5.2 C
Toronto
Tuesday, February 17, 2026
spot_img
Homeਭਾਰਤਲੋਕਪਾਲ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਫਿਰ ਭੁੱਖ ਹੜਤਾਲ 'ਤੇ...

ਲੋਕਪਾਲ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਫਿਰ ਭੁੱਖ ਹੜਤਾਲ ‘ਤੇ ਬੈਠੇ ਸਨ ਅੰਨਾ

ਮੋਦੀ ਦੇਸ਼ ਨੂੰ ਲਿਜਾ ਰਹੇ ਹਨ ਤਾਨਾਸ਼ਾਹੀ ਵੱਲ : ਅੰਨਾ ਹਜ਼ਾਰੇ
ਭਾਜਪਾ ਨੇ 2014 ‘ਚ ਮੈਨੂੰ ਚੋਣਾਂ ਜਿੱਤਣ ਲਈ ਵਰਤਿਆ
ਮੇਰੇ ਅੰਦੋਲਨ ਨੇ ਭਾਜਪਾ ਅਤੇ ‘ਆਪ’ ਨੂੰ ਸੱਤਾ ਵਿਚ ਲਿਆਂਦਾ
ਅਹਿਮਦਨਗਰ : ਲੋਕਪਾਲ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਚੱਲ ਰਹੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਨੂੰ ਵਰਤਿਆ ਗਿਆ। ਆਪਣੇ ਪਿੰਡ ਰਾਲੇਗਣ ਸਿੱਧੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਹਜ਼ਾਰੇ ਨੇ ਕਿਹਾ, ”ਹਾਂ, ਭਾਜਪਾ ਨੇ 2014 ਵਿੱਚ ਮੇਰਾ ਇਸਤੇਮਾਲ ਕੀਤਾ ਸੀ। ਹਰ ਕੋਈ ਜਾਣਦਾ ਹੈ ਕਿ ਲੋਕਪਾਲ ਲਈ ਇਹ ਮੇਰਾ ਅੰਦੋਲਨ ਸੀ ਜਿਸ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ। ਹੁਣ ਮੇਰੇ ਦਿਲ ਵਿੱਚੋਂ ਉਨ੍ਹਾਂ ਲਈ ਸਨਮਾਨ ਖ਼ਤਮ ਹੋ ਚੁੱਕਾ ਹੈ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੋਦੀ ਸਿਰਫ਼ ਦੇਸ਼ ਦੇ ਲੋਕਾਂ ਨੂੰ ਵਰਗਲਾ ਰਹੇ ਹਨ ਅਤੇ ਦੇਸ਼ ਨੂੰ ਤਾਨਾਸ਼ਾਹੀ ਵੱਲ ਲੈ ਕੇ ਜਾ ਰਹੇ ਹਨ। ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਝੂਠ ਬੋਲ ਰਹੀ ਹੈ ਪਰ ਇਹ ਝੂਠ ਕਦੋਂ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਦਾਅਵਾ ਕਿ ਉਨ੍ਹਾਂ ਦੀਆਂ 90 ਫ਼ੀਸਦੀ ਮੰਗਾਂ ਮੰਨ ਲਈਆਂ ਹਨ, ਵੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸਾਲ 2011 ਤੇ 2014 ‘ਚ ਉਨ੍ਹਾਂ ਦੇ ਅੰਦੋਲਨ ਤੋਂ ਫਾਇਦਾ ਲੈਣ ਵਾਲੇ ਲੋਕ ਹੁਣ ਉਨ੍ਹਾਂ ਦੀਆਂ ਮੰਗਾਂ ਤੋਂ ਪਿੱਠ ਮੋੜ ਗਏ ਹਨ ਅਤੇ ਪਿਛਲੇ ਪੰਜ ਸਾਲਾਂ ਵਿੱਚ ਕੁਝ ਵੀ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਮੰਤਰੀ ਉਨ੍ਹਾਂ ਕੋਲ ਆਉਣਗੇ ਤੇ ਮਸਲੇ ਸਬੰਧੀ ਗੱਲਬਾਤ ਕਰਨਗੇ ਪਰ ਫੋਕੇ ਭਰੋਸਿਆਂ ਪ੍ਰਤੀ ਉਨ੍ਹਾਂ ਦੀ ਨਾਂਹ ਹੀ ਰਹੇਗੀ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਵਾਅਦਿਆਂ ਤੋਂ ਭਰੋਸਾ ਉੱਠ ਚੁੱਕਿਆ ਹੈ, ਇਸ ਵਾਸਤੇ ਸਭ ਕੁਝ ਲਿਖਤ ਵਿੱਚ ਦੇਣਾ ਹੋਵੇਗਾ। ਇਕ ਸਵਾਲ ਦੇ ਜਵਾਬ ਵਿੱਚ ਹਜ਼ਾਰੇ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਸਵਾਗਤ ਹੈ ਪਰ ਉਹ ਕੇਜਰੀਵਾਲ ਨੂੰ ਆਪਣੇ ਨਾਲ ਮੰਚ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ।
ਅੰਨਾ ਹਜ਼ਾਰੇ ਨੇ ਭੁੱਖ ਹੜਤਾਲ ਵਾਪਸ ਲਈ
ਸਿੱਧੀ : ਉੱਘੇ ਸਮਾਜਸੇਵੀ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਅਤੇ ਸੁਭਾਸ਼ ਭਾਮਰੇ ਨਾਲ ਇੱਥੇ ਲੰਮੀ ਮੀਟਿੰਗ ਵਿਚ ਮਿਲੇ ਭਰੋਸਿਆਂ ਤੋਂ ਬਾਅਦ ਆਪਣੀ ਭੁੱਖ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਜ਼ਾਰੇ (81) ਨੇ ਲੋਕਪਾਲ ਦੀ ਮੰਗ ਮੰਨਵਾਉਣ ਲਈ 30 ਜਨਵਰੀ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਜਲਦੀ ਹੀ ਲੋਕਪਾਲ ਨਿਯੁਕਤ ਕਰਨ ਦੀ ਪ੍ਰਕਿਰਿਆ ਆਰੰਭੀ ਜਾਵੇਗੀ।

RELATED ARTICLES
POPULAR POSTS