ਅਮਰੀਕਾ ‘ਚ ਪੜ੍ਹਾਈ ਜਾਵੇਗੀ ਗਦਰ ਪਾਰਟੀ ਦੀ ਗਾਥਾ
ਸਥਾਪਨਾ ਦੇ 105 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਕਰਵਾਇਆ
ਐਸਟੋਰੀਆ : ਭਾਰਤੀ ਆਜ਼ਾਦੀ ਸੰਗਰਾਮ ‘ਚ ਸੁਨਹਿਰਾ ਅਧਿਆਏ ਲਿਖਣ ਵਾਲੀ ਗਦਰ ਪਾਰਟੀ ਬਾਰੇ ਹੁਣ ਅਮਰੀਕਾ ਦੇ ਓਰੇਗਨ ਸੂਬੇ ਵਿਚ ਸਕੂਲੀ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਗਦਰ ਪਾਰਟੀ ਦੇ ਸਥਾਪਨਾ ਦੇ 105 ਸਾਲ ਪੂਰੇ ਹੋਣ ਮੌਕੇ ‘ਤੇ ਕਰਵਾਏ ਗਏ ਸਮਾਗਮ ਵਿਚ ਓਰੇਗਨ ਦੀ ਅਟਾਰਨੀ ਜਨਰਲ ਐਲੇਨ ਐਫ ਰੋਸ਼ੇਨਬਲੂਮ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗਦਰ ਪਾਰਟੀ ਦਾ ਇਤਿਹਾਸ ਹੁਣ ਸੂਬੇ ਦੇ ਸਕੂਲੀ ਸਿਲੇਬਸ ਦਾ ਹਿੱਸਾ ਹੋਵੇਗਾ। ਇਹ ਪ੍ਰੋਗਰਾਮ ਗਦਰ ਮੈਮੋਰੀਅਲ ਫਾਊਂਡੇਸ਼ਨ ਵਲੋਂ ਕਰਵਾਇਆ ਗਿਆ ਸੀ। ਪ੍ਰੋਗਰਾਮ ਵਿਚ ਮੌਜੂਦ ਓਰੇਗਨ ਦੀ ਗਵਰਨਰ ਕੇਟ ਬਰਾਊਨ ਨੇ ਕਿਹਾ ਕਿ ਲਗਭਗ ਇਕ ਸਦੀ ਪਹਿਲਾਂ ਗਦਰ ਪਾਰਟੀ ਵਲੋਂ ਭਾਰਤ ਦੇ ਪੱਛਮੀ ਦੇਸ਼ਾਂ ਵਿਚ ਉਠਾਏ ਗਏ ਕਦਮਾਂ ਨਾਲ ਗਦਰ ਦੀ ਅਜ਼ਾਦੀ ਦਾ ਰਾਹ ਪੱਧਰਾ ਹੋਇਆ ਸੀ। ਰੋਸੋਨਬਲੂਮ ਨੇ ਕਿਹਾ ਕਿ ਤੁਹਾਡਾ ਇਤਿਹਾਸ ਮਿਸ਼ਰਤ ਹੈ ਕਿ ਨਸਲਵਾਦ ਤੇ ਵਿਤਕਰੇ ਦੇ ਉਸੇ ਤਰ੍ਹਾਂ ਸ਼ਿਕਾਰ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਅਮਰੀਕਾ ਵਿਚ ਅਸੀਂ ਵੇਖ ਰਹੇ ਹਾਂ। ਅਮਰੀਕਾ ਜ਼ਰੂਰੀ ਕੰਮਾਂ ਲਈ ਬਾਹਰਲੇ ਲੋਕਾਂ ਨੂੰ ਸੱਦਣਾ ਤਾਂ ਚਾਹੁੰਦਾ ਹੈ, ਪਰ ਅਮਰੀਕੀ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਤੇ ਲਾਭ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਅਨਿਆਂ ਦਾ ਵਿਰੋਧ ਕਰਨ ਲਈ ਅਸੀਂ ਜੋ ਕੁਝ ਸੰਭਵ ਹੋਵੇਗਾ ਕਰਾਂਗੇ। ਕੋਲੰਬੀਆ ਨਦੀ ਕੰਢੇ ਹੋਏ ਸਮਾਗਮ ਵਿਚ ਓਰੇਗਨ ਹੀ ਨਹੀਂ ਵਾਸ਼ਿੰਗਟਨ ਰਾਜ, ਕੈਲੀਫੋਰਨੀਆ ਤੇ ਇੱਥੋਂ ਤੱਕ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਵੀ ਹਿੱਸਾ ਲੈਣ ਸੈਂਕੜੇ ਭਾਰਤੀ ਪੁੱਜੇ ਹੋਏ ਸਨ। ਇਹ ਪ੍ਰੋਗਰਾਮ ਉਸ ਭਵਨ ਦੇ ਬਰਾਬਰ ਬਣੇ ਪਾਰਕ ਵਿਚ ਕੀਤਾ ਗਿਆ, ਜਿੱਥੇ 105 ਸਾਲ ਪਹਿਲਾਂ ਗਦਰ ਪਾਰਟੀ ਦੀ ਸਥਾਪਨਾ ਲਈ ਮੀਟਿੰਗ ਸੱਦੀ ਸੀ। ਇਸ ਦੌਰਾਨ ਭੰਗੜਾ ਤੇ ਮਾਰਸ਼ਲ ਆਰਟ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਐਸਟੋਰੀਆ ਨਾਲ ਗਦਰ ਪਾਰਟੀ ਦਾ ਸਬੰਧ ਕੁਝ ਸਾਲ ਪਹਿਲਾਂ ਸਥਾਨਕ ਇਤਿਹਾਸਕਾਰ ਯੋਰਾਨਾ ਆਗਡੇਨ ਨੇ ਆਪਣੇ ਸੋਧ ਕਾਰਜ ਦੌਰਾਨ ਲੱਭਿਆ ਸੀ। ਉਨ੍ਹਾਂ ਨੇ ਇਸ ਬਾਰੇ ‘ਚ ਐਸਟੋਰੀਆ ਸਿਟੀ ਕੌਂਸਲ ਨੂੰ ਲਿਖਿਆ, ਜਿਸ ਪਿੱਛੋਂ 2013 ਵਿਚ ਇਸਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ‘ਤੇ ਇਕ ਪਾਰਕ ਵਿਚ ਇਸ ਦਾ ‘ਮੈਮੋਰੀਅਲ ਫਲਕ’ ਸਥਾਪਿਤ ਕੀਤਾ ਗਿਆ ਹੈ।
ਅਮਰੀਕਾ ‘ਚ ਭਾਰਤ ਦੀ ਅਜ਼ਾਦੀ ਦੀ ਅਲਖ
ਸੰਨ 1910 ਵਿਚ ਓਰੇਗਨ ਦੇ ਐਸਟੋਰੀਆ ਸ਼ਹਿਰ ਵਿਚ 74 ਭਾਰਤੀ ਰਹਿੰਦੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਤੋਂ ਗਏ ਸਿੱਖ ਸਨ ਤੇ ਉਥੇ ਇਸ ਕੰਪਨੀ ‘ਚ ਮਜ਼ਦੂਰੀ ਦਾ ਕੰਮ ਕਰਦੇ ਸਨ। ਲਾਲਾ ਹਰਦਿਆਲ ਨੇ ਇਨ੍ਹਾਂ ਭਾਰਤੀਆਂ ਨੂੰ ਜਥੇਬੰਦ ਕੀਤਾ। ਇਸ ਤੋਂ ਬਾਅਦ 23 ਅਪ੍ਰੈਲ 1913 ‘ਚ ਐਸਟੋਰੀਆ ‘ਚ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ। ਇਸ ਦਾ ਮੁਖੀ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ। ਪਾਰਟੀ ਨੇ ਹਿੰਦੁਸਤਾਨ ਗਦਰ ਨਾਂ ਨਾਲ ਅਖਬਾਰ ਕੱਢ ਕੇ ਵਿਦੇਸ਼ ‘ਚ ਵਸੇ ਭਾਰਤੀਆਂ ਨੂੰ ਭੇਜਣਾ ਸ਼ੁਰੂ ਕੀਤਾ। ਪਹਿਲੀ ਸੰਸਾਰ ਜੰਗ ਵੇਲੇ ਇਸ ਪਾਰਟੀ ਨੇ ਜਰਮਨੀ ਦੀ ਮੱਦਦ ਨਾਲ ਅਫਗਾਨਿਸਤਾਨ ਦੇ ਕਾਬੁਲ ਵਿਚ ਜਲਾਵਤਨ ਆਜ਼ਾਦ ਭਾਰਤ ਸਰਕਾਰ ਦੀ ਸਥਾਪਨਾ ਕੀਤੀ ਤੇ ਅੰਗਰੇਜ਼ਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਅੰਗਰੇਜ਼ਾਂ ਨੇ ਹਾਲਾਂਕਿ ਸਾਥੀ ਦੇਸ਼ਾਂ ਦੀ ਮੱਦਦ ਨਾਲ ਅੰਦੋਲਨ ਨੂੰ ਕੁਚਲ ਦਿੱਤਾ ਪਰ ਭਾਰਤੀਆਂ ਨੂੰ ਅਜ਼ਾਦੀ ਦੀ ਲੰਬੀ ਲੜਾਈ ਲਈ ਤਿਆਰ ਕਰਨ ‘ਚ ਪਾਰਟੀ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …