ਮਹਿਲਾ ਅਤੇ ਪੁਰਸ਼ ਦੋਵੇਂ ਟੀਮਾਂ ਸੈਮੀਫਾਈਨਲ ’ਚ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਅਤੇ ਟੀਮ ਪਹਿਲੀ ਵਾਰ ਉਲੰਪਿਕ ਦੇ ਸੈਮੀਫਾਈਨਲ ਪਹੁੰਚ ਗਈ ਹੈ। ਭਾਰਤ ਨੇ ਕੁਆਰਟਰ ਫਾਈਨਲ ਵਿਚ ਤਿੰਨ ਵਾਰ ਦੀ ਉਲੰਪਿਕ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾਇਆ। ਭਾਰਤ ਲਈ ਇਕ ਮਾਤਰ ਗੋਲ ਗੁਰਜੀਤ ਕੌਰ ਨੇ 22ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਕੀਤਾ। ਹੁਣ ਸੈਮੀਫਾਈਨਲ ਵਿਚ ਟੀਮ ਇੰਡੀਆ ਦਾ ਸਾਹਮਣਾ 4 ਅਗਸਤ ਨੂੰੂ ਅਰਜਟੀਨਾ ਨਾਲ ਹੋਵੇਗਾ। ਧਿਆਨ ਰਹੇ ਕਿ ਅਰਜਨਟੀਨਾ ਨੇ ਕੁਆਰਟਰ ਫਾਈਨਲ ਵਿਚ ਜਰਮਨੀ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ। ਧਿਆਨ ਰਹੇ ਕਿ 1980 ਵਿਚ ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਵਿਚ ਹਿੱਸਾ ਲਿਆ ਸੀ। ਉਸ ਸਮੇਂ ਸੈਮੀਫਾਈਨਲ ਫਾਰਮੈਟ ਨਹੀਂ ਹੁੰਦਾ ਸੀ। ਗਰੁੱਪ ਸਟੇਜ ਤੋਂ ਬਾਅਦ ਜ਼ਿਆਦਾ ਅੰਕਾਂ ਵਾਲੀਆਂ ਦੋ ਟੀਮਾਂ ਫਾਈਨਲ ਖੇਡਦੀਆਂ ਸਨ। ਭਾਰਤੀ ਟੀਮ ਉਦੋਂ 6 ਟੀਮਾਂ ਦੇ ਪੂਲ ਵਿਚ ਚੌਥੇ ਸਥਾਨ ’ਤੇ ਰਹੀ ਸੀ। ਇਸ ਤੋਂ ਬਾਅਦ 2016 ਦੀਆਂ ਰੀਓ ਉਲੰਪਿਕ ਵਿਚ ਟੀਮ ਇੰਡੀਆ 12ਵੇਂ ਸਥਾਨ ’ਤੇ ਰਹੀ ਸੀ।
ਭਾਰਤੀ ਮਹਿਲਾ ਹਾਕੀ ਟੀਮ ਦੀ ਇਸ ਜਿੱਤ ਨੇ ਦੱਸ ਦਿੱਤਾ ਕਿ ਹਾਕੀ ਵਿਚ ਭਾਰਤ ਦੇ ਸੁਨਹਿਰੀ ਦਿਨ ਪਰਤ ਰਹੇ ਹਨ। ਧਿਆਨ ਰਹੇ ਕਿ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਵੀ 49 ਸਾਲ ਬਾਅਦ ਉਲੰਪਿਕ ਦੇ ਸੈਮੀਫਾਈਨਲ ’ਚ ਪਹੁੰਚੀ ਹੈ। ਟੀਮ ਨੇ ਕੁਆਰਟਰ ਫਾਈਨਲ ਵਿਚ ਬਿ੍ਰਟੇਨ ਦੀ ਟੀਮ ਨੂੰ 3-1 ਨਾਲ ਹਰਾਇਆ ਸੀ ਅਤੇ ਹੁਣ ਮਹਿਲਾ ਟੀਮ ਦੀ ਜਿੱਤ ਕੇ ਖੁਸ਼ੀ ਦੁੱਗਣੀ ਕਰ ਦਿੱਤੀ ਹੈ।