
ਨਵੀਂ ਦਿੱਲੀ/ਬਿਊਰੋ ਨਿਊਜ਼
ਹੋਰਮੁਜ਼ ਜਲਮਾਰਗ ਵਿਚ 22 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਦੋ ਵਪਾਰਕ ਸਮੁੰਦਰੀ ਜਹਾਜ਼ਾਂ ’ਤੇ ਹਮਲਾ ਹੋਇਆ ਹੈ, ਜਿਸ ਦੀ ਭਾਰਤ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ, ਲੰਘੇ ਕੱਲ੍ਹ ਐਤਵਾਰ ਨੂੰ ਪਹਿਲੇ ਜਹਾਜ਼ ‘ਐਮ.ਟੀ. ਪੈਟਰੋ ਡੌਲਫਿਨ’ ਉਤੇ ਡਰੋਨ ਨਾਲ ਹਮਲਾ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਅਸੀਂ 11 ਅਕਤੂਬਰ ਨੂੰ ਹੋਰਮੁਜ਼ ਜਲਮਾਰਗ ਖੇਤਰ ਵਿਚ ਵਪਾਰਕ ਜਹਾਜ਼ਾਂ ’ਤੇ ਹੋਏ ਹਮਲਿਆਂ ਦੀ ਸਖਤ ਨਿਖੇਧੀ ਕਰਦੇ ਹਾਂ। ਮੀਡੀਆ ਰਿਪੋਰਟਾਂ ਮੁਤਾਬਕ ਐਮ.ਟੀ. ਪੈਟਰੋ ਡੌਲਫਿਨ ’ਤੇ ਡਰੋਨ ਹਮਲਾ ਹੋਇਆ ਹੈ, ਇਸ ਜਹਾਜ਼ ਵਿਚ ਸਵਾਰ 11 ਭਾਰਤੀ ਮਲਾਹਾਂ ਵਿਚੋਂ ਦੋ ਲਾਪਤਾ ਦੱਸੇ ਜਾ ਰਹੇ ਹਨ। ਇਹ ਵੀ ਦੱਸਿਆ ਗਿਆ ਕਿ ਮਾਰਸ਼ਲ ਆਈਲੈਂਡਜ਼ ਦੇ ਝੰਡੇ ਵਾਲੇ ਟੈਂਕਰ ‘ਐਮ.ਟੀ. ਵਾਲਬੇਰਾ’ ਉਤੇ ਵੀ ਹਮਲਾ ਹੋਇਆ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ, ਹਾਲਾਂਕਿ ਇਸ ਜਹਾਜ਼ ’ਤੇ ਸਵਾਰ ਸਾਰੇ 11 ਭਾਰਤੀ ਮਲਾਹ ਸੁਰੱਖਿਅਤ ਹਨ। ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤੀ ਮਲਾਹਾਂ ਦੀ ਸੁਰੱਖਿਆ ਭਾਰਤ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਇਹ ਵੀ ਕਿਹਾ ਕਿ ਵਪਾਰਕ ਜਹਾਜ਼ਾਂ, ਸਮੁੰਦਰੀ ਕਾਮਿਆਂ ਅਤੇ ਨਾਗਰਿਕ ਬੁਨਿਆਦੀ ਢਾਂਚੇ ’ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ।

