Breaking News
Home / ਭਾਰਤ / ਮੀਕਾ ਸਿੰਘ ਵੱਲੋਂ ਕੀਰਤਨ ਕਰਨ ਦਾ ਮਾਮਲਾ ਭਖ਼ਿਆ

ਮੀਕਾ ਸਿੰਘ ਵੱਲੋਂ ਕੀਰਤਨ ਕਰਨ ਦਾ ਮਾਮਲਾ ਭਖ਼ਿਆ

ਅੰਮ੍ਰਿਤਸਰ/ਬਿਊਰੋ ਨਿਊਜ਼
ਮੁੰਬਈ ਵਿੱਚ ਇਕ ਸਿੱਖ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਾਏ ਗੁਰਮਤਿ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਾਇਕ ਮੀਕਾ ਸਿੰਘ ਕੋਲੋਂ ਗੁਰਬਾਣੀ ਦਾ ਕੀਰਤਨ ਕਰਾ ਕੇ ਸਿੱਖ ਰਹਿਤ ਮਰਿਆਦਾ ਦੀ ਹੋਈ ਉਲੰਘਣਾ ਦਾ ਮਾਮਲਾ ਭਖ਼ ਗਿਆ ਹੈ। ਇਸ ਸਮਾਗਮ ਵਿੱਚ ਤਿੰਨ ਤਖ਼ਤਾਂ ਦੇ ਜਥੇਦਾਰਾਂ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਧਿਕਾਰੀ ਵੀ ਹਾਜ਼ਰ ਸਨ। ਵਿਰੋਧ ਕਰ ਰਹੀਆਂ ਸਿੱਖ ਧਿਰਾਂ ਨੇ ਮੰਗ ਕੀਤੀ ਹੈ ਕਿ ਜਥੇਦਾਰ ਇਸ ਉਲੰਘਣਾ ਲਈ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ। ਇਹ ਗੁਰਮਤਿ ਸਮਾਗਮ ਉਂਜ ਵੀ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਸ਼ਾਮਲ ਪ੍ਰਕਾਸ਼ ਪੁਰਬ ਦੀ ਮਿਤੀ ਮੁਤਾਬਕ ਮਨਾਇਆ ਗਿਆ ਹੈ, ਜਿਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਸੋਧਿਆ ਜਾ ਚੁੱਕਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਉਸ ਨੂੰ ਅਪਣਾਇਆ ਜਾ ਚੁੱਕਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਸਿੱਖ ਧਾਰਮਿਕ ਆਗੂਆਂ ਦੀ ਆਲੋਚਨਾ ਹੋ ਰਹੀ ਹੈ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਆਖਿਆ ਕਿ ਸਮਾਗਮ ਵਿੱਚ ਤਿੰਨ ਤਖ਼ਤਾਂ ਦੇ ਜਥੇਦਾਰ ਜਿਨ੍ਹਾਂ ਵਿੱਚ ਅਕਾਲ ਤਖ਼ਤ ਸਾਹਿਬ, ਤਖ਼ਤ ਹਜ਼ੂਰ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸ਼ਾਮਲ ਸਨ, ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸਿੱਖ ਰਹਿਤ ਮਰਿਆਦਾ ਤੇ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਵੀ ਇਕ ਟੀਵੀ ਚੈਨਲ ‘ਤੇ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਮਾਗਮ ਵਿੱਚ ਇਨ੍ਹਾਂ ਧਾਰਮਿਕ ਆਗੂਆਂ ਦੀ ਹਾਜ਼ਰੀ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ, ਉਥੇ ਹੀ ਇਕ ਪਤਿਤ ਸਿੱਖ ਗਾਇਕ ਮੀਕਾ ਸਿੰਘ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਤਿਤ ਸਿੱਖ ਨੂੰ ਸਿਰੋਪਾਓ ਵੀ ਦਿੱਤਾ ਗਿਆ ਤੇ ਫਿਲਮੀ ਕਲਾਕਾਰਾਂ ਦਾ ਵੀ ਸਨਮਾਨ ਕੀਤਾ ਗਿਆ। ਇਕ ਮਹਿਲਾ ਕਲਾਕਾਰ ਕੋਲੋਂ ਗੁਰੂ ਦੀ ਹਾਜ਼ਰੀ ਵਿੱਚ ਮੱਥਾ ਵੀ ਟਿਕਵਾਇਆ, ਜੋ ਗੁਰ ਮਰਿਆਦਾ ਦੀ ਉਲੰਘਣਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਥਕ ਫਰੰਟ ਦੇ ਕਨਵੀਨਰ ਸੁਖਦੇਵ ਸਿੰਘ ਭੌਰ ਨੇ ਆਖਿਆ ਕਿ ਇਸ ਮਾਮਲੇ ਵਿੱਚ ਜਥੇਦਾਰਾਂ ਸਮੇਤ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰਾਂ ਨੂੰ ਸਿੱਖ ਪੰਥ ਕੋਲੋਂ ਖਿਮਾ ਯਾਚਨਾ ਕਰਨੀ ਚਾਹੀਦੀ ਹੈ।

Check Also

ਸੁਪਰੀਮ ਕੋਰਟ ਨੇ ਐਸ.ਬੀ.ਆਈ. ਨੂੰ ਚੋਣ ਬਾਂਡਾਂ ਸਬੰਧੀ 21 ਮਾਰਚ ਤੱਕ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ

ਨਵੇਂ ਨਿਰਦੇਸ਼ ਵਿਚ ਯੂਨੀਕ ਬਾਂਡ ਨੰਬਰਾਂ ਦੇ ਖੁਲਾਸੇ ਕਰਨ ਲਈ ਵੀ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ …