ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੀ ਅਫ਼ਸਰਸ਼ਾਹੀ ਨੂੰ ਆਪਣਾ ਕੰਮ ਢੰਗ ਬਦਲਣ ਦਾ ਸੁਝਾਅ ਦਿੰਦਿਆਂ ਥੋੜ੍ਹਾ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜੇ ਅਫ਼ਸਰਸ਼ਾਹੀ ਨੇ ਆਪਣੇ ਆਪ ਨੂੰ ਨਾ ਬਦਲਿਆ ਤਾਂ ”ਸਾਨੂੰ ਟੇਢੀ ਉਂਗਲੀ ਨਾਲ ਘਿਓ ਕੱਢਣਾ ਵੀ ਆਉਂਦਾ ਹੈ।”
ਇੱਥੇ ਕਾਂਗਰਸ ਭਵਨ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਅਹੁਦੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ઠਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਅਫ਼ਸਰਸ਼ਾਹੀ ਤੇ ਪੁਲਿਸ ਦਾ ਸਿਆਸੀਕਰਨ ਕਰ ਦਿੱਤਾ ਸੀ ਅਤੇ ਉਸ ਦਾ ਅਜੇ ਵੀ ਅਫ਼ਸਰਸ਼ਾਹੀ ‘ਤੇ ਅਸਰ ਹੈ ਪਰ ਹੁਣ ਸੂਬੇ ਵਿੱਚ ਸਰਕਾਰ ਬਦਲ ਚੁੱਕੀ ਹੈ। ਇਸ ਲਈ ਅਫ਼ਸਰਸ਼ਾਹੀ ਨੂੰ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ ਤੇ ਇਸ ਮਾਮਲੇ ਵਿੱਚ ਸਾਡੀ ਸ਼ਰਾਫਤ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ।
ਨਵੇਂ ਸੂਬਾਈ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਕਾਂਗਰਸ ਤੇ ਕੈਪਟਨ ਸਰਕਾਰ ਕੋਲੋਂ ਵੱਡੀਆਂ ਆਸਾਂ ਹਨ ਅਤੇ ਲੋਕ ਕਰਜ਼ਾ ਮੁਆਫ਼ੀ ਤੇ ਨੌਜਵਾਨ ਨੌਕਰੀਆਂ ਬਾਰੇ ਪੁੱਛਦੇ ਹਨ। ਕੈਪਟਨ ਸਰਕਾਰ ਨੇ ਚਾਰ ਹਫ਼ਤਿਆਂ ਵਿੱਚ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਦਾ ਲੱਕ ਤੋੜ ਦਿੱਤਾ ਹੈ। ਹੁਣ ਹੋਰ ਸਾਰੇ ਮਸਲੇ ਵੀ ਹੱਲ ਕੀਤੇ ਜਾਣਗੇ। ਉਹ ਸਰਕਾਰ ਤੇ ਪਾਰਟੀ ਵਿਚਾਲੇ ਕੜੀ ਦਾ ਕੰਮ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਲੋਕਾਂ ਤੇ ਪਾਰਟੀ ਵਰਕਰਾਂ ਨੂੰ ਉਨ੍ਹਾਂ ਕੋਲ ਆਉਣ ਦੀ ਲੋੜ ਨਹੀਂ, ਸਗੋਂ ਸਰਕਾਰ ਤੇ ਪਾਰਟੀ ਲੋਕਾਂ ਤੇ ਵਰਕਰਾਂ ਕੋਲ ਪਹੁੰਚੇਗੀ ਤੇ ਸਮੱਸਿਆਵਾਂ ਹੱਲ ਕਰਵਾਏਗੀ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਦਸ ਸਾਲ ਦੇ ਰਾਜ ਵਿੱਚ ਸੂਬੇ ਨੂੰ ਡੋਬ ਦਿੱਤਾ ਹੈ ਅਤੇ ਸੂਬੇ ਸਿਰ 2.5 ਲੱਖ ਕਰੋੜ ਦਾ ਕਰਜ਼ਾ ਚਾੜ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅਰਥਚਾਰੇ ਨੂੰ ਮੁੜ ਲੀਹ ‘ਤੇ ਲਿਆਂਦਾ ਜਾਵੇਗਾ। ਜਾਖੜ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਮਾਨਦਾਰ ਤੇ ਮਿਹਨਤੀ ਆਗੂ ਹਨ ਤੇ ਉਹ ਸਰਕਾਰ ਨੂੰ ਜੋ ਵੀ ਹੁਕਮ ਕਰਨਗੇ, ਸਰਕਾਰ ਉਸ ਨੂੰ ਪੂਰਾ ਕਰੇਗੀ। ਉਨ੍ਹਾਂ ਜਾਖੜ ਪਰਿਵਾਰ ਨਾਲ ਆਪਣੇ ਪਰਿਵਾਰ ਦੀ ਲੰਮੀ ਸਾਂਝ ਵੀ ਯਾਦ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਨਗਰ ਨਿਗਮ ਚੋਣਾਂ ਆ ਰਹੀਆਂ ਹਨ ਤੇ ਉਨ੍ਹਾਂ ਲਈ ਪਾਰਟੀ ਵਰਕਰਾਂ ਨੂੰ ਕਮਰਕੱਸੇ ਕੱਸ ਲੈਣੇ ਚਾਹੀਦੇ ਹਨ।
ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅੰਬਿਕਾ ਸੋਨੀ, ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਨੇ ਕਿਹਾ ਕਿ ਜਾਖੜ ਨੂੰ ਪ੍ਰਧਾਨ ਬਣਾਉਣ ਨਾਲ ਸੂਬੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸਟੇਜ ਸੰਚਾਲਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਅਗਵਾਈ ਸਦਕਾ ਪੰਜਾਬ ਵਿੱਚ ਕਾਂਗਰਸ ਨੇ ਇਤਿਹਾਸਕ ਜਿੱਤ ਦਰਜ ਕੀਤੀ।
ਸਟੇਜ ‘ਤੇ ਨਵੇਂ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ઠਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਮਹਾਰਾਣੀ ਪਰਨੀਤ ਕੌਰ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਲੋਕ ਸਭਾ ਮੈਂਬਰ ਰਵਨੀਤ ਬਿੱਟੂ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਕਈ ਹੋਰ ਆਗੂ ਹਾਜ਼ਰ ਸਨ।
ਬਾਜਵਾ ਤੇ ਚੰਨੀ ਗੈਰ ਹਾਜ਼ਰ
ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੈਰ ਹਾਜ਼ਰੀ ਚਰਚਾ ਵਿਚ ਰਹੀ। ਜ਼ਿਕਰਯੋਗ ਹੈ ਕਿ ਬਾਜਵਾ ਨੇ ਮੁੜ ਪ੍ਰਧਾਨ ਬਣਨ ਲਈ ਵੀ ਜ਼ੋਰ ਲਗਾਇਆ ਸੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …