Breaking News
Home / ਕੈਨੇਡਾ / ‘ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ’ ਸਰੀ ਵੱਲੋਂ ਪ੍ਰੋ. ਅਜਮੇਰ ਔਲਖ ਤੇ ਇਕਬਾਲ ਰਾਮੂਵਾਲੀਆ ਨੂੰ ਭਾਵਪੂਰਤ ਸ਼ਰਧਾਂਜਲੀ

‘ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ’ ਸਰੀ ਵੱਲੋਂ ਪ੍ਰੋ. ਅਜਮੇਰ ਔਲਖ ਤੇ ਇਕਬਾਲ ਰਾਮੂਵਾਲੀਆ ਨੂੰ ਭਾਵਪੂਰਤ ਸ਼ਰਧਾਂਜਲੀ

ਸਰੀ/ਡਾ ਝੰਡ : ਸਤਵੰਤ ਦੀਪਕ ਤੇ ਅਮਰਜੀਤ ਚਾਹਲ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ’ ਸਰੀ ਵੱਲੋਂ ਬੀਤੇ ਦਿਨੀ ਕਰਵਾਏ ਗਏ ਸਮਾਗ਼ਮ ਵਿਚ ਪ੍ਰੋ. ਅਜਮੇਰ ਔਲਖ ਅਤੇ ਇਕਬਾਲ ਰਾਮੂਵਾਲੀਆ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਮੰਚ ਵੱਲੋਂ ਪਾਸ ਕੀਤੇ ਗਏ ਸ਼ੋਕ-ਮਤੇ ਵਿਚ ਦੋਹਾਂ ਸਾਹਿਤਕਾਰਾਂ ਨੂੰ ਪੰਜਾਬੀ ਮਾਂ-ਬੋਲੀ ਦੇ ਪ੍ਰਮੁੱਖ ਸਾਹਿਤਕਾਰ ਕਰਾਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਦੋਹਾਂ ਨੂੰ ਕੈਂਸਰ ਦੀ ਨਾ-ਮੁਰਾਦ ਬੀਮਾਰੀ ਤੋਂ ਕਈ ਸਾਲ ਜੂਝਣ ਤੋਂ ਬਾਅਦ ਮੌਤ ਨੇ ਜੂਨ ਮਹੀਨੇ ਵਿਚ ਆ ਘੇਰਿਆ।
ਪ੍ਰੋ. ਔਲਖ 1965 ਤੋਂ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਪੰਜਾਬੀ ਦੇ ਲੈਕਚਰਾਰ ਰਹੇ ਅਤੇ ਉਹ 1976 ਵਿਚ ਸਥਾਪਿਤ ਕੀਤੇ ਗਏ ‘ਲੋਕ ਕਲਾ ਮੰਚ’ ਦੇ ਬਾਨੀ ਸਨ। ਉਨ੍ਹਾਂ ਆਪਣੀਆਂ ਤਿੰਨ ਦਰਜਨ ਤੋਂ ਵਧੀਕ ਲਿਖੀਆਂ ਨਾਟ-ਪੁਸਤਕਾਂ ਵਿਚ ਥੁੜੀ-ਟੁੱਟੀ, ਨਿਮਨ-ਕਿਸਾਨੀ ਦੀਆਂ ਸਮੱਸਿਆਵਾਂ ਨੂੰ ਠੇਠ ਮਲਵੱਈ ਮੁਹਾਵਰੇ ਵਿਚ ਆਪਣੇ ਨਾਟਕਾਂ ਰਾਹੀਂ ਰੰਗ-ਮੰਚ ‘ਤੇ ਉਭਾਰਿਆ। ਇਨ੍ਹਾਂ ਵਿਚ ‘ਸੱਤ ਬਿਗਾਨੇ’, ‘ਬਿਗਾਨੇ ਬੋਹੜ ਦੀ ਛਾਂ’, ‘ਇਕ ਸੀ ਦਰਿਆ’, ‘ਭੱਜੀਆਂ ਬਾਹੀਂ’, ‘ਨਿਉਂ ਜੜ੍ਹ’, ‘ਅਰਬਦ ਨਰਬਦ ਧੰਧੂਕਾਰਾ’, ‘ਅੰਨ੍ਹੇ ਨਿਸ਼ਾਨਚੀ’,’ਇਕ ਰਮਾਇਣ ਹੋਰ’,’ਤੂੜੀ ਵਾਲਾ ਕੋਠਾ’ ਆਦਿ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਪ੍ਰੋ. ਔਲਖ ਨੂੰ ‘ਭਾਰਤੀ ਸਾਹਿਤ ਅਕੈਡਮੀ ਐਵਾਰਡ’, ‘ਭਾਸ਼ਾ ਵਿਭਾਗ ਐਵਾਰਡ’, ‘ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਐਵਾਰਡ’ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡੀ.ਲਿਟ. ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਬਰੈਂਪਟਨ ਵਿਚ 1975 ਤੋਂ ਵਿਚਰਿਆ ਇਕਬਾਲ ਰਾਮੂਵਾਲੀਆ ਪੰਜਾਬੀ ਸਾਹਿਤ ਜਗਤ ਵਿਚ ਜਾਣਿਆ ਪਛਾਣਿਆ ਨਾਮ ਹੈ। ਪੰਜਾਬੀ ਸ਼ਾਇਰੀ ਦੇ ਨਾਲ ਨਾਲ ਉਹ ਸਥਾਪਿਤ ਕਹਾਣੀਕਾਰ, ਨਾਵਲਕਾਰ, ਗੱਦਕਾਰ, ਬੇਬਾਕ ਟਿੱਪਣੀਕਾਰ ਅਤੇ ਵਧੀਆ ਕਵੀਸ਼ਰ ਵੀ ਸਨ। ਜਿੱਥੇ ਉਨ੍ਹਾਂ ਨੇ ਕਵਿਤਾ ਦੇ ਖੇਤਰ ਵਿਚ ‘ਸੁਲਘਦੇ ਅਹਿਸਾਸ’, ‘ਤਿੰਨ ਕੋਣ’,’ਕੁਝ ਵੀ ਨਹੀਂ’, ‘ਪਾਣੀ ਦਾ ਪ੍ਰਛਾਵਾਂ’ ਤੇ ‘ਕਵਿਤਾ ਮੈਨੂੰ ਲਿਖਦੀ ਹੈ’ ਪੰਜਾਬੀ ਪਾਠਕਾਂ ਨੂੰ ਦਿੱਤੀਆਂ, ਉੱਥੇ ਕਾਵਿ-ਨਾਟ ‘ਪਲੰਘ ਪੰਘੂੜਾ’, ਕਹਾਣੀਆਂ ‘ਨਿੱਕੀਆਂ ਵੱਡੀਆਂ ਧਰਤੀਆਂ’, ਨਾਵਲ ‘ਇਕ ਪਾਸਪੋਰਟ ਦੀ ਮੌਤ’ ਅਤੇ ਸਵੈ-ਜੀਵਨੀ ਦੀਆਂ ਦੋ ਪੁਸਤਕਾਂ ‘ਸੜਦੇ ਸਾਜ਼ ਦੀ ਸਰਗ਼ਮ’ ਤੇ ‘ਬਰਫ਼ ‘ਤੋਂ ਉੱਗਦਿਆਂ’ ਵੀ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ। ਇਸ ਦੇ ਨਾਲ ਹੀ ਅੰਗਰੇਜ਼ੀ ਵਿਚ ਦੋ ਨਾਵਲ ‘ਡੈੱਥ ਆਫ਼ ਏ ਪਾਸਪੋਰਟ’ ਅਤੇ ‘ਮਿਡ ਅੇਅਰ ਫਰੋਅਨ’ ਵੀ ਅੰਗਰੇਜ਼ੀ ਪਾਠਕਾਂ ਨੂੰ ਦਿੱਤੇ। ‘ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ’ ਸਰੀ ਦੇ ਸੰਚਾਲਕਾਂ ਨਾਲ ਉਨ੍ਹਾਂ ਦਾ ਗੂੜ੍ਹਾ ਸਬੰਧ ਸੀ। ਪਿਛਲੇ ਸਾਲ 2016 ਵਿਚ ਉਹ ਇਸ ਮੰਚ ਦੇ ਸੱਦੇ ‘ਤੇ ਭੁਪਿੰਦਰ ਧਾਲੀਵਾਲ ਦੁਆਰਾ ਸੰਪਾਦਿਤ ‘ਸੁਰਿੰਦਰ ਧੰਜਲ ਦੀ ਕਵਿਤਾ ਦੀ ਲਾਟ ਦਾ ਜਸ਼ਨ’ ਪੁਸਤਕ ਦੇ ਰੀਲੀਜ਼ ਸਮਾਗ਼ਮ ‘ਤੇ ਉਚੇਚੇ ਤੌਰ ‘ਤੇ ਪਹੁੰਚੇ। ਸੱਭ ਤੋਂ ਅਹਿਮ ਇਹ ਗੱਲ ਕਿ ਉਹ ਯਾਰਾਂ ਦੇ ਯਾਰ ਸਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …