ਹਸਪਤਾਲ ’ਚ ਥਾਂ-ਥਾਂ ’ਤੇ ਲਗਾਏ ਗਏ ਨੋਟਿਸ
ਗੁਰਦਾਸਪੁਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ’ਚ ਮੀਡੀਆ ਕਰਮਚਾਰੀਆਂ ਨੂੰ ਜਾਣ ਦੀ ਅਗਿਆ ਨਹੀਂ ਹੋਵੇਗੀ। ਹਸਪਤਾਲ ਦੇ ਅਫ਼ਸਰਾਂ ਵੱਲੋਂ ਇਹ ਫੁਰਮਾਨ ਜਾਰੀ ਕੀਤਾ ਗਿਆ ਹੈ ਅਤੇ ਇਸ ਸਬੰਧੀ ਹਸਪਤਾਲ ਅੰਦਰ ਥਾਂ-ਥਾਂ ’ਤੇ ਨੋਟਿਸ ਲਗਾ ਦਿੱਤੇ ਗਏ ਹਨ। ਹਾਲਾਂਕਿ ਇਹ ਫੁਰਮਾਨ ਕਿਉਂ ਜਾਰੀ ਕੀਤਾ ਗਿਆ ਇਸ ਸਬੰਧੀ ਕੋਈ ਵੀ ਸਿਹਤ ਅਫ਼ਸਰ ਕੁੱਝ ਵੀ ਬੋਲਣ ਲਈ ਤਿਆਰ ਨਹੀਂ। ਜਦੋਂ ਇਸ ਸਬੰਧੀ ਗੁਰਦਾਸਪੁਰ ਦੇ ਸਿਵਲ ਸਰਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਨਹੀਂ ਕਿ ਹਸਪਤਾਲ ਵਿਚ ਅਜਿਹੇ ਨੋਟਿਸ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੀਡੀਆ ਉਨ੍ਹਾਂ ਦੇ ਕਈ ਪ੍ਰੋਗਰਾਮਾਂ ਵਿਚ ਬਹੁਤ ਮਦਦ ਕਰਦਾ ਹੈ ਅਤੇ ਜੇਕਰ ਇਸ ਤਰ੍ਹਾਂ ਹੋਇਆ ਤਾਂ ਇਨ੍ਹਾਂ ਨੋਟਿਸਾਂ ਨੂੰ ਤੁਰੰਤ ਹਟਾਇਆ ਜਾਵੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੰਗਰੂਰ ਜ਼ਿਲ੍ਹੇ ’ਚ ਵੀ ਪੱਤਰਕਾਰਾਂ ਦੀ ਜਾਸੂਸੀ ਕਰਵਾਉਣ ਦੇ ਮਾਮਲੇ ਵਿਚ ਘਿਰ ਚੁੱਕੀ ਹੈ। ਇਥੇ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਰਾਹੀਂ ਪੱਤਰਕਾਰਾਂ ਦਾ ਵੇਰਵਾ ਮੰਗਿਆ ਗਿਆ ਸੀ ਅਤੇ ਸਿੱਧੇ ਤੌਰ ’ਤੇ ਪੱਤਰਕਾਰਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਮੀਡੀਆ ਦਫ਼ਤਰ, ਆਈ ਕਾਰਡ ਅਤੇ ਘਰ ਤੱਕ ਦੇ ਅਡਰੈਸ ਮੰਗੇ ਗਏ ਸਨ। ਜਦੋਂ ਇਸ ਸਬੰਧੀ ਹਲਚਲ ਹੋਈ ਤਾਂ ਸਰਕਾਰ ਪਿੱਛੇ ਹਟ ਗਈ ਸੀ।