ਕਾਫੀ ਤਕਰਾਰ ਤੋਂ ਬਾਅਦ ਸਿੱਖ ਨੌਜਵਾਨ ਨੂੰ ਪ੍ਰੀਖਿਆ ‘ਚ ਬੈਠਣ ਦਿੱਤਾ ਗਿਆ
ਸਿੱਖ ਜਥੇਬੰਦੀਆਂ ਨੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਮੰਗੀ
ਅੰਬਾਲਾ/ਬਿਊਰੋ ਨਿਊਜ਼
ਹਰਿਆਣਾ ਦੇ ਅੰਬਾਲਾ ਵਿਚ ਐਤਵਾਰ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਆਏ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਸ੍ਰੀਸਾਹਿਬ ਤੇ ਕੜਾ ਉਤਰਵਾ ਕੇ ਹੀ ਪ੍ਰੀਖਿਆ ਕੇਂਦਰ ਦੇ ਅੰਦਰ ਜਾਣ ਦਿੱਤਾ ਗਿਆ। ਮਾਮਲਾ ਹਰਿਆਣਾ ਦੇ ਅੰਬਾਲਾ ਵਿਚ ਸਰਕਾਰੀ ਤਕਨੀਕੀ ਸੰਸਥਾਨ ਦਾ ਹੈ। ਹਾਲਾਂਕਿ ਇਸ ਦੌਰਾਨ ਇੱਕ ਗੁਰਸਿੱਖ ਨੇ ਆਪਣੇ ਕੱਕਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਸਿੱਖ ਜਥੇਬੰਦੀਆਂ ਮੌਕੇ ‘ਤੇ ਪਹੁੰਚੀਆਂ। ਕਾਫ਼ੀ ਤਕਰਾਰ ਤੋਂ ਬਾਅਦ ਕਰੀਬ ਇਕ ਘੰਟੇ ਦੇਰੀ ਨਾਲ ਪ੍ਰੀਖਿਆਰਥੀ ਨੂੰ ਪ੍ਰੀਖਿਆ ਲਈ ਅੰਦਰ ਜਾਣ ਦਿੱਤਾ ਗਿਆ। ਸਿੱਖ ਜਥੇਬੰਦੀਆਂ ਇਸ ਪੂਰੇ ਮਾਮਲੇ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ।
ਜਾਣਕਾਰੀ ਮੁਤਾਬਕ ਇੱਕ ਨੌਜਵਾਨ ਸੁਖਵਿੰਦਰ ਸਿੰਘ ਦੀ ਸ੍ਰੀ ਸਾਹਿਬ ਉਤਰਵਾਈ ਗਈ ਤੇ ਰੂਪਿੰਦਰ ਸਿੰਘ ਸਮੇਤ ਕਈ ਸਿੱਖ ਨੌਜਵਾਨਾਂ ਦੇ ਕੜੇ ਉਤਰਵਾ ਕੇ ਹੀ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਦਿੱਤਾ ਗਿਆ। ਪਰ ਇਸ ਦੌਰਾਨ ਹੋਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਕਰਨਵੀਰ ਸਿੰਘ ਨੇ ਕੱਕਾਰ ਉਤਾਰਨ ਤੋਂ ਸਾਫ ਇਨਕਾਰ ਕਰ ਦਿੱਤਾ। ਕਰਨਵੀਰ ਸਿੰਘ ਵੱਲੋਂ ਤੁਰੰਤ ਆਪਣੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਐਸ.ਜੀ.ਪੀ.ਸੀ. ਮੈਂਬਰ ਤੇ ਅਕਾਲੀ ਆਗੂਆਂ ਸਮੇਤ ਕਈ ਸਿੱਖ ਲੀਡਰ ਮੌਕੇ ‘ਤੇ ਪਹੁੰਚੇ। ਪ੍ਰਸ਼ਾਸਨ ਦਾ ਰਵੱਈਆ ਦੇਖ ਗੁੱਸੇ ਵਿਚ ਆਏ ਸਿੱਖਾਂ ਨੇ ਪ੍ਰਦਰਸ਼ਨ ਵੀ ਕੀਤਾ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …