Breaking News
Home / ਕੈਨੇਡਾ / ਸੋਨੀਆ ਸਿੱਧੂ ਵੱਲੋਂ ਲੰਘੇ ਸਾਲ 2017 ਵਿਚ ਆਪਣੀ ਰਾਈਡਿੰਗ ਲਈ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ

ਸੋਨੀਆ ਸਿੱਧੂ ਵੱਲੋਂ ਲੰਘੇ ਸਾਲ 2017 ਵਿਚ ਆਪਣੀ ਰਾਈਡਿੰਗ ਲਈ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ

ਬਰੈਂਪਟਨ/ਡਾ. ਝੰਡ : ਸਾਲ 2017 ‘ਤੇ ਸਰਸਰੀ ਝਾਤੀ ਮਾਰੀ ਜਾਏ ਤਾਂ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਲਈ ਇਹ ਸਾਲ ਬੇਹੱਦ ਸਫ਼ਲਤਾ-ਪੂਰਵਕ ਗੁਜ਼ਰਿਆ। ਸਾਰੇ ਹੀ ਪਿਛੋਕੜ ਵਾਲੇ ਕੈਨੇਡੀਅਨਾਂ ਨੇ ਮਿਲ ਕੇ ਇਹ ਸਾਲ ਕੈਨੇਡਾ ਦੀ ਕਨਫ਼ੈੱਡਰਸ਼ਨ ਦੇ 150 ਵਰ੍ਹੇ ਪੂਰੇ ਹੋਣ ਦੀ ਖ਼ੁਸ਼ੀ ਵਿਚ ‘ਕੈਨੇਡਾ 150’ ਵਜੋਂ ਮਨਾਇਆ। ਇਹ ਵਰ੍ਹਾ ਸਮੁੱਚੇ ਕੈਨੇਡਾ-ਵਾਸੀਆਂ, ਕੈਨੇਡਾ ਸਰਕਾਰ ਅਤੇ ਐੱਮ.ਪੀ. ਸੋਨੀਆ ਸਿੱਧੂ ਲਈ ‘ਪ੍ਰਾਪਤੀਆਂ ਦਾ ਵਰ੍ਹਾ’ ਕਿਹਾ ਜਾ ਸਕਦਾ ਹੈ।
ਬੀਤੇ ਸਾਲ 2017 ਦੌਰਾਨ ਕੀਤੇ ਗਏ ਬਰੈਂਪਟਨ ਸਾਊਥ ਅਤੇ ਸਮੁੱਚੇ ਬਰੈਂਪਟਨ ਸ਼ਹਿਰ ਲਈ ਕੀਤੇ ਗਏ ਕੰਮਾਂ ਬਾਰੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਸੋਨੀਆ ਨੇ ਕਿਹਾ, ”ਇਹ ਸਾਲ 2017 ਅਸੀਂ ਸਾਰਿਆਂ ਮਿਲ ਕੇ ਆਪਣੀਆਂ ਕਾਮਯਾਬੀਆਂ ਦੇ ਨਾਮ ਕੀਤਾ ਹੈ ਅਤੇ ਅਸੀਂ ਮੱਧ-ਵਰਗੀ ਲੋਕਾਂ ਤੇ ਹੋਰ ਜਿਹੜੇ ਇਸ ਵਰਗ ਵਿਚ ਸ਼ਾਮਲ ਹੋਣ ਲਈ ਸਖ਼ਤ ਮਿਹਨਤ ਕਰ ਰਹੇ ਹਨ, ਦੀ ਸਹਾਇਤਾ ਲਈ ਬਹੁਤ ਕੰਮ ਕੀਤਾ ਹੈ। ਕੈਨੇਡਾ-150 ਮੌਕੇ ਇਕੱਠੇ ਹੋ ਕੇ ਮਿਲ ਜੁਲ ਕੇ ਕੰਮ ਕਰਨ ਲਈ ਮੈਂ ਆਪਣੇ ਸਾਰੇ ਸਾਥੀਆਂ ਦਾ ਹਾਰਦਿਕ ਧੰਨਵਾਦ ਕਰਦੀ ਹਾਂ ਅਤੇ ਸਾਰੇ ਹੀ ਬਰੈਂਪਟਨ-ਵਾਸੀਆਂ ਨੂੰ ਆਉਣ ਵਾਲੇ ਨਵੇਂ ਸਾਲ 2018 ਲਈ ਸ਼ੁਭ-ਕਾਮਨਾਵਾਂ ਪੇਸ਼ ਕਰਦੀ ਹਾਂ।”
ਉਨ੍ਹਾਂ ਨਵੇਂ ਸਾਲ 2018 ਵਿਚ ਲੋਕਾਂ ਦੀ ਸਫ਼ਲਤਾ ਲਈ ਕਾਮਨਾ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਸਾਰਿਆਂ ਨੇ ਮਿਲ ਕੇ ਕਾਫ਼ੀ ਕੰਮ ਕੀਤਾ ਹੈ ਅਤੇ ਸਾਡੇ ਲਈ ਅਜੇ ਹੋਰ ਬਹੁਤ ਸਾਰਾ ਕੰਮ ਕਰਨ ਵਾਲਾ ਹੈ। ਆਪਣੇ ਹਲਕੇ ਲਈ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ:
ਕੈਨੇਡਾ ‘ਚਾਈਲਡ ਬੈਨੀਫ਼ਿਟ ਪ੍ਰੋਗਰਾਮ’ ਜਿਸ ਨੇ 10 ਵਿੱਚੋਂ 9 ਪਰਿਵਾਰਾਂ ਦੀ ਸਹਾਇਤਾ ਕੀਤੀ ਹੈ, ਹੇਠ ਜੁਲਾਈ 2016 ਤੋਂ ਜੂਨ 2017 ਤੱਕ 105,452,000 ਡਾਲਰ ਬਰੈਂਪਟਨ ਸਾਊਥ ਦੇ ਪਰਿਵਾਰਾਂ ਲਈ ਸਰਦੀਆਂ ਲਈ ਗਰਮ ਕੱਪੜਿਆਂ, ਗਰੌਸਰੀ ਅਤੇ ਰੋਜ਼ਮਰ੍ਹਾ-ਜੀਵਨ ਲਈ ਲੋਕਾਂ ਦੀਆਂ ਜੇਬਾਂ ਵਿਚ ਪਾਏ ਗਏ। ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਨਾਉਣ ਲਈ ਇਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬਰੈਂਪਟਨ ਵਿਚ ਅਹਿਮ ਐਲਾਨ ਕਰਨ ਸਮੇਂ ਬਰੈਂਪਟਨ ਦੇ ਹੋਰ ਪਾਰਲੀਮੈਂਟ ਮੈਂਬਰਾਂ ਸਮੇਤ ਐੱਮ.ਪੀ.ਸੋਨੀਆ ਸਿੱਧੂ ਵੀ ਸ਼ਾਮਲ ਹੋਏ। ਲੋਕਾਂ ਦੇ ਜੀਵਨ-ਪੱਧਰ ਨੂੰ ਉਚੇਰਾ ਚੁੱਕਣ ਲਈ ਇਹ ਪ੍ਰੋਗਰਾਮ ਆਪਣੇ ਨਿਯਮਤ ਸਕੈੱਜੂਅਲ ਤੋਂ ਦੋ ਸਾਲ ਪਹਿਲਾਂ ਜੁਲਾਈ 2018 ਵਿਚ ਸ਼ੁਰੂ ਕੀਤਾ ਜਾ ਰਿਹਾ ਹੈ।
‘ਆਲ-ਪਾਰਟੀ ਡਾਇਬੇਟੀਜ਼ ਕਾਕੱਸ’ ਦੀ ਚੇਅਰ-ਪਰਸਨ ਹੋਣ ਦੇ ਨਾਤੇ ਕੈਨੇਡਾ ਦੀ ਹੈੱਲਥੀ ਈਟਿੰਗ ਸਟਰੈਟਿਜੀ, ਫ਼ੂਡ-ਗਾਈਡ ਦੀ ਦੁਹਰਾਈ ਅਤੇ ਡਾਇਬੇਟੀਜ਼ ਦੀ ਰੋਕਥਾਮ ਅਤੇ ਇਸ ਦੀ ਮੈਨੇਜਮੈਂਟ ਲਈ ਕੈਨੇਡਾ-ਭਰ ਵਿਚ ਲੋਕਾਂ ਨਾਲ ਸਲਾਹ-ਮਸ਼ਵਰੇ ਕਰਕੇ ਲੋੜੀਆਂ ਰਿਪੋਰਟਾਂ ਤਿਆਰ ਕਰਕੇ ਮਨਿਸਟਰੀ ਆਫ਼ ਹੈੱਲਥ ਨੂੰ ਭੇਜੀਆਂ ਗਈਆਂ। ਇਸ ਦੇ ਨਾਲ ਹੀ ‘ਸਟੈਂਡਿੰਗ ਕਮੇਟੀ ਆਨ ਹੈੱਲਥ ਦੀਆਂ ਮੀਟਿੰਗਾਂ’ ਵਿਚ ‘ਐਂਟੀ ਮਾਈਕਰੋਬੀਅਲ ਰੀਜ਼ਿਸਟੈਂਸ’ ਤੋਂ ਲੈ ਕੇ ‘ਲਾਈਮ ਡਿਜ਼ੀਜ਼’ ਅਤੇ ਨੈਸ਼ਨਲ ਫ਼ਾਰਮਾਕੇਅਰ ਸਿਸਟਮ ਵਰਗੇ ਕੌਮੀ ਮੁੱਦਿਆਂ ‘ਤੇ ਬਹੁਤ ਵਾਰੀ ਆਪਣੇ ਵਿਚਾਰ ਪ੍ਰਗਟ ਕੀਤੇ। ‘ਆਲ-ਪਾਰਟੀ ਡਾਇਬੇਟੀਜ਼ ਕਾਕੱਸ’ ਦੀ ਚੇਅਰ-ਪਰਸਨ ਵਜੋਂ ਇਟਲੀ ਦੇ ਸ਼ਹਿਰ ਰੋਮ ਵਿਚ ਹੋਏ ਗਲੋਬਲ ਡਾਇਬੇਟੀਜ਼ ਪਾਲਿਸੀ ਫ਼ੋਰਮ ਵਿਚ ਸ਼ਿਰਕਤ ਕੀਤੀ ਜਿਸ ਵਿਚ 38 ਦੇਸ਼ਾਂ ਦੇ ਨੁਮਾਇੰਦਿਆਂ ਨੇ ਇਸ ਬੀਮਾਰੀ ਨੂੰ ਖ਼ਤਮ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਭਾਗ ਲਿਆ।
ਐੱਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ ਅਤੇ ਔਟਵਾ ਵਿਚ ਕੀਤੇ ਗਏ 300 ਤੋਂ ਵਧੇਰੇ ਈਵੈਂਟਸ ਵਿਚ ਭਾਗ ਲਿਆ ਅਤੇ ਇਨ੍ਹਾਂ ਵਿੱਚੋਂ ਬਹੁਤੇ ਬਰੈਂਪਟਨ ਵਿਚ ਹੀ ਰੱਖੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬਰੈਂਪਟਨ-ਵਾਸੀਆਂ ਅਤੇ ਸਟੇਕ-ਹੋਲਡਰਾਂ ਨਾਲ ਵੱਖ-ਵੱਖ ਮੁੱਦਿਆਂ ‘ਤੇ 100 ਤੋਂ ਵਧੇਰੇ ਮੀਟਿੰਗਾਂ ਕੀਤੀਆਂ ਗਈਆਂ।
‘ਕੈਨੇਡਾ ਸੱਮਰ ਜੌਬਜ਼ ਪ੍ਰੋਗਰਾਮ’ ਅਧੀਨ ਨੌਜੁਆਨਾਂ ਲਈ ਕੰਮਾਂ-ਕਾਜਾਂ ਦੇ ਮੌਕਿਆਂ ਵਿਚ ਵਾਧਾ ਕਰਨ ਲਈ ਬਰੈਂਪਟਨ ਸਾਊਥ ਵਿਚ 46 ਨਵੇ ਪ੍ਰਾਜੈੱਕਟ ਪ੍ਰਵਾਨ ਕਰਵਾਏ ਗਏ।
‘ਪਬਲਿਕ ਟਰਾਂਜ਼ਿਟ ਇਨਫ਼ਰਾ-ਸਟਰੱਕਚਰ ਫ਼ੰਡ’ ਹੇਠ ਬਰੈਂਪਟਨ ਲਈ ਏਅਰਪੋਰਟ ਰੋਡ ‘ਤੇ ‘ਜ਼ੂਮ ਬੋਵੇਰਡ ਟਰਾਂਜ਼ਿਟ ਸੇਵਾ’ ਸ਼ੁਰੂ ਕਰਨ ਅਤੇ ਸੈਂਡਲਵੁੱਡ ਟਰਾਂਜ਼ਿਟ ਸੇਵਾ ਵਿਚ ਸੁਧਾਰ ਕਰਨ ਲਈ ਮਾਣਯੋਗ ਖੋਜ ਤੇ ਵਿਕਾਸ ਮੰਤਰੀ ਨਵਦੀਪ ਬੈਂਸ ਦੀ ਅਗਵਾਈ ਹੇਠ ਬਰੈਂਪਟਨ ਨੇ 32.4 ਮਿਲੀਅਨ ਦੀ ਰਕਮ ਹਾਸਲ ਕੀਤੀ।
ਰਿਫ਼ਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਣਯੋਗ ਅਹਿਮਦ ਹੁਸੈਨ ਅਤੇ ਮਾਣਯੋਗ ਮੰਤਰੀ ਪੈਟੀ ਹਡਜੂ ਵੱਲੋਂ ‘ਸੈੱਟਲਮੈਂਟ ਪ੍ਰੋਗਰਾਮ’ ਅਧੀਨ ਪ੍ਰੀ-ਐਰਾਈਵਲ ਸਪਲੀਮੈਂਟ, ਫੌਰਨ ਕਰੈਡੈਂਸ਼ਲਜ਼ ਅਤੇ ਕੈਨੇਡੀਅਨ ਵਰਕ ਐਕਪੀਰੀਐਂਸ ਨੂੰ ਮਾਨਤਾ ਦੇਣ ਲਈ ਬਰੈਂਪਟਨ ਨੂੰ 27.5 ਮਿਲੀਅਨ ਡਾਲਰ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ।
‘ਕੈਨੇਡਾ 150 ਕਮਿਊਨਿਟੀ ਇਨਫ਼ਰਾ-ਸਟਰੱਕਚਰ ਪ੍ਰੋਜੈਕਟ’ ਅਧੀਨ 60 ਪ੍ਰੋਜੈੱਕਟਾਂ ਲਈ 3 ਮਿਲੀਅਨ ਦੀ ਰਾਸ਼ੀ ਬਰੈਂਪਟਨ ਨੂੰ ਪ੍ਰਾਪਤ ਹੋਈ। ਇਨ੍ਹਾਂ ਪ੍ਰਾਜੈੱਕਟਾਂ ਵਿਚ ‘ਪਾਮਾ’ ਅਤੇ ਯੂਨੀਅਨ ਸਟਰੀਟ ਦੇ ਵਾਈ.ਐੱਮ.ਸੀ.ਏ.ਵਰਗੇ ਕਮਿਊਨਿਟੀ ਇਨਫ਼ਰਾ-ਸਟਰੱਕਚਰ ਪ੍ਰੋਗਰਾਮ ਆਦਿ ਸ਼ਾਮਲ ਸਨ।
ਬਰੈਂਪਟਨ ਸਾਊਥ ਵਿਚ ਮਾਣਯੋਗ ਮਨਿਸਟਰ ਆਫ਼ ਸਟੇਟੱਸ ਆਫ਼ ਵੋਮੈੱਨ ਮਰੀਅਮ ਮੌਨਸੈਫ਼ ਦੀ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਨਾਲ ਬਰੈਂਪਟਨ ਵਿਚ ਔਰਤਾਂ ਲਈ ਰੋਜ਼ਗਾਰ ਪੈਦਾ ਕਰਨ ਅਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਨਾਉਣ ਸਬੰਧੀ ਵੱਡੇ ਇਕੱਠ ਨੌਜੁਆਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਸਰਕਾਰ ਵੱਲੋਂ ਮੱਧ-ਵਰਗ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ 2017 ਬੱਜਟ ਵਿਚ ਕੀਤੀਆਂ ਗਈਆਂ ਵਿਵਸਥਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਬਰੈਂਪਟਨ ਸਾਊਥ ਵਿਚ ਮਾਣਯੋਗ ਮਨਿਸਟਰ ਆਫ਼ ਫ਼ੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਜੀਨ-ਵੇਅ ਡੁਕਲੋ ਦੀ ਮੇਜ਼ਬਾਨੀ ਕੀਤੀ ਗਈ।
ਮਾਣਯੋਗ ਵਿੱਤ ਮੰਤੀ ਬਿਲ ਮੌਰਨਿਊ ਐੱਮ.ਪੀ. ਸੋਨੀਆ ਸਿੱਧੂ ਦੇ ਰਾਈਡਿੰਗ ਆਫ਼ਿਸ ਵਿਚ ਪਧਾਰੇ ਅਤੇ ਉਸ ਤੋਂ ਬਾਅਦ ਏਸੇ ਹੀ ਬਿਲਡਿੰਗ ਵਿਚ ਇਕ ਹੋਰ ਥਾਂ ‘ਤੇ ਬਰੈਂਪਟਨ ਦੇ ਸਮੂਹ ਪਾਰਲੀਮੈਂਟ ਮੈਂਬਰਾਂ ਸਮੇਤ ਬਰੈਂਪਟਨ ਦੇ ਸਿਰਕੱਢ ਬਿਜ਼ਨੈੱਸ ਆਗੂਆਂ ਨਾਲ ਅਹਿਮ ਬਿਜ਼ਨੈੱਸ ਮੀਟਿੰਗ ਕੀਤੀ।
‘ਪੈਨ-ਕੈਨੇਡੀਅਨ ਆਰਟੀਫ਼ਿਸੀਅਲ ਇੰਟੈਲੀਜੈਸ ਸਟਰੈਟਿਜੀ’ ਅਧੀਨ ਫੈੱਡਰਲ ਸਰਕਾਰ ਵੱਲੋਂ ਬਰੈਂਪਟਨ ਵਿਚ 125 ਮਿਲੀਅਨ ਡਾਲਰ ਰਾਸ਼ੀ ਨਿਵੇਸ਼ ਬਾਰੇ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਖ਼ੁਦ ਐਲਾਨ ਕਰਨ ਲਈ ਬਰੈਂਪਟਨ ਪਹੁੰਚੇ। ਇਸ ਮੌਕੇ ਬਰੈਂਪਟਨ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਨੇ ਉਨ੍ਹਾਂ ਦਾ ਭਰਪੂਰ ਸੁਆਗ਼ਤ ਕੀਤਾ।
ਐੱਮ.ਪੀ. ਸੋਨੀਆ ਸਿੱਧੂ ਦੀ ਬੇਨਤੀ ‘ਤੇ ਨਵੰਬਰ ਮਹੀਨੇ ਨੂੰ ‘ਡਾਇਬੇਟੀਜ਼ ਅਵੇਅਰਨੈੱਸ ਮੰਥ’ ਐਲਾਨਣ ਅਤੇ 14 ਨਵੰਬਰ ਨੂੰ ‘ਡਾਇਬੇਟੀਜ਼ ਅਵੇਅਰਨੈੱਸ ਡੇਅ’ ਵਜੋਂ ਮਨਾਉਣ ਲਈ ਬਰੈਂਪਟਨ ਦੀ ਮੇਅਰ ਲਿੰਡਾ ਜੈਫ਼ਰੀ, ਸਿਟੀ ਕਾਊਸਲਰਾਂ ਅਤੇ ਬਰੈਂਪਟਨ-ਵਾਸੀਆਂ ਨਾਲ ਮਿਲ ਕੇ ਸਿਟੀ ਹਾਲ ਵਿਖੇ ਪ੍ਰਭਾਵਸ਼ਾਲੀ ਸਮਾਗ਼ਮ ਕੀਤਾ ਗਿਆ।
ਬਰੈਂਪਟਨ ਵਿਚ ਕੈਨੇਡਾ-150 ਮਨਾਉਣ ਲਈ ‘ਮਸਕੋਕਾ ਚੇਅਰਜ਼ ਪ੍ਰਾਜੈੱਕਟ’ ਲਈ ਕੈਨੇਡਾ ਸਰਕਾਰ ਵੱਲੋਂ 105,000 ਡਾਲਰ ਦੀ ਰਕਮ ਬਰੈਂਪਟਨ ਸਿਟੀ ਨੂੰ ਦਿੱਤੀ ਗਈ।
ਨੌਜੁਆਨ ਆਗੂਆਂ ਨੂੰ ਆਪੋ ਆਪਣੀਆਂ ਕਮਿਊਨਿਟੀਆਂ ਵਿਚ ਕੁਝ ਵੱਖਰਾ ਕਰਨ ਲਈ ‘ਬਰੈਂਪਟਨ ਸਾਊਥ ਕਾਂਨਸਟੀਚੂਐਂਸੀ ਯੂਥ ਕਾਊਂਸਲ’ ਦੇ ਦੂਸਰੇ ਸਾਲ ਦੀ ਸ਼ੁਭ-ਸ਼ੁਰੂਆਤ ਕੀਤੀ ਗਈ।
2017 ਕਮਿਊਨਿਟੀ ਵਾਲੰਟੀਅਰ ਇਨਕਮ ਟੈਕਸ ਪ੍ਰੋਗਰਾਮ ਦੇ ਇਕ ਹਿੱਸੇ ਵਜੋਂ ਐੱਮ.ਪੀ. ਸਿੱਧੂ ਵੱਲੋਂ ਲੋਕਾਂ ਨੂੰ ਟੈਕਸ ਨਾਲ ਸਬੰਧਿਤ ਸਹਾਇਤਾ ਅਤੇ ਲੋੜੀਂਦੀ ਜਾਣਕਾਰੀ ਦੇਣ ਲਈ ਹਰ ਸਾਲ ਦੀ ਤਰ੍ਹਾਂ ਹਰ ਸੰਭਵ ਸਹਾਇਤਾ ਕੀਤੀ ਗਈ।
ਐੱਮ.ਪੀ. ਸਿੱਧੂ ਵੱਲੋਂ ਆਪਣਾ ਦੂਸਰਾ ਸਲਾਨਾ ਓਪਨ-ਹਾਊਸ ਲਗਾਇਆ ਗਿਆ ਜਿਸ ਵਿਚ ਬਰੈਂਪਟਨ ਸਾਊਥ ਰਾਈਡਿੰਗ ਅਤੇ ਆਂਢ-ਗਵਾਂਢ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਹ ਪ੍ਰਥਾ ਆਉਂਦੇ ਸਾਲਾਂ ਵਿਚ ਵੀ ਇੰਜ ਹੀ ਜਾਰੀ ਰੱਖੀ ਜਾਏਗੀ।
ਵੱਖ-ਵੱਖ ਵਿਸ਼ਿਆਂ, ਜਿਵੇਂ ਓਪੇਨਿਡ ਕਰਾਈਸਿਜ਼, ਨਵੇਂ ਬਿਜ਼ਨੈੱਸ ਸ਼ੁਰੂ ਕਰਨ, ਅਪੰਗਤਾ, ਜੀਵਨ ਵਿਚ ਸਹੀ ਪਹੁੰਚ, ਕੈਨੇਬੀਜ਼ ਦੇ ਰੈਗੂਲੇਸ਼ਨ ਸਬੰਧੀ ਅਤੇ ਕਈ ਹੋਰ ਮਸਲਿਆਂ ‘ਤੇ ਟਾਊਨ ਹਾਲ ਮੀਟਿੰਗਾਂ ਅਤੇ ਕਨਸੱਲਟੇਸ਼ਨ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ।
ਪਾਰਲੀਮੈਂਟ ਮੈਂਬਰ ਬਣਨ ਤੋਂ ਬਾਅਦ ਬਹਿਸਾਂ ਵਿਚ ਭਾਗ ਲੈਣ, ਭਾਸ਼ਨ ਦੇਣ, ਸਟੇਟਮੈਂਟਾਂ ਦੇਣ, ਬਿੱਲ ਐੱਸ-228 ਵਰਗੇ ਬਿੱਲਾਂ ਅਤੇ ਚਾਈਲਡ ਹੈੱਲਥ ਪ੍ਰੋਟੈੱਕਸ਼ਨ ਐੱਕਟ ਬਾਰੇ ਬੋਲਣ ਅਤੇ ਐੱਮ-126 ਵਰਗੇ ਮੋਸ਼ਨਾਂ ਨੂੰ ਸੈਕਿੰਡ ਕਰਨ ਲਈ ਹਾਊਸ ਆਫ਼ ਕਾਮਨਜ਼ ਵਿਚ ਵੱਖ-ਵੱਖ ਸਮੇਂ ਬੋਲੇ।

Check Also

ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਘਰਾਂ ਦੀ ਘਾਟ ਦੀ ਸਮੱਸਿਆ ਹੈ। ਇਸ ਦੇ ਹੱਲ ਲਈ …