ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਹਰ ਮਹੀਨੇ ਹੋਣ ਵਾਲੀ ਇਕੱਤਰਤਾ ਅਗਲੇ ਐਤਵਾਰ 19 ਨਵੰਬਰ ਨੂੰ ਨਿਸਚਿਤ ਜਗ੍ਹਾ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ 2250 ਬੋਵੇਰਡ ਡਰਾਈਵ (ਈਸਟ) ਦੀ ਬੇਸਮੈਂਟ ਪੀ-1 ਸਥਿਤ ਮੀਟਿੰਗ-ਰੂਮ ਵਿਚ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗੀ।
ਇਸ ਇਕੱਤਰਤਾ ਵਿਚ ਪੰਜਾਬ ਦੀ ਸਿਰਮੌਰ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਬਾਰੇ ਸਭਾ ਦੇ ਸਰਗ਼ਰਮ ਮੈਂਬਰ ਡਾ.ਜਗਮੋਹਨ ਸਿੰਘ ਸੰਘਾ ਵਿਸਤ੍ਰਿਤ ਪੇਪਰ ਪੜ੍ਹਨਗੇ। ਉਪਰੰਤ, ਸਭਾ ਦੇ ਮੈਂਬਰਾਂ ਬਲਰਾਜ ਚੀਮਾ, ਸੁਰਜੀਤ ਕੌਰ, ਮਲੂਕ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ ਤੇ ਹੋਰਨਾਂ ਵੱਲੋਂ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ-ਜਨ ਆਪਣੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕਰਨਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-567-9128, 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।