Breaking News
Home / ਪੰਜਾਬ / ਐਸਵਾਈਐਲ ‘ਚ ਦਾਗ਼ ਧੋਣੇ ਚਾਹੁੰਦੇ ਹਨ ਅਕਾਲੀ

ਐਸਵਾਈਐਲ ‘ਚ ਦਾਗ਼ ਧੋਣੇ ਚਾਹੁੰਦੇ ਹਨ ਅਕਾਲੀ

SYL 2 copy copyਚੰਡੀਗੜ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਮੁੱਦੇ ਨੂੰ ਭਖਦਾ ਰੱਖ ਕੇ ਕਈ ਨਿਸ਼ਾਨੇ ਫੁੰਡਣ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਤੇ ਹਰਿਆਣਾ ਦਰਮਿਆਨ ਲੰਮੇ ਸਮੇਂ ਤੋਂ ਵਿਵਾਦ ਦਾ ਮੁੱਦਾ ਬਣੀ ਹੋਈ ਇਸ ਨਹਿਰ ਨੂੰ ਹਾਕਮ ਪਾਰਟੀ ਆਪਣੇ ਵੱਕਾਰ ਦੀ ਬਹਾਲੀ ਲਈ ਵਰਤਣਾ ਚਾਹੁੰਦੀ ਹੈ। ਅਕਾਲੀ ਦਲ ਇਸ ਮੁੱਦੇ ਸਹਾਰੇ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੇ ਉਭਾਰ ਨੂੰ ਵੀ ਸੱਟ ਮਾਰਨ ਦੇ ਯਤਨਾਂ ਵਿਚ ਹੈ। ਭਾਜਪਾ ਦੀ ਪੰਜਾਬ ਇਕਾਈ ਵੱਲੋਂ ਦਿੱਤੇ ਗਏ ਖੁੱਲੇ ਸਮਰਥਨ ਤੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਚੁੱਪ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕੇਂਦਰ ਤੇ ਪੰਜਾਬ ਵੱਲੋਂ ਨਹਿਰ ਦੇ ਮੁੱਦੇ ‘ਤੇ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ। ਅਕਾਲੀ-ਭਾਜਪਾ ਗੱਠਜੋੜ ਨੂੰ 9 ਸਾਲਾਂ ਤੋਂ ਲਗਾਤਾਰ ਸ਼ਾਸਨ ਵਿਚ ਰਹਿਣ ਬਾਅਦ ਸਥਾਪਤੀ ਵਿਰੋਧੀ ਲਹਿਰ ਦਾ ਅੰਦਾਜ਼ਾ ਲੋਕ ਸਭਾ ਚੋਣਾਂ ਵੇਲੇ ਹੀ ਹੋ ਗਿਆ ਸੀ। ਲੋਕ ਸਭਾ ਚੋਣਾਂ ਬਾਅਦ ਪੌਣੇ ਦੋ ਸਾਲਾਂ ਦੇ ਸਮੇਂ ਦੌਰਾਨ ਹਾਕਮ ਧਿਰਾਂ ਲੋਕਾਂ ਵਿਚ ਆਪਣਾ ਆਧਾਰ ਬਚਾਉਣ ਲਈ ਕੋਈ ਖਾਸ ਮਾਅਰਕਾ ਨਹੀਂ ਮਾਰ ਸਕੀਆਂ। ਇਸ ਗੱਲ ਦਾ ਅੰਦਾਜ਼ਾ ਹੁਕਮਰਾਨ ਧਿਰ ਨੂੰ ਲੰਘੇ ਸਾਲ ਅਕਤੂਬਰ ਮਹੀਨੇ ਦੌਰਾਨ ਰਾਜ ਅੰਦਰ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਉਪਜੇ ਮਾਹੌਲ ਦੌਰਾਨ ਹੋ ਗਿਆ ਸੀ। ਸਰਕਾਰ ਦੀ ਸ਼ਾਖ ਨੂੰ ਲੱਗ ਰਹੇ ਖੋਰੇ ਕਾਰਨ ਹਾਕਮ ਪਾਰਟੀਆਂ ਮੁੱਦੇ ਦੀ ਤਲਾਸ਼ ਵਿਚ ਸਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ, ਧਾਰਮਿਕ, ਸਮਾਜਿਕ ਅਤੇ ਪ੍ਰਸ਼ਾਸਕੀ ਫਰੰਟ ‘ਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਥਕ ਪਾਰਟੀ ਦਾ ਠੱਪਾ ਹੋਣ ਦੇ ਬਾਵਜੂਦ ਅਕਾਲੀ ਦਲ ਦਾ ਸਿੱਖ ਸਫ਼ਾਂ ਵਿਚ ਪਹਿਲਾਂ ਵਾਲਾ ਆਧਾਰ ਨਹੀਂ ਰਿਹਾ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਹੀ ਇੱਕ ਵੱਡਾ ਧੜਾ ਅਕਾਲੀ ਵਿਰੋਧੀ ਹੈ। ਇਸੇ ਤਰਾਂ ਨਸ਼ਿਆਂ ਦੇ ਮੁੱਦੇ ‘ਤੇ ਹਾਕਮ ਪਾਰਟੀ ਨੂੰ ਸਮਾਜਿਕ ਚੁਣੌਤੀ ਮਿਲ ਰਹੀ ਹੈ ਤੇ ਆਪ ਨੇ ਹਾਕਮ ਪਾਰਟੀਆਂ ਨੂੰ ਸਿਆਸੀ ਫਰੰਟ ‘ਤੇ ਤਰੇਲੀਆਂ ਲਿਆਂਦੀਆਂ ਹੋਈਆਂ ਸਨ।
‘ਅਕਾਲੀ ਹੀ ਕਰ ਸਕਦੇ ਹਨ ਪੰਜਾਬ ਦੇ ਹਿੱਤਾਂ ਦੀ ਰਾਖੀ’
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਕਾਂਗਰਸ ਤੇ ਆਪ ਵੱਲੋਂ ਪੰਜਾਬ ਵਾਸੀਆਂ ਨੂੰ ਨਾਂਹ ਪੱਖੀ ਰਾਜਨੀਤੀ ਨਾਲ ਗੁੰਮਰਾਹ ਕੀਤਾ ਜਾ ਰਿਹਾ ਸੀ। ਅਕਾਲੀ ਦਲ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀਂ ਸਿਰਫ਼ ਅਕਾਲੀ ਹੀ ਕਰ ਸਕਦੇ ਹਨ।

Check Also

ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਹੁਣ ਫਿਨਲੈਂਡ ਤੋਂ ਲੈਣਗੇ ਟ੍ਰੇਨਿੰਗ

ਦਿੱਲੀ ’ਚ ਐਮਓਯੂ ਕੀਤਾ ਗਿਆ ਸਾਈਨ, ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮਨੀਸ਼ ਸਿਸੋਦੀਆ ਰਹੇ ਮੌਜੂਦ …