Breaking News
Home / ਪੰਜਾਬ / ਫਿਰੋਜ਼ਪੁਰ ‘ਚ ਮੱਖੀ ਵਰਗੀ ਚੀਜ਼ ਵਿਖਾਈ ਦਿੱਤੀ ਤੇ ਗੁੱਤ ਕੱਟੀ ਗਈ

ਫਿਰੋਜ਼ਪੁਰ ‘ਚ ਮੱਖੀ ਵਰਗੀ ਚੀਜ਼ ਵਿਖਾਈ ਦਿੱਤੀ ਤੇ ਗੁੱਤ ਕੱਟੀ ਗਈ

ਫਿਰੋਜ਼ਪੁਰ/ਬਿਊਰੋ ਨਿਊਜ਼ : ਸਿਰ ਦੇ ਵਾਲ ਕੱਟੇ ਜਾਣ ਦਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਕਿਲੀ ਵਿਚ ਵੀ ਸਾਹਮਣੇ ਆਇਆ ਹੈ, ਜਿੱਥੇ 11ਵੀਂ ਵਿਚ ਪੜ੍ਹਦੀ ਲੜਕੀ ਦੇ ਦਿਨ ਵੇਲੇ ਹੀ ਕੋਈ ਵਾਲ ਕੱਟ ਕੇ ਚਲਾ ਗਿਆ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਕਿਲੀ ਦੀ ਰਹਿਣ ਵਾਲੀ ਸਲਮਾ ਨੇ ਦੱਸਿਆ ਕਿ ਉਸ ਦੀ ਮਾਂ ਤੇ ਪਿਓ ਨਾਨਕੇ ਪਿੰਡ ਗਏ ਹੋਏ ਸਨ ਅਤੇ ਉਸ ਦਾ ਭਰਾ ਤਾਏ ਘਰ ਗਿਆ ਹੋਇਆ ਸੀ। ਦੁਪਹਿਰ ਕਰੀਬ ਡੇਢ ਵਜੇ ਜਦੋਂ ਉਹ ਸਕੂਲੋਂ ਘਰ ਆਈ ਤਾਂ ਘਰ ਵਿਚ ਕੋਈ ਨਹੀਂ ਸੀ। ਥੱਕੀ ਹੋਣ ਕਾਰਨ ਉਹ ਕਮਰੇ ਵਿਚ ਸੌਣ ਲਈ ਚਲੀ ਗਈ। ਇਸ ਦੌਰਾਨ ਅਚਾਨਕ ਇਕ ਮੱਖੀ ਵਰਗੀ ਚੀਜ਼ ਵਿਖਾਈ ਦਿੱਤੀ, ਜਿਸ ਨੂੰ ਵੇਖ ਕੇ ਉਸ ਦੀ ਚੀਕ ਨਿਕਲ ਗਈ ਅਤੇ ਵੇਖਦੇ ਹੀ ਵੇਖਦੇ ਉਸ ਦੀ ਗੁੱਤ ਹੇਠਾਂ ਡਿੱਗ ਪਈ ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਈ। ਲੜਕੀ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਸਿਰ ਦੇ ਵਾਲ ਕੱਟੇ ਜਾਣ ਦੀ ਘਟਨਾ ਮਗਰੋਂ ਲੋਕਾਂ ਦੀ ਭੀੜ ਮੁਟਿਆਰ ਦੇ ਘਰ ਜੁੜਨੀ ਸ਼ੁਰੂ ਹੋ ਗਈ। ਪਿੰਡ ਕਿਲੀ ਦੇ ਨੰਬਰਦਾਰ ਬੋਰੜ ਸਿੰਘ ਅਤੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਸਿਰ ਦੇ ਵਾਲ ਕੱਟੇ ਜਾਣ ਤੋਂ ਮਗਰੋਂ ਆਸਪਾਸ ਦੇ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਉਨ੍ਹਾਂ ਵਲੋਂ ਇਸ ਘਟਨਾ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਕਿਹਾ ਕਿ ਲੜਕੀ ਦੇ ਬਿਆਨ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

 

Check Also

ਪੰਜਾਬ ’ਚ ਬਿਜਲੀ ਦੀ ਖਪਤ ਨੇ ਰਿਕਾਰਡ ਤੋੜੇ

16 ਹਜ਼ਾਰ ਮੈਗਾਵਾਟ ਤੱਕ ਪਹੁੰਚੀ ਬਿਜਲੀ ਦੀ ਖਪਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਇਕ ਪਾਸੇ ਕਹਿਰ …