
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ਪਿਛਲੇ ਦੋ ਹਫਤਿਆਂ ਤੋਂ ਪ੍ਰਭਾਵਿਤ ਹੋ ਰਹੀ ਹੈ। ਏਅਰਲਾਈਨ ਵੱਲੋਂ ਪਹਿਲਾਂ ਬੁਕਿੰਗ ਨਾ ਕੀਤੇ ਜਾਣ ਕਾਰਨ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਸਫ਼ਰ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਬਠਿੰਡਾ ਤੋਂ ਦਿੱਲੀ ਅਤੇ ਦਿੱਲੀ ਤੋਂ ਬਠਿੰਡਾ ਲਈ ਹਫ਼ਤੇ ਵਿੱਚ ਪੰਜ ਦਿਨ ਉਡਾਣਾਂ ਨਿਰਧਾਰਤ ਹਨ, ਪਰ ਪਿਛਲੇ ਦੋ ਹਫ਼ਤਿਆਂ ਦੌਰਾਨ ਸਿਰਫ਼ ਦੋ ਦਿਨ ਹੀ ਜਹਾਜ਼ ਉਡਾਣ ਭਰ ਸਕਿਆ। ਤੀਜੇ ਹਫ਼ਤੇ ਵੀ ਇਹ ਸਿਲਸਿਲਾ ਜਾਰੀ ਹੈ। ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਅਲਾਇੰਸ ਏਅਰ ਵੱਲੋਂ ਇਹ ਹਵਾਈ ਸੇਵਾ ਦਿੱਤੀ ਜਾ ਰਹੀ ਹੈ। ਚੇਤੇ ਰਹੇ ਕਿ ਅਲਾਇੰਸ ਏਅਰ ਏਅਰ ਇੰਡੀਆ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਆਮ ਨਾਗਰਿਕ ਉਡਾਣ ਦੀ ਖੇਤਰੀ ਕਨੈਕਟੀਵਿਟੀ ਸਕੀਮ ਤਹਿਤ ਬਠਿੰਡਾ ਲਈ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਯਾਤਰੀਆਂ ਲਈ ਕਿਰਾਏ ਵੀ ਘੱਟ ਰੱਖੇ ਗਏ ਸਨ। ਬਠਿੰਡਾ ਨੂੰ ਇਸ ਸੇਵਾ ਰਾਹੀਂ ਨਵੀਂ ਦਿੱਲੀ ਨਾਲ ਹਵਾਈ ਸੰਪਰਕ ਨਾਲ ਜੋੜਿਆ ਗਿਆ ਸੀ।

