Breaking News
Home / Special Story / ਚੰਨਾ ਸਿੰਘ ਦੀ ਮੌਤ ਨੇ ਪਰਿਵਾਰ ਨੂੰ ਹਨ੍ਹੇਰੇ ‘ਚ ਸੁੱਟਿਆ

ਚੰਨਾ ਸਿੰਘ ਦੀ ਮੌਤ ਨੇ ਪਰਿਵਾਰ ਨੂੰ ਹਨ੍ਹੇਰੇ ‘ਚ ਸੁੱਟਿਆ

ਫ਼ਿਰੋਜ਼ਪੁਰ : ਇੱਥੋਂ ਦੇ ਪਿੰਡ ਚੰਗਾਲੀ ਕਦੀਮ ਦੇ ਰਹਿਣ ਵਾਲੇ ਸਿੱਖਿਆ ਪ੍ਰੋਵਾਈਡਰ ਚੰਨਾ ਸਿੰਘ ਦੀ ਮੌਤ ਨੂੰ ਕਰੀਬ ਦੋ ਹਫਤੇ ਹੋ ਗਏ ਹਨ, ਪਰ ਅਜੇ ਤੱਕ ਸੂਬੇ ਦੇ ਕਿਸੇ ਸਿਆਸੀ ਆਗੂ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਉਹ ਆਪਣੇ ਪਰਿਵਾਰ ਦੀ ਕਬੀਲਦਾਰੀ ਸਾਂਭਣ ਵਾਲਾ ਇਕਲੌਤਾ ਪੁੱਤ ਸੀ, ਜੋ ਨਾਲ ਲੱਗਦੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪਿਛਲੇ 9 ਵਰ੍ਹਿਆਂ ਤੋਂ ਪੜ੍ਹਾ ਰਿਹਾ ਸੀ। ਸਰਕਾਰ ਵੱਲੋਂ ਉਸ ਨੂੰ ਸਿਰਫ਼ 8500 ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ। ਇਸ ਨਿਗੂਣੀ ਤਨਖ਼ਾਹ ਨਾਲ ਘਰ ਦੇ ਛੇ ਮੈਂਬਰਾਂ ਨੂੰ ਰੱਜਵੀਂ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ, ਪਰ ਫਿਰ ਵੀ ਉਹ ਪੱਕੇ ਹੋਣ ਦੀ ਆਸ ਵਿੱਚ ਸੇਵਾਵਾਂ ਨਿਭਾਅ ਰਿਹਾ ਸੀ। ਉਹ ਅੱਠ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਤੇ ਪਰਿਵਾਰ ਦਾ ਇਕਲੌਤਾ ਮੈਂਬਰ ਸੀ, ਜਿਸ ਨੇ ਆਪਣੀ ਮਿਹਨਤ ਤੇ ਲਗਨ ਨਾਲ ਬੀਏ, ਬੀਐੱਡ ਤੱਕ ਦੀ ਪੜ੍ਹਾਈ ਕੀਤੀ। ਬਾਕੀ ਚਾਰ ਭਰਾ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਪਾਲ ਰਹੇ ਹਨ। ਚੰਨਾ ਸਿੰਘ ਨੂੰ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਸੀ। ਘਰ ਦੇ ਗੁਜ਼ਾਰੇ ਲਈ ਉਸ ਨੂੰ ਆਪਣੀ ਪਤਨੀ ਨਾਲ ਕਦੇ ਕਦਾਈਂ ਮਜ਼ਦੂਰੀ ਵੀ ਕਰਨੀ ਪੈਂਦੀ ਸੀ। ਵਿੱਤੀ ਮਾਰ ਕਾਰਨ ਉਹ ਏਨਾ ਪ੍ਰੇਸ਼ਾਨ ਹੋ ਗਿਆ ਕਿ 18 ਅਪਰੈਲ ਨੂੰ ਉਸ ਨੇ ਆਪਣੇ ਪਿੰਡ ਵਿੱਚੋਂ ਲੰਘਦੀ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਚੰਨਾ ਸਿੰਘ ਦੇ ਸਹਿਪਾਠੀ ਅਧਿਆਪਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਪੜ੍ਹ-ਲਿਖ ਕੇ ਚੰਗੀ ਨੌਕਰੀ ਹਾਸਲ ਕਰਨਾ ਚਾਹੁੰਦਾ ਸੀ ਤੇ ਘਰ ਦੀ ਗ਼ਰੀਬੀ ਦੂਰ ਕਰਨੀ ਚਾਹੁੰਦਾ ਸੀ। ਸਾਲ 2010 ਵਿੱਚ ਸੜਕ ਹਾਦਸੇ ਵਿੱਚ ਉਸ ਦੀ ਇੱਕ ਬਾਂਹ ਨਕਾਰਾ ਹੋ ਗਈ ਸੀ, ਫ਼ਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ। ਉਸ ਦੀ ਪਤਨੀ ਮਜ਼ਦੂਰੀ ਕਰਦੀ ਸੀ। ਘਰ ਵਿੱਚ ਉਸ ਦੇ ਬਜ਼ੁਰਗ ਮਾਂ-ਪਿਓ ਤੋਂ ਇਲਾਵਾ ਪਤਨੀ ਤੇ ਤਿੰਨ ਬੱਚੇ ਹਨ। ਵੱਡੀ ਬੇਟੀ ઠਬਾਰ੍ਹਵੀਂ ਵਿੱਚ ਤੇ ਛੋਟੀ ਗਿਆਰਵੀਂ ਵਿੱਚ ਪੜ੍ਹਦੀ ਹੈ, ਜਦੋਂਕਿ ਬੇਟਾ ਦਸਵੀਂ ਵਿੱਚ ਹੈ। ਚੰਨਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਪੰਜ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚੋਂ ਢਾਈ ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਦੇ ਦਿੱਤਾ ਗਿਆ ਹੈ, ਬਾਕੀ ਰਕਮ ਛੇਤੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਸਾਢੇ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਅਤੇ ਪਚੱਤਰ ਹਜ਼ਾਰ ਰੁਪਏ ਸਾਂਝਾ ਮੋਰਚਾ ਪੰਜਾਬ ਵੱਲੋਂ ਆਪਣੇ ਅਧਿਆਪਕ ਸਾਥੀਆਂ ਦੀ ਮਦਦ ਨਾਲ ਇਕੱਠੀ ਕਰਕੇ ਦਿੱਤੀ ਗਈ ਹੈ। ਬੀਐੱਡ ਫ਼ਰੰਟ ਪੰਜਾਬ ਦੇ ਆਗੂ ਪਰਮਜੀਤ ਸਿੰਘ ਪੰਮਾ ਅਤੇ ਮੰਚ ਦੇ ਆਗੂਆਂ ਸੁਖਜਿੰਦਰ ਸਿੰਘ ਖਾਨਪੁਰੀਆ, ਜਸਵਿੰਦਰ ਸਿੰਘ ਸਿੱਧੂ, ਆਖਦੇ ਹਨ ਕਿ ਜਦੋਂ ਤੱਕ ਚੰਨਾ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਜਾਂਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …