ਕਿਹਾ, ਰਾਮ ਰਹੀਮ ਨੇ ਹੀ ਆਪਣੇ ਚੇਲਿਆਂ ਨੂੰ ਰਣਜੀਤ ਦਾ ਕਤਲ ਦਾ ਹੁਕਮ ਦਿੱਤਾ ਸੀ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦੀਆਂ ਸਾਧਵੀਆਂ ਦੇ ਭਰਾ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਅੱਜ ਖੱਟਾ ਸਿੰਘ ਨੇ ਗੁਰਮੀਤ ਰਾਮ ਰਹੀਮ ਵਿਰੁੱਧ ਵੱਡਾ ਖੁਲਾਸਾ ਕੀਤਾ ਹੈ। ਖੱਟਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਰਾਮ ਰਹੀਮ ਨੇ ਆਪਣੇ ਚੇਲਿਆਂ ਨੂੰ ਰਣਜੀਤ ਸਿੰਘ ਦਾ ਕਤਲ ਕਰਨ ਦਾ ਹੁਕਮ ਉਸ ਦੇ ਸਾਹਮਣੇ ਹੀ ਦਿੱਤਾ ਸੀ। ਅੱਜ ਗਵਾਹਾਂ ਦੇ ਬਿਆਨ ਕਲਮਬੱਧ ਹੋਏ ਹਨ ਅਤੇ 15 ਮਈ ਨੂੰ ਅਗਲੀ ਸੁਣਵਾਈ ਹੋਵੇਗੀ। ਖੱਟਾ ਸਿੰਘ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਜਦ ਸਾਧਵੀਆਂ ਨਾਲ ਜਬਰ ਜਨਾਹ ਬਾਰੇ ਖੁਲਾਸਾ ਹੋਇਆ ਤਾਂ ਉਨ੍ਹਾਂ ਦਾ ਭਰਾ ਰਣਜੀਤ ਸਿੰਘ ਡੇਰਾ ਛੱਡ ਕੇ ਚਲਾ ਗਿਆ ਸੀ। ਚੇਤੇ ਰਹੇ ਕਿ ਡੇਰਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਦੀ ਹਵਾ ਖਾ ਰਿਹਾ ਹੈ। ਪਿਛਲੇ ਸਾਲ 25 ਅਗਸਤ ਨੂੰ ਜਦੋਂ ਪੰਚਕੂਲਾ ਅਦਾਲਤ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਤਾਂ ਪੰਚਕੂਲਾ ਵਿਚ ਵੱਡੀ ਪੱਧਰ ‘ਤੇ ਡੇਰਾ ਪ੍ਰੇਮੀਆਂ ਨੇ ਹਿੰਸਾ ਕੀਤੀ ਸੀ, ਜਿਸ ਨਾਲ ਕਈਆਂ ਦੀ ਜਾਨ ਵੀ ਚਲੀ ਗਈ ਸੀ। ਇਸ ਤੋਂ ਪਹਿਲਾਂ ਖੱਟਾ ਸਿੰਘ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਪੱਤਰਕਾਰ ਛੱਤਰਪਤੀ ਵਲੋਂ ਸਾਧਵੀਆਂ ਦੀ ਚਿੱਠੀ ਛਾਪਣ ‘ਤੇ ਗੁੱਸੇ ਵਿਚ ਆਏ ਡੇਰਾ ਮੁਖੀ ਨੇ ਕਤਲ ਕਰਨ ਦਾ ਹੁਕਮ ਦਿੱਤਾ ਸੀ ਤੇ ਅਗਲੇ ਦਿਨ ਹੀ ਛੱਤਰਪਤੀ ਮਾਰਿਆ ਗਿਆ ਸੀ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …