ਪੁੱਛਗਿੱਛਲੰਡਨ ‘ਚ 19 ਲੱਖ ਪੌਂਡ ‘ਚ ਖਰੀਦੀ ਜਾਇਦਾਦ ਦਾ ਮਾਲਕ ਹੈ ਵਾਡਰਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀ ਰਿਸ਼ਤੇਦਾਰ ਅਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਕੋਲੋਂ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਬੁੱਧਵਾਰ ਨੂੰ ਕਰੀਬ ਪੰਜ ਘੰਟਿਆਂ ਤੱਕ ਪੁੱਛ-ਗਿੱਛ ਕੀਤੀ। ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਪਾਰਟੀ ਵਿਚ ਅਹੁਦਾ ਦਿੱਤੇ ਜਾਣ ਦੇ ਐਲਾਨ ਦੇ ਕੁਝ ਦਿਨਾਂ ਮਗਰੋਂ ਰਾਬਰਟ ਵਾਡਰਾ ਦੀ ਈਡੀ ਮੂਹਰੇ ਪੇਸ਼ੀ ਹੋਈ ਹੈ।ਵਾਡਰਾ ਨੂੰ ਈਡੀ ਦੇ ਜਾਮਨਗਰ ਹਾਊਸ ਦਫ਼ਤਰ ‘ਤੇ ਛੱਡਣ ਲਈ ਖੁਦ ਪ੍ਰਿਅੰਕਾ ਗਾਂਧੀ ਸਫ਼ੈਦ ਟੋਇਟਾ ਲੈਂਡ ਕਰੂਜ਼ਰ ‘ਤੇ ਆਈ। ਈਡੀ ਵੱਲੋਂ ਪਤੀ ਤੋਂ ਪੁੱਛ-ਗਿੱਛ ਬਾਰੇ ਸਵਾਲ ਕੀਤੇ ਜਾਣ ‘ਤੇ ਪ੍ਰਿਅੰਕਾ ਨੇ ਸਿਰਫ਼ ਇਹੋ ਆਖਿਆ, ”ਮੈਂ ਆਪਣੇ ਪਰਿਵਾਰ ਨਾਲ ਖੜ੍ਹੀ ਹਾਂ।”
ਦਿੱਲੀ ਦੀ ਅਦਾਲਤ ਨੇ ਵਾਡਰਾ ਨੂੰ ਜਾਂਚ ਵਿਚ ਸਹਿਯੋਗ ਦੇਣ ਦੇ ਨਿਰਦੇਸ਼ ਦਿੰਦਿਆਂ ਉਸ ਨੂੰ ਲੰਡਨ ਤੋਂ ਪਰਤ ਕੇ ਬੁੱਧਵਾਰ ਨੂੰ ਈਡੀ ਕੋਲ ਪੇਸ਼ ਹੋਣ ਲਈ ਕਿਹਾ ਸੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਵਾਡਰਾ ਤੋਂ ਈਡੀ ਦੇ ਤਿੰਨ ਅਧਿਕਾਰੀਆਂ ਨੇ ਦਰਜਨ ਸਵਾਲ ਕੀਤੇ।
ਇਨ੍ਹਾਂ ਵਿਚ ਲੰਡਨ ‘ਚ ਅਚੱਲ ਜਾਇਦਾਦ ਦੀ ਖ਼ਰੀਦ ਅਤੇ ਲੈਣ-ਦੇਣ ਆਦਿ ਜਿਹੇ ਸਵਾਲ ਸ਼ਾਮਲ ਹਨ। ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਵਾਲੇ ਐਕਟ (ਪੀਐਮਐਲਏ) ਤਹਿਤ ਉਸ ਦੇ ਬਿਆਨ ਦਰਜ ਕੀਤੇ ਗਏ ਹਨ। ਇਹ ਕੇਸ ਲੰਡਨ ਸਥਿਤ 12, ਬ੍ਰਾਇਨਸਟਨ ਸਕੁਏਅਰ ਵਿਚ 19 ਲੱਖ ਪਾਊਂਡ ‘ਚ ਖ਼ਰੀਦੀ ਜਾਇਦਾਦ ਦੇ ਸਬੰਧ ਵਿਚ ਹੈ ਜਿਸ ਦਾ ਮਾਲਕ ਵਾਡਰਾ ਨੂੰ ਦੱਸਿਆ ਗਿਆ ਹੈ। ਰਾਬਰਟ ਵਾਡਰਾ ਦੁਪਹਿਰ ਬਾਅਦ 3.47 ਵਜੇ ਈਡੀ ਦੇ ਦਫ਼ਤਰ ਵਿਚ ਦਾਖ਼ਲ ਹੋਏ ਅਤੇ ਰਾਤ ਪੌਣੇ ਦਸ ਵਜੇ ਦੇ ਕਰੀਬ ਉਹ ਬਾਹਰ ਆਏ। ਅਧਿਕਾਰੀਆਂ ਮੂਹਰੇ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਹਾਜ਼ਰੀ ਵਾਲੇ ਰਜਿਸਟਰ ‘ਤੇ ਦਸਤਖ਼ਤ ਕੀਤੇ। ਕੁਝ ਹਫ਼ਤੇ ਪਹਿਲਾਂ ਈਡੀ ਨੇ ਇਸ ਕੇਸ ਵਿਚ ਜਿਸ ਸਥਾਨਕ ਕਾਂਗਰਸ ਆਗੂ ਜਗਦੀਸ਼ ਸ਼ਰਮਾ ਤੋਂ ਪੁੱਛ-ਗਿੱਛ ਕੀਤੀ ਸੀ, ਉਹ ਵੀ ਏਜੰਸੀ ਦੇ ਦਫ਼ਤਰ ਬਾਹਰ ਹਾਜ਼ਰ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਰਮਾ ਨੇ ਦੋਸ਼ ਲਾਇਆ ਕਿ ਵਾਡਰਾ ਨੂੰ ਇਸ ਕੇਸ ‘ਚ ਫਸਾਇਆ ਜਾ ਰਿਹਾ ਹੈ। ਵਾਡਰਾ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।
ਵਾਡਰਾ ਰੋਡਪਤੀ ਤੋਂ ਕਰੋੜਪਤੀ ਬਣਨ ਦਾ ਫਾਰਮੂਲਾ ਦੱਸੇ: ਭਾਜਪਾ
ਨਵੀਂ ਦਿੱਲੀ: ਈਡੀ ਵੱਲੋਂ ਰਾਬਰਟ ਵਾਡਰਾ ਤੋਂ ਪੁੱਛ-ਗਿੱਛ ਕੀਤੇ ਜਾਣ ਮਗਰੋਂ ਭਾਜਪਾ ਨੇ ਕਾਂਗਰਸ ਅਤੇ ਵਾਡਰਾ ‘ਤੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਉਸ ਨੇ ਯੂਪੀਏ ਸ਼ਾਸਨ ਦੌਰਾਨ ਪੈਟਰੋਲੀਅਮ ਅਤੇ ਰੱਖਿਆ ਸੌਦਿਆਂ ਵਿਚ ਰਿਸ਼ਵਤ ਲੈ ਕੇ ਲੰਡਨ ‘ਚ 8-9 ਸੰਪਤੀਆਂ ਖ਼ਰੀਦੀਆਂ ਹਨ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਵਾਡਰਾ ‘ਤੇ ਸਵਾਲ ਦਾਗ਼ਿਆ, ”ਰੋਡਪਤੀ ਤੋਂ ਕਰੋੜਪਤੀ ਬਣਨ ਦਾ ਕੀ ਫਾਰਮੂਲਾ ਹੈ?” ਉਸ ਨੇ ਕਿਹਾ ਕਿ ਕਾਂਗਰਸ ਦਾ ਮੂਲ ਏਜੰਡਾ ਰਿਸ਼ਵਤ ਰਿਹਾ ਹੈ ਅਤੇ ਪਰਿਵਾਰ ਦਾ ਹਰੇਕ ਮੈਂਬਰ ਜ਼ਮਾਨਤ ‘ਤੇ ਹੈ। ਪਾਤਰਾ ਨੇ ਦਾਵਆ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਮੁਕਾਬਲਾ ਭ੍ਰਿਸ਼ਟਾਂ ਦੇ ਗਰੋਹ ਬਨਾਮ ਮੋਦੀ ਸਰਕਾਰ ਦੀ ਪਾਰਦਰਸ਼ਤਾ ਵਿਚਕਾਰ ਹੈ।
ਪ੍ਰਿਅੰਕਾ ਗਾਂਧੀ ਨੇ ਅਹੁਦਾ ਸੰਭਾਲਿਆ
ਨਵੀਂ ਦਿੱਲੀ : ਪ੍ਰਿਅੰਕਾ ਗਾਂਧੀ ਵਾਡਰਾ ਅਤੇ ਸੀਨੀਅਰ ਕਾਂਗਰਸ ਆਗੂ ਜੋਤਿਰਾਦਿਤਿਆ ਸਿੰਧੀਆ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਜੋਂ ਅਹੁਦੇ ਸੰਭਾਲ ਲਏ ਹਨ। ਪ੍ਰਿਅੰਕਾ ਨੂੰ ਉੱਤਰ ਪ੍ਰਦੇਸ਼ ਪੂਰਬੀ ਅਤੇ ਸਿੰਧੀਆ ਨੂੰ ਉੱਤਰ ਪ੍ਰਦੇਸ਼ ਪੱਛਮੀ ਦਾ ਇੰਚਾਰਜ ਵੀ ਬਣਾਇਆ ਗਿਆ ਹੈ। ਪਤੀ ਰਾਬਰਟ ਵਾਡਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿਚ ਛੱਡਣ ਮਗਰੋਂ ਪ੍ਰਿਅੰਕਾ ਨੇ ਅਹੁਦਾ ਸੰਭਾਲਿਆ। ਇਸ ਮਗਰੋਂ ਉਸ ਨੇ ਪਾਰਟੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਕਾਂਗਰਸ ਪ੍ਰਧਾਨ ਅਤੇ ਭਰਾ ਰਾਹੁਲ ਗਾਂਧੀ ਨੇ ਪ੍ਰਿਅੰਕਾ ਅਤੇ ਸਿੰਧੀਆ ਨੂੰ ਪਾਰਟੀ ਦਾ ਜਨਰਲ ਸਕੱਤਰ 23 ਜਨਵਰੀ ਨੂੰ ਨਿਯੁਕਤ ਕੀਤਾ ਸੀ। ਉਸ ਦਾ ਦਫ਼ਤਰ ਅਕਬਰ ਰੋਡ ‘ਤੇ ਕਾਂਗਰਸ ਦੇ ਹੈੱਡਕੁਆਰਟਰ ‘ਤੇ ਹੈ ਜਿਥੇ ਨਾਲ ਹੀ ਰਾਹੁਲ ਦਾ ਕਮਰਾ ਹੈ। ਉਧਰ ਸਿੰਧੀਆ ਨੇ ਪਾਰਟੀ ਵਿਚ ਨਵਾਂ ਅਹੁਦਾ ਸਾਂਭਣ ਮਗਰੋਂ ਗਣੇਸ਼ ਪੂਜਾ ਕੀਤੀ। ਬਾਅਦ ਵਿਚ ਉਨ੍ਹਾਂ ਪੱਛਮੀ ਉੱਤਰ ਪ੍ਰਦੇਸ਼ ਸਮੇਤ ਕੁਝ ਹੋਰ ਪਾਰਟੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਇਸ ਸਬੰਧੀ ਟਵਿੱਟਰ ‘ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਵੱਡੀ ਗਿਣਤੀ ਲੋਕ ਸਭਾ ਸੀਟਾਂ ਜਿੱਤ ਕੇ ਕੇਂਦਰ ‘ਚ ਸਰਕਾਰ ਬਣਾਉਣ ਦਾ ਚੰਗਾ ਮੌਕਾ ਹੈ ਅਤੇ ਫਿਰ ਸੂਬੇ ਵਿਚ 2022 ‘ਚ ਵੀ ਸਰਕਾਰ ਬਣਾਏਗੀ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …