ਬਰੈਂਪਟਨ/ਡਾ. ਝੰਡ
ਬਰੈਂਪਟਨ ਦੀਆਂ ਸਿਵਿਕ ਚੋਣਾਂ ਵਿਚ ਹੁਣ ਸਿਰਫ ਤਿੰਨ ਦਿਨ ਰਹਿ ਗਏ ਹਨ। ਪੋਲਿੰਗ ਦੀ ਆਖ਼ਰੀ ਤਰੀਕ 22 ਅਕਤੂਬਰ ਹੈ ਅਤੇ ਲੰਘਿਆ ਸ਼ਨੀਵਾਰ ਐਡਵਾਂਸ-ਪੋਲ ਲਈ ਆਖ਼ਰੀ ਦਿਨ ਸੀ ਅਤੇ ਇਸ ਦਿਨ ਲੋਕਾਂ ਵਿਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਡਿਕਸੀ ਰੋਡ ਤੇ ਸੈਂਡਲਵੇਅ ਪਾਰਕਵੇਅ ਵਾਲੇ ਬਰੈਂਪਟਨ ਸੌਕਰ ਸੈੱਟਰ ਵਿਚ ਸਥਿਤ ਵਾਰਡ ਨੰਬਰ 9-10 ਦੇ ਐਡਵਾਂਸ-ਪੋਲਿੰਗ ਬੂਥ ਵਿਚ ਸ਼ਾਮ 3.44 ਵਜੇ ਵੋਟਰਾਂ ਦੀ ਲੰਮੀ ਉਡੀਕ-ਲਾਈਨ ਵੇਖਣ ਨੂੰ ਮਿਲੀ। ਉਨ੍ਹਾਂ ਨੇ ਆਪਣੀਆਂ ਚੋਣ ਆਈ.ਡੀਜ਼. ਹੱਥਾਂ ਵਿਚ ਫੜੀਆਂ ਹੋਈਆਂ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਚੋਣ-ਡਿਊਟੀ ‘ਤੇ ਤਾਇਨਾਤ ਕਰਮਚਾਰੀ ਉਨ੍ਹਾਂ ਦੇ ਇਹ ਪਛਾਣ-ਪੱਤਰ ਚੈੱਕ ਕਰ ਰਹੇ ਸਨ ਜਿਨ੍ਹਾਂ ਵਿਚ ਕੈਨੇਡਾ ਦੇ ਨਾਗਰਿਕ ਹੋਣ ਅਤੇ ਘਰ ਦਾ ਐਡਰੈੱਸ ਹੋਣ ਦੇ ਸਬੂਤ ਸ਼ਾਮਲ ਸਨ।
ਜਿਨ੍ਹਾਂ ਵੋਟਰਾਂ ਕੋਲ ਘਰ ਦੇ ਪਤੇ ਦਾ ਕੋਈ ਸਬੂਤ ਜਿਵੇਂ ਡਰਾਈਵਿੰਗ ਲਾਇਸੈਂਸ, ਬਿਜਲੀ-ਪਾਣੀ ਦਾ ਬਿੱਲ ਜਾਂ ਹੈੱਲਥ-ਕਾਰਡ ਵਗ਼ੈਰਾ ਨਹੀਂ ਸਨ, ਚੋਣ-ਕਰਮਚਾਰੀ ਉਨ੍ਹਾਂ ਕੋਲੋਂ ਇਕ ਡੈਕਲੇਰੇਸ਼ਨ ਫ਼ਾਰਮ ਭਰਵਾਉਣ ਤੋਂ ਬਾਅਦ ਹੀ ਬੈਲਟ-ਪੇਪਰ ਇਸ਼ੂ ਕਰਦੇ ਸਨ। ਵੋਟਰ ਇਹ ਬੈਲਟ ਪੇਪਰ ਉਨ੍ਹਾਂ ਕੋਲੋਂ ਲੈ ਕੇ ਸਾਹਮਣੇ ਪਾਸੇ ਮੇਜ਼ਾਂ ਉੱਪਰ ਗੱਤੇ ਦੀਆਂ ਬਣੀਆਂ ਲੁਕਵੀਆਂ ਥਾਵਾਂ ‘ਤੇ ਜਾ ਕੇ ਆਪਣੇ ਪਸੰਦ ਦੇ ਉਮੀਦਵਾਰਾਂ ਦੇ ਅੱਗੇ ਬਣੇ ਛੋਟੇ-ਚੱਕਰਾਂ ਨੂੰ ਕਾਲੇ ਪੈੱਨ ਨਾਲ ਕਾਲਾ ਕਰਨ ਤੋਂ ਬਾਅਦ ਇਹ ਟੈਬੂਲੇਟਰ ਨੂੰ ਫੜਾ ਰਹੇ ਸਨ ਜੋ ਇਨ੍ਹਾਂ ਨੂੰ ਉੱਥੇ ਰੱਖੀ ਗਈ ਕੰਪਿਊਟਰਾਈਜ਼ਡ-ਮਸ਼ੀਨ ਵਿਚ ਦਰਜ ਕਰ ਰਿਹਾ ਸੀ। ਇਹ ਸਾਰਾ ਕੰਮ ਬਿਨਾਂ ਕਿਸੇ ਰੌਲੇ-ਗੌਲੇ ਦੇ ਬੜਾ ਸ਼ਾਂਤੀ-ਪੂਰਵਕ ਚੱਲ ਰਿਹਾ ਸੀ। ਇੱਥੇ ਇਹ ਜ਼ਿਕਰਯੋਗ ਹੈ ਪਿਛਲੇ ਸ਼ਨੀਵਾਰ ਤੱਕ ਹੋਈ ਐਡਵਾਂਸ-ਪੋਲ ਵਿਚ ਓਨਟਾਰੀਓ ਵਿਚ ਪੋਲ ਹੋਈਆਂ ਵੋਟਾਂ ਦੀ ਗਿਣਤੀ 7,68,895 ਦਰਸਾਈ ਗਈ ਹੈ, ਜਦ ਕਿ ਇਸ ਸੂਬੇ ਦੇ ਕੁਲ ਵੋਟਰ 10.2 ਮਿਲੀਅਨ ਹਨ। ਵੇਖੋ, ਇਸ ਸ਼ਨੀਵਾਰ ਦੀ ਐਡਵਾਂਸ-ਪੋਲ ਨਾਲ ਇਹ ਗਿਣਤੀ ਕਿੰਨੀ ਕੁ ਬਣਦੀ ਹੈ ਅਤੇ 22 ਅਕਤੂਬਰ ਨੂੰ ਇਹ ਕਿੱਥੋਂ ਤੀਕ ਪਹੁੰਚਦੀ ਹੈ। ਇਸ ਦੌਰਾਨ ਇਹ ਪਤਾ ਲੱਗਾ ਹੈ ਕਿ 6 ਅਤੇ 13 ਅਕਤੂਬਰ ਨੂੰ ਹੋਈ ਐਡਵਾਂਸ ਪੋਲ ਵਿਚ ਬਰੈਂਪਟਨ ਦੇ ਵਾਰਡ ਨੰਬਰ ਜਿੱਥੇ ਸੱਭ ਤੋਂ ਵਧੇਰੇ ਚੋਣ-ਸਰਗ਼ਰਮੀਆਂ ਨਜ਼ਰ ਆ ਰਹੀਆਂ ਹਨ, ਦੇ ਦੋ ਐਡਵਾਂਸ ਪੋਲ ਕੇਂਦਰਾਂ ਬਰੈਂਪਟਨ ਸੌਕਰ ਸੈਂਟਰ ਅਤੇ ਗੋਰ ਕੈਸਲਮੋਰ ਕਮਿਊਨਿਟੀ ਸੈਂਟਰ ਵਿਚ 4190 ਵੋਟਾਂ ਪੋਲ ਹੋਈਆਂ ਹਨ ਜਿਨ੍ਹਾਂ ਵਿੱਚੋਂ 2715 ਵੋਟਾਂ 6 ਅਕਤੂਬਰ ਨੂੰ ਅਤੇ 1475 ਵੋਟਾਂ 13 ਅਕਤੂਬਰ ਨੂੰ ਪਈਆਂ ਅਤੇ ਇਨ੍ਹਾਂ ਵਿਚ ਬਹੁਤੀ ਗਿਣਤੀ ਪੰਜਾਬੀ ਵੋਟਰਾਂ ਦੀ ਸੀ। ਵੈਸੇ ਵੀ, ਬਰੈਂਪਟਨ ਵਿਚ ਪੰਜਾਬੀ ਹੁਣ ਬਹੁ-ਗਿਣਤੀ ਵਿਚ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …