ਡਿਊਟੀ ਖਤਮ ਹੋਣ ਤੋਂ ਮਗਰੋਂ ਹੀ ਸ਼ਰਧਾ ਨਾਲ ਗਿਆ : ਪਰਵੀਨ ਸਿੰਘ
ਗੋਰਖ਼ਪੁਰ/ਬਿਊਰੋ ਨਿਊਜ਼ : ਗੁਰੂ ਪੂਰਨਿਮਾ ਮੌਕੇ ਗੋਰਖ਼ਪੁਰ ਮੰਦਰ ਵਿੱਚ ਇਕ ਬਾਵਰਦੀ ਪੁਲਿਸ ਅਧਿਕਾਰੀ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪੈਰੀਂ ਹੱਥ ਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਆਦਿੱਤਿਆਨਾਥ ਗੋਰਖ਼ਪੁਰ ਮੱਠ ਦੇ ‘ਪੀਠਾਧੀਸ਼ਵਰ’ ਅਤੇ ‘ਮਹੰਤ’ ਵੀ ਹਨ। ਪੁਲਿਸ ਅਧਿਕਾਰੀ ਪਰਵੀਨ ਸਿੰਘ ਦੀਆਂ ਤਸਵੀਰਾਂ ਵਾਇਰਲ ਹੋਣ ‘ਤੇ ਉਸ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਮੰਦਰ ਵਿੱਚ ਸੁਰੱਖਿਆ ਡਿਊਟੀ ‘ਤੇ ਤਾਇਨਾਤ ਸੀ ਅਤੇ ਡਿਊਟੀ ਖ਼ਤਮ ਹੋਣ ਮਗਰੋਂ ਉਹ ਪੂਰੀ ਸ਼ਰਧਾ ਨਾਲ ਉੱਥੇ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਬੈਲਟ, ਟੋਪੀ ਅਤੇ ਡਿਊਟੀ ਨਾਲ ਸਬੰਧਤ ਹੋਰ ਵਸਤਾਂ ਲਾਹ ਕੇ ਹੀ ਉਸ ਨੇ ‘ਪੀਠਾਧੀਸ਼ਵਰ’ ਦਾ ਆਸ਼ੀਰਵਾਦ ਲਿਆ। ਪਰਵੀਨ ਸਿੰਘ ਗੋਰਖ਼ਪੁਰ ਵਿੱਚ ਸਰਕਲ ਅਫ਼ਸਲ ਵੱਜੋਂ ਤਾਇਨਾਤ ਹੈ। ਅਧਿਕਾਰੀ ਨੇ ਨਾਲ ਹੀ ਕਿਹਾ ਕਿ ਉਸ ਨੇ ਆਪਣੇ ਕੰਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਉਸ ਮੁਤਾਬਕ ਮਹੰਤ ਯੋਗੀ ਗੁਰੂ ਪੂਰਨਿਮਾ ਅਤੇ ਦੁਸਹਿਰੇ ਮੌਕੇ ਗੁਰੂ ਵਜੋਂ ਸਮਾਧੀ ਲੈਂਦੇ ਹਨ ਤੇ ਸ਼ਰਧਾ ਨਾਲ ਹੀ ਉਨ੍ਹਾਂ ਬਾਬਾ ਗੋਰਖ਼ਨਾਥ ਤੋਂ ਦੁਆਵਾਂ ਮੰਗੀਆਂ ਸਨ। ਅਧਿਕਾਰੀ ਨੇ ਕਿਹਾ ਕਿ ਉਸ ਦਾ ਕੋਈ ਹੋਰ ਮਕਸਦ ਨਹੀਂ ਸੀ। ਸਿਵਲ ਡਿਫੈਂਸ ਦੇ ਆਈਜੀ ਅਮਿਤਾਭ ਠਾਕੁਰ ਨੇ ਕਿਹਾ ਕਿ ਪੁਲਿਸ ਮੈਨੂਅਲ ਵਿੱਚ ਅਜਿਹੇ ਮਾਮਲਿਆਂ ਬਾਰੇ ਕੁਝ ਜ਼ਿਆਦਾ ਸਪੱਸ਼ਟ ਨਹੀਂ ਹੈ। ਇਹ ਨਿਰੋਲ ਸੰਦਰਭ ‘ਤੇ ਹੀ ਨਿਰਭਰ ਹੈ ਪਰ ਫਿਰ ਵੀ ਵਰਦੀ ਦਾ ਸਨਮਾਨ ਹਮੇਸ਼ਾ ਪਹਿਲਾਂ ਹੈ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …