Home / ਕੈਨੇਡਾ / ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ

ਬਰੈਂਪਟਨ/ਬਾਸੀ ਹਰਚੰਦ : ਗਦਰ ਲਹਿਰ ਦੇ ਸ਼ਹੀਦਾਂ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਗੁਰੁ ਤੇਗ ਬਹਾਦਰ ਖਾਲਸਾ ਸਕੂਲ ਦੇ ਹਾਲ ਵਿੱਚ 17 ਨਵੰਬਰ ਨੂੰ ਮਨਾਇਆ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਡਾ:ਵਰਿਆਮ ਸਿੰਘ, ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਪ੍ਰਿੰਸੀਪਲ ਸਰਵਣ ਸਿੰਘ, ਉਘੇ ਸਾਹਿਤਕਾਰ ਪੂਰਨ ਸਿੰਘ ਪਾਂਧੀ ਅਤੇ ਗੁਰਦਿਆਲ ਸਿੰਘ ਢੱਲਾ ਨੇ ਕੀਤੀ।
ਕਰਤਾਰ ਸਿੰਘ ਸਰਾਭਾ ਨੂੰ ਛੇ ਸਾਥੀਆਂ ਸਮੇਤ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਵਿੱਚ ਲਹੌਰ ਜੇਲ੍ਹ ਵਿੱਚ ਫਾਂਸੀ ਦਿਤੀ ਗਈ। ਉਨ੍ਹਾਂ ਦਾ ਇਹ ਸ਼ਹੀਦੀ ਦਿਵਸ ਮਨਾਉਣ ਲਈ ਇਸ ਦਿਨ ਤੇ ਬੁਧੀਜੀਵੀਆਂ, ਸਮਾਜਿਕ ਕਾਰਕੁਨਾਂ, ਸੀਨੀਅਰਜ਼ ਦੀਆਂ ਕਲੱਬਾਂ ਦੇ ਸਹਿਯੋਗ ਨਾਲ ਹਾਲ ਵਿੱਚ ਭਰਵੀਂ ਹਾਜ਼ਰੀ ਸੀ। ਇਹ ਗੱਲ ਪਰਤੱਖ ਦਿਸਦੀ ਸੀ ਕਿ ਸ਼ਹੀਦਾਂ ਪ੍ਰਤੀ ਲੋਕਾ ਦੇ ਮਨਾਂ ਵਿੱਚ ਅਥਾਰ ਪਿਆਰ ਤੇ ਸਤਿਕਾਰ ਹੈ ਜਿਨ੍ਹਾਂ ਭਾਰਤ ਦੀ ਅਜ਼ਾਦੀ ਦੀ ਲੜਾਈ ਸ਼ੁਰੂ ਕੀਤੀ। ਡਾ: ਵਰਿਆਮ ਸਿੰਘ ਸੰਧੂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਸਮੇਂ ਦੱਸਿਆ ਕਿ ਜਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਅੰਗਰੇਜ਼ ਹਕੂਮਤ ਦੇ ਮਨ ਵਿੱਚ ਖੌਫ ਸੀ ਕਿ ਇਸ ਨਾਲ ਭਾਰਤ ਵਿੱਚ ਵੱਡੀ ਰੋਸ ਲਹਿਰ ਪੈਦਾ ਹੋ ਜਾਏਗੀ। ਇਸ ਲਈ ਵਾਇਸਰਾਏ ਲਾਰਡ ਹਾਰਡਿੰਗ ਵਿਸ਼ੇਸ਼ ਤੌਰ ‘ਤੇ ਪੰਜਾਬ ਆਏ ਅਤੇ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕੌਂਸਲ ਬਣਾਈ।
ਲ਼ਾਰਡ ਹਾਰਡਿੰਗ ਕਰਤਾਰ ਸਿੰਘ ਦੀ ਸਜ਼ਾ ਬਾਰੇ ਨਰਮ ਗੋਸ਼ਾ ਰੱਖਦਾ ਸੀ ਪਰ ਕੌਸਲ ਦੇ ਬਹੁ ਗਿਣਤੀ ਮੈਂਬਰ ਦੀ ਰਾਏ ਸੀ ਕਿ ਇਹ ਸੱਭ ਤੋਂ ਖਤਰਨਾਕ ਹੈ ਜੋ ਗਦਰ ਲਹਿਰ ਦੇ ਛੋਟੇ ਵੱਡੇ ਸੱਭ ਫੈਸਲੇ ਕਰਨ ਵਿੱਚ ਇਹ ਹਰ ਥਾਂ ਮੌਜੂਦ ਪਾਇਆ ਗਿਆ ਹੈ, ਇਹ ਹਰ ਸਾਜਿਸ਼ ਦੇ ਲਈ ਜ਼ਿੰਮੇਵਾਰ ਹੈ। ਉਨ੍ਹਾਂ ਵੱਲੋਂ ਛੇੜੀ ਅਜ਼ਾਦੀ ਦੀ ਚਿਣਗ ਭਾਰਤ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਭਾਂਬੜ ਬਣ ਕੇ ਮੱਚ ਉੱਠੀ ਜਿਸ ਵਿਚੋਂ ਸ. ਭਗਤ ਸਿੰਘ, ਚੰਦਰ ਸ਼ੇਖਰ, ਰਾਜ ਗੁਰੂ, ਸੁਖਦੇਵ, ਊਧਮ ਸਿੰਘ, ਬੀ ਕੇ ਦੱਤ ਅਤੇ ਹੋਰ ਅਨੇਕਾਂ ਸਿਰ ਲੱਥ ਯੋਧੇ ਪੈਦਾ ਹੋਏ। ਘਰ ਘਰ ਤੱਕ ਅੰਗਰੇਜ਼ਾਂ ਦੇ ਖਿਲਾਫ ਨਫਰਤ ਫੈਲ ਗਈ। ਅੰਤ ਉਹਨਾਂ ਨੂੰ ਭਾਰਤ ਛੱਡਣਾ ਪੈ ਗਿਆ। ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਇਹਨਾਂ ਲਹਿਰਾਂ ਦੇ ਉਪਜਣ ਦੇ ਪਿਛੋਕੜ ਬੇਇਨਸਾਫੀ, ਗੈਰਮੁਲਕੀ ਹਕੂਮਤਾਂ ਦੁਆਰਾ ਲੁੱਟ ਖਸੁੱਟ, ਜ਼ੁਲਮ ਕਰਨ ਆਦਿ ਜਿਹੇ ਕਾਰਨ ਦੱਸੇ। ਉਹਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀਆਂ ਕੁਰਬਾਨੀਆਂ ਬਾਰੇ, ਉਹਨਾਂ ਦੇ ਆਦਰਸ਼ਾਂ ਬਾਰੇ ਅਤੇ ਦੇਸ ਦੇ ਅਜੋਕੇ ਬਦਤਰ ਹਲਾਤ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਲੋਕਾਂ ਨੂੰ ਸੁਨੇਹਾ ਦਿੱਤਾ ਕਿ ਦੇਸ ਨੂੰ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਸੁਚੇਤ ਹੋ ਕੇ ਸਰਗਰਮੀਆਂ ਕਰਨੀਆਂ ਲੋੜੀਦੀਆਂ ਹਨ। ਉਹ ਗਦਰੀ ਬਾਬੇ ਆਪਣਾ ਸੱਭ ਕੁੱਝ ਛੱਡ ਕੇ ਬਾਹਰੋਂ ਜਾ ਕੇ ਸਾਡੇ ਲਈ ਲੜੇ। ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਦੇ ਭਾਰਤੀ ਲੋਕਾਂ ਦੀ ਬਿਹਤਰੀ ਦੇ ਲਏ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਦੇਸ ਵਿੱਚ ਚਰਚਾ ਛੇੜੀਏ।
ਬਲਦੇਵ ਸਿੰਘ ਸਹਿਦੇਵ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੱਜ ਵੀ ਭਾਰਤ ਵਿੱਚ ਉਵੇਂ ਹੀ ਨਾ ਬਰਾਬਰੀ, ਬੇਇਨਸਾਫੀ, ਭ੍ਰਿਸ਼ਟਾਚਾਰੀ, ਬੇਈਮਾਨੀ ਜੋਰਾਂ ‘ਤੇ ਹੈ ਜਿਸ ਨੇ ਆਮ ਲੋਕਾਂ ਦਾ ਜੀਣਾ ਦੁਭਰ ਕੀਤਾ ਹੈ। ਇਸ ਖਿਲਾਫ ਲੜਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪ੍ਰਿੰਸੀਪਲ ਸਰਵਣ ਸਿੰਘ, ਹਰਚੰਦ ਸਿੰਘ ਬਾਸੀ, ਨਾਹਰ ਸਿੰਘ ਔਜਲਾ ਅਤੇ ਪ੍ਰੋ: ਜਗੀਰ ਸਿੰਘ ਕਾਹਲੋਂ ਨੇ ਵੀ ਵਿਚਾਰ ਚਰਚਾ ਵਿੱਚ ਹਿਸਾ ਲਿਆ। ਕੁੰਢਾ ਸਿੰਘ ਢਿੱਲੋਂ ਅਤੇ ਕਿਰਪਾਲ ਰਿਸ਼ੀ, ਸੁਰਿੰਦਰ ਸਿੰਘ ਪਾਮਾ ਨੇ ਸਬੰਧਤ ਕਵਿਤਾਵਾਂ ਪੜ੍ਹੀਆਂ।
ਹੋਰ ਬੁਲਾਰਿਆਂ ਪ੍ਰਿੰਸੀਪਲ ਸੰਜੀਵ ਧਵਨ, ਗੁਰਦੇਵ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਡਾ: ਸੁਖਦੇਵ ਸਿੰਘ ਝੰਡ, ਸੁਰਿੰਦਰ ਸਿੰਘ ਪਾਮਾ, ਅੰਮ੍ਰਿਤ ਢਿੱਲੋਂ ਨੇ ਹਾਜ਼ਰੀ ਲਵਾਈ। ਹੋਰਨਾਂ ਸਮੇਤ ਹਰਿੰਦਰ ਸਿੰਘ ਮੱਲ੍ਹੀ, ਪਰਵੇਸ਼ ਸਿੰਘ ਕੰਗ, ਗੁਰਬਚਨ ਸਿੰਘ, ਨਿਰਮਲ ਸਿੰਘ ਸੀਰਾ ਵੀ ਹਾਜ਼ਰ ਸਨ।
ਪਰਮਜੀਤ ਸਿੰਘ ਬੈਂਸ, ਲਾਲ ਸਿੰਘ ਚਾਹਲ, ਸਰਜਿੰਦਰ ਸਿੰਘ, ਹਰਿੰਦਰ ਤੱਖੜ, ਕੁਲਜੀਤ ਸਿੰਘ ਜੰਜੂਆ, ਪਿਆਰਾ ਸਿੰਘ ਕੁਦੋਵਾਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਸਮਾਗਮ ਵਿੱਚ ਪਹੁੰਚੇ ਸਨ। ਚਾਹ ਪਾਣੀ ਦੀ ਸੇਵਾ ਕਾਮਰੇਡ ਸੁਖਦੇਵ ਧਾਲੀਵਾਲ ਦੇ ਪਰਿਵਾਰ ਨੂੰ ਬਹੁਤ ਹੀ ਖੁੱਲੇ ਦਿਲ ਨਾਲ ਕੀਤੀ।

Check Also

ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਦਾ ਹੋਇਆ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਵੱਖ-ਵੱਖ ਖੇਤਰਾਂ ਅਤੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਅਦਾ …