
ਕਿਸਾਨ ਆਗੂਆਂ ਦੀ ਪੁਲਿਸ ਅਧਿਕਾਰੀਆਂ ਨਾਲ ਪ੍ਰਬੰਧਾਂ ਤੇ ਆਵਾਜਾਈ ਨੂੰ ਲੈ ਕੇ ਹੋਈ ਚਰਚਾ
ਮੁਹਾਲੀ/ਬਿਊਰੋ ਨਿਊਜ਼
ਕਿਸਾਨ ਹੁਣ ਖੇਤੀ ਨਾਲ ਸਬੰਧਤ ਆਪਣੀਆਂ ਮੰਗਾਂ ਨੂੰ ਲੈ ਕੇ 1 ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਚ ਮੋਰਚਾ ਲਗਾਉਣਗੇ। ਮੁਹਾਲੀ ਸਥਿਤ ਪਾਵਰਕੌਮ ਦੇ ਰੈਸਟ ਹਾਊਸ ਵਿਚ ਪੰਜਾਬ ਤੇ ਚੰਡੀਗੜ੍ਹ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਪ੍ਰਬੰਧਕੀ ਕਮੇਟੀ ਦੀ ਸਾਂਝੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਕਿਸਾਨਾਂ ਦੇ 1 ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਚ ਲੱਗਣ ਵਾਲੇ ਮੋਰਚੇ ਬਾਰੇ ਚਰਚਾ ਕੀਤੀ ਗਈ ਹੈ। ਇਸ ਮੀਟਿੰਗ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਧਰਨੇ ਦੀ ਥਾਂ, ਟਰੈਕਟਰ-ਟਰਾਲੀਆਂ ਦੀ ਪਾਰਕਿੰਗ, ਸਫਾਈ, ਪਾਣੀ, ਪਖਾਨੇ, ਆਵਾਜਾਈ ਅਤੇ ਹੋਰ ਵੱਖ-ਵੱਖ ਪ੍ਰਬੰਧਾਂ ਬਾਰੇ ਵਿਚਾਰ ਚਰਚਾ ਹੋਈ ਹੈ। ਮੀਟਿੰਗ ਵਿਚ ਸ਼ਾਮਲ ਕਿਸਾਨ ਆਗੂ ਪਰਮਦੀਪ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਧਰਨੇ ਲਈ ਸੈਕਟਰ 48 ਅਤੇ 49 ਵਿਚ ਥਾਂ ਦਿੱਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿਚੋਂ ਸੈਂਕੜੇ ਟਰੈਕਟਰ-ਟਰਾਲੀਆਂ ਇਸ ਕਿਸਾਨ ਮੋਰਚੇ ਵਿਚ ਸ਼ਾਮਲ ਹੋਣਗੇ।

