣ ਕੇ, ਉਹਨਾਂ ਦੀ ਜੀਵਨ-ਭਰਪੂਰਤਾ ਅਤੇ ਇਮਾਨਦਾਰ ਜ਼ਿੰਦਗੀ ‘ਤੇ ਬਹੁਤ ਰਸ਼ਕ ਆਉਂਦਾ। ਉਸਦਾ ਸਾਥੀ ਦੱਸਦਾ ਹੈ ਕਿ ‘ਕੇਰਾਂ ਹਲਵਿਆਂ ਦਾ ਲੱਦਿਆ ਗੱਡਾ ਲੈ ਕੇ ਜਲੰਧਰ ਜਾਂਦਿਆ ਇਕ ਬਲਦ ਰਸਤੇ ਵਿਚ ਹੀ ਹੰਭ ਗਿਆ। ਤੇਰੇ ਭਾਪੇ ਨੇ ਗੱਡੇ ਦਾ ਜੂਲਾ ਆਪਣੇ ਮੋਢੇ ‘ਤੇ ਰੱਖ ਲਿਆ ਅਤੇ ਗੱਡੇ ਨੂੰ ਜਲੰਧਰ ਤੀਕ ਲੈ ਗਿਆ। ਇਹ ਸੀ ਉਹਨਾਂ ਦੇ ਜਿਸਮਾਨੀ ਤਾਕਤ ਦੀਆਂ ਅਨੇਕਾਂ ਘਟਨਾਵਾਂ ਵਿਚੋਂ ਇਕ ਘਟਨਾ ਜੋ ਉਸਦੇ ਸਾਥੀ ਹੁਣ ਵੀ ਮਾਣ ਨਾਲ ਦੱਸਦੇ ਨੇ। ਕਵਿੰਟਲ ਦੀ ਕਣਕ ਦੀ ਬੋਰੀ ਖੁਦ ਪਿੱਠ ‘ਤੇ ਰੱਖ ਕੇ ਚੁਬਾਰੇ ਤੋਂ ਲੱਕੜ ਦੀ ਪੌੜੀ ਰਾਹੀ ਉਤਰਨਾ ਅਤੇ ਪਿੰਡੋ ਬਾਹਵਾਰ ਗੱਡੇ ‘ਤੇ ਲੱਦਣਾ ਤਾਂ ਉਹਨਾਂ ਦਾ ਨਿੱਤ ਦਾ ਕਾਰਜ ਸੀ ਕਿਉਂਕਿ ਉਹ ਗੱਡਾ ਵੀ ਵਾਹੁੰਦੇ ਸਨ।
(ਬਾਕੀ ਅਗਲੇ ਹਫਤੇ)

Check Also

1965 ਨੂੰ ਹੋਈ ਲੜਾਈ ਦੇ ਵਿਸ਼ੇਸ਼ ਸੰਦਰਭ ‘ਚ

ਪਾਕਿਸਤਾਨ ਨਾਲ ਹੋਈ ਰਣ-ਕੱਛ ਦੀ ਲੜਾਈ ਕੈਪਟਨ ਇਕਬਾਲ ਸਿੰਘ ਵਿਰਕ 647-631-9445 ਗੁਆਂਢੀ ਦੇਸ਼ ਪਾਕਿਸਤਾਨ ਨਾਲ …