ਘਨੌਰ ‘ਚ ਕੀਤੀ ਜਨ ਸੰਪਰਕ ਮੁਹਿੰਮ ਤਹਿਤ ਰੈਲੀ, ਕੇਜਰੀਵਾਲ ਮੁਕਾਬਲੇ ਚੋਣ ਲੜ ਕੇ ਉਸ ਨੂੰ ਹਰਾਉਣ ਦਾ ਦਾਅਵਾ
ਘਨੌਰ/ਬਿਊਰੋ ਨਿਊਜ਼
ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ, ਭਾਵੇਂ ਇਸ ਲਈ ਮੈਨੂੰ ਕੈਦ ਵਿੱਚ ਕਿਉਂ ਨਾ ਜਾਣਾ ਪਵੇ। ਕਿਉਂਕਿ ਪੰਜਾਬ ਕੋਲ ਨਹਿਰੀ ਜਾਂ ਦਰਿਆਈ ਪਾਣੀਆਂ ਦੀ ਇੱਕ ਬੂੰਦ ਵੀ ਕਿਸੇ ਹੋਰ ઠਰਾਜ ਨੂੰ ਦੇਣ ਲਈ ਵਾਧੂ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਵਿੱਚ ਮਿਸ਼ਨ 2017 ਤਹਿਤ ਕਰਵਾਈ ਗਈ ઠਕਾਂਗਰਸ ਪਾਰਟੀ ਦੀ ਜਨ ਸੰਪਰਕ-ਜਨ ਜਾਗਰਣ ਹਲਕਾ ਪੱਧਰੀ ਰੈਲੀ ਦੌਰਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਬਣਨ ਮਗਰੋਂ ਹਲਕਾ ਘਨੌਰ ਵਿਚ ਪਲੇਠੀ ਰੈਲੀ ਸੀ।
ਉਨ੍ਹਾਂ ਭਾਵੇਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਰੱਜ ਕੇ ਭੰਡਿਆ, ਪਰ ਮੁੱਖ ਨਿਸ਼ਾਨੇ ‘ਤੇ ਆਮ ਆਦਮੀ ਪਾਰਟੀ ਦੇ ਕੌਮੀ ਜਥੇਬੰਦਕ ਤੇ ਦਿੱਲੀ ਦੇ ਮੁੱਖ ਮੰਤਰੀ ઠਅਰਵਿੰਦ ਕੇਜਰੀਵਾਲ ਰਹੇ।
ਉਨ੍ਹਾਂ ਕਿਹਾ ਕਿ ਸਾਡੇ ਹਰਿਆਣਾ ਨਾਲ ਪੰਜਾਬੀ ਬੋਲਦੇ ਇਲਾਕਿਆਂ, ਚੰਡੀਗੜ੍ਹ ਅਤੇ ਦਰਿਆਈ ਪਾਣੀਆਂ ਸਮੇਤ ਹੋਰ ਅਨੇਕਾਂ ਝਗੜੇ ਚਲਦੇ ਹਨ, ਜਦ ਕਿ ਕੇਜਰੀਵਾਲ ਹਰਿਆਣਾ ਦਾ ਰਹਿਣ ਵਾਲਾ ਹੈ। ਉਸ ਨੂੰ ਪਹਿਲਾਂ ਇਨ੍ਹਾਂ ਮਾਮਲਿਆਂ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।
ਕਾਂਗਰਸ ਪ੍ਰਧਾਨ ਨੇ ਆਖਿਆ ਕਿ ਉਹ ઠਵਿਧਾਨ ਸਭਾ ਚੋਣਾਂ 2017 ਦੌਰਾਨ ਕੇਜਰੀਵਾਲ ਜਿੱਥੋਂ ਵੀ ਚੋਣ ਲੜਨਗੇ, ਉਸੇ ਹਲਕੇ ਤੋਂ ਚੋਣ ਲੜ ਕੇ ਕੇਜਰੀਵਾਲ ਨੂੰ ਜਿੱਤਣ ਨਹੀਂ ਦੇਣਗੇ। ਉਨ੍ਹਾਂ ઠਕਿਹਾ ਕਿ ਉਂਝ ਤਾਂ ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਇੱਥੇ ਲੋਕ ਰਾਜ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੀ ਪਾਰਟੀ ਬਣਾ ਕੇ ਚੋਣ ਲੜਨ ਦਾ ਅਧਿਕਾਰ ਹੈ, ਪਰ ਪੰਜਾਬ ਲਈ ਇਸ ਪਾਰਟੀ ਕੋਲ ਕੋਈ ਨੀਤੀ ਨਹੀਂ ਹੈ।
ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਉਨ੍ਹਾਂ ਦੀਆਂ ਲੋਕਮਾਰੂ ਨੀਤੀਆਂ ਕਾਰਨ ਪੰਜਾਬ ਦਾ ਉਦਯੋਗ ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਵਿੱਚ ਜਾ ਰਿਹਾ ਹੈ। ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ।
ਬਾਦਲਾਂ ਦਾ ਪੰਜਾਬ ਵੱਲ ਧਿਆਨ ਨਹੀਂ। ਗੱਠਜੋੜ ਦੇ ਦੋਵੇਂ ਭਾਈਵਾਲ ਅਕਾਲੀ ਅਤੇ ਭਾਜਪਾ ਵਾਲੇ ਆਪਣੇ ਘਰ ਬਣਾਉਣ ਵਿੱਚ ਲੱਗੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਅਤੇ ਮਜੀਠੀਆ ਨੇ ਭਾਜਪਾ ਨਾਲ ਰਲ ਕੇ ਪੰਜਾਬ ਨੂੰ ਡੋਬਿਆ ਹੈ।
ਹੁਣ ‘ਆਪ’ ਵਾਲੇ ਪੰਜਾਬ ਨੂੰ ਡੋਬਣਾ ਚਾਹੁੰਦੇ ਹਨ। ਇਨ੍ਹਾਂ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ઠਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ, ਬਲਵੀਰ ਸਿੰਘ ਸਿੱਧੂ, ઠਮਦਨ ਲਾਲ ਜਲਾਲਪੁਰ, ਪੀਪੀਸੀਸੀ ਮੈਂਬਰ ਨਰਭਿੰਦਰ ਸਿੰਘ ਭਿੰਦਾ, ਜ਼ਿਲ੍ਹਾ ਮੀਤ ਪ੍ਰਧਾਨ ਹਰਿੰਦਰ ਸਿੰਘ ਕਾਮੀਂ, ਸੀਨੀਅਰ ਆਗੂ ઠਗੁਰਦੇਵ ਸਿੰਘ ਸਰਵਾਰਾ, ਚਤਿੰਦਰਵੀਰ ਸਿੰਘ ਛਾਛੀ, ਸਰਕਲ ਪ੍ਰਧਾਨ ਕਰਨੈਲ ਸਿੰਘ ਘੱਗਰ ਸਰਾਏ ਨੇ ਵੀ ਸੰਬੋਧਨ ਕੀਤਾ।
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ‘ਚ ਤਿੱਖੀ ਨੋਕ-ਝੋਕ
ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਇਕ ਦਲ ਦੀ ਦਰਿਆਈ ਪਾਣੀਆਂ ਬਾਰੇ ਰਣਨੀਤੀ ਘੜਨ ਲਈ ਇਥੇ ਹੋਈ ਮੀਟਿੰਗ ਵਿੱਚ ਕੁਝ ਕਾਂਗਰਸੀ ਵਿਧਾਇਕਾਂ ਵਿਚਾਲੇ ਨੋਕ ਝੋਕ ਹੋਈ। ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਧਾਇਕਾਂ ਵਿਚ ਮੱਤਭੇਦ ਹੋ ਸਕਦੇ ਹਨ ਪਰ ਇਸ ਦਾ ਮੀਟਿੰਗ ਨਾਲ ਕੋਈ ਸਬੰਧ ਨਹੀਂ ਸੀ। ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਖ਼ਤਮ ਹੋਣ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸ਼ੁਰੂ ਹੋਈ, ਜਿਸ ਵਿੱਚ ਅਗਲੇ ਦਿਨ ਦੇ ਸੈਸ਼ਨ ਦੀ ਰਣਨੀਤੀ ਘੜੀ ਜਾਣੀ ઠਸੀ। ਬੰਗਾ ਤੋਂ ਕਾਂਗਰਸੀ ਵਿਧਾਇਕ ਤਰਲੋਚਨ ਸੂੰਢ ਨੇ ਗੱਲ ਕਹਿਣੀ ਸ਼ੁਰੂ ਕੀਤੀ ਤਾਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਹਿਲਾਂ ਉਸ ਨੂੰ ਆਪਣੀ ਗੱਲ ਕਰਨ ਦਿੱਤੀ ਜਾਵੇ। ਇਸ ਤੋਂ ਮਗਰੋਂ ਸੂੰਢ ਮੀਟਿੰਗ ਵਿਚੋਂ ਬਾਹਰ ਚਲੇ ਗਏ। ਇਸ ਬਾਰੇ ਸੂੰਢ ਨੇ ਦੱਸਿਆ ਕਿ ਉਹ ਲਾਇਬ੍ਰੇਰੀ ਵਿੱਚ ਇਕ ਕਿਤਾਬ ਵਿਚੋਂ ਕੁਝ ਵੇਰਵੇ ਲੱਭਣ ਗਏ ਸਨ ਤਾਂ ਜੋ ਬਹਿਸ ਸਮੇਂ ਇਨ੍ਹਾਂ ਦਾ ਜ਼ਿਕਰ ਕਰ ਸਕਣ। ਉਨ੍ਹਾਂ ਦਾ ਰੰਧਾਵਾ ਨਾਲ ਕੋਈ ਟਕਰਾਅ ਨਹੀਂ ਹੋਇਆ। ਰੰਧਾਵਾ ਨੇ ਵੀ ਸੂੰਢ ਨਾਲ ਕਿਸੇ ਤਰ੍ਹਾਂ ਦੀ ਨੋਕ-ਝੋਕ ਤੋਂ ਇਨਕਾਰ ਕੀਤਾ। ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਆਪਣੇ ਸਾਥੀ ਵਿਧਾਇਕਾਂ ਨੂੰ ਕਿਹਾ ਕਿ ਨਹਿਰੀ ਪਾਣੀਆਂ ਬਾਰੇ ਸਰਕਾਰ ਜਿਹੜਾ ਮਤਾ ਲਿਆ ਰਹੀ ਹੈ, ਉਸ ਵਿੱਚ ਕਾਂਗਰਸ ਨੂੰ ਉਲਝਾਉਣ ਦਾ ਯਤਨ ਕੀਤਾ ਜਾਵੇਗਾ। ਇਸ ਲਈ ਸਰਕਾਰ ਨੂੰ ਘੇਰਨ ਲਈ ਰਣਨੀਤੀ ਘੜ ਲੈਣੀ ਚਾਹੀਦੀ ਹੈ। ਐਨੇ ਵਿਚ ਇਕ ਸੀਨੀਅਰ ਵਿਧਾਇਕ ਮੀਟਿੰਗ ‘ਚੋਂ ਬਾਹਰ ਚਲਾ ਗਿਆ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …