19.4 C
Toronto
Tuesday, August 25, 2026
spot_img
HomeਕੈਨੇਡਾFrontਭਾਰਤੀ ਜਨਤਾ ਪਾਰਟੀ ਇੱਕਲਿਆਂ ਹੀ ਲੜੇਗੀ ਵਿਧਾਨਸਭਾ ਚੋਣਾਂ-ਬੀਐਲ ਸੰਤੋਸ਼

ਭਾਰਤੀ ਜਨਤਾ ਪਾਰਟੀ ਇੱਕਲਿਆਂ ਹੀ ਲੜੇਗੀ ਵਿਧਾਨਸਭਾ ਚੋਣਾਂ-ਬੀਐਲ ਸੰਤੋਸ਼

ਭਾਰਤੀ ਜਨਤਾ ਪਾਰਟੀ ਇੱਕਲਿਆਂ ਹੀ ਲੜੇਗੀ ਵਿਧਾਨਸਭਾ ਚੋਣਾਂ-ਬੀਐਲ ਸੰਤੋਸ਼
ਪਾਰਟੀ ਦਾ ਦਾਅਵਾ: 117 ਵਿਧਾਨਸਭਾ ਸੀਟਾਂ ਜਿੱਤ ਕੇ ਸਰਕਾਰ ਬਣਾਏਗੀ ਭਾਜਪਾ

ਅਮਰਜੀਤ ਸਿੰਘ  
ਚੰਡੀਗੜ੍ਹ/ਪਟਿਆਲਾ, 24 ਅਗਸਤ, 2026
ਜਿਉਂ ਜਿਉਂ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਨਿੱਤ ਨਵੇਂ ਬਿਆਨ ਜਾਰੀ ਹੋ ਰਹੇ ਹਨ। ਹਰ ਪਾਰਟੀ ਰੋਜ਼ਾਨਾ ਕੋਈ ਨਾ ਕੋਈ ਦਾਅਵਾ ਕਰ ਦਿੰਦੀ ਹੈ ਤੇ ਦੂਜੇ ਦਿਨ ਉਸ ਦਾ ਤੋੜ ਵੀ ਸਾਹਮਣੇ ਆ ਜਾਂਦਾ ਹੈ।
ਇੱਕ ਪਾਸੇ ਭਾਜਪਾ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਇੱਕ ਹੋ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ ਤੇ ਦੂਜੇ ਪਾਸੇ ਭਾਜਪਾ ਲੀਡਰ ਅਲਗ ਹੀ ਬਿਆਨ ਜਾਰੀ ਕਰ ਰਹੇ ਹਨ। ਹੁਣ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀਐਲ ਸੰਤੋਸ਼ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਸਾਰੀਆਂ 117 ਸੀਟਾਂ ’ਤੇ ਆਪਣੇ ਉਮੀਦਵਾਰ ਖੜੇ੍ਹ ਕਰੇਗੀ।

ਪੰਜਾਬ ਦੇ ਦੋ ਦਿਨਾਂ ਸੰਗਠਨਾਤਮਕ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਸੰਤੋਸ਼ ਨੇ ਕੁੱਝ ਸਮੇਂ ਤੋਂ ਚੱਲ ਰਹੀਆਂ ਭਾਜਪਾ ਤੇ ਸ਼ਿਰੋਮਣੀ ਅਕਾਲੀ ਦਲ ਦੇ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਇੱਕਦਮ ਰੱਦ ਕਰ ਦਿੱਤਾ। ਸੰਤੋਸ਼ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜੇਗੀ ਅਤੇ ਸੂਬੇ ਵਿੱਚ ਸਰਕਾਰ ਬਣਾਏਗੀ। ਉਹਨਾਂ ਦਾ ਇਹ ਬਿਆਨ ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਬਿਆਨਾਂ ਤੋਂ ਵੀ ਉਲਟ ਹੈ ਜਿਸ ਵਿੱਚ ਉਹ ਕੇਂਦੇ ਆਏ ਹਨ ਕਿ ਕਦੇ ਵੀ ਕੁੱਝ ਵੀ ਹੋ ਸਕਦੈ।

ਸੰਤੋਸ਼ ਨੇ ਕਿਹਾ, ਪੰਜਾਬ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਹੈ, ਭਾਜਪਾ ਇਸ ਤਬਦੀਲੀ ਨੂੰ ਹਕੀਕਤ ਬਣਾਉਣ ਲਈ ਤਿਆਰ ਬਰ ਤਿਆਰ ਹੈ। ਉਹ ਪੰਜਾਬ ਦੇ ਆਪਣੇ ਦੋ ਦਿਨਾਂ ਸੰਗਠਨਾਤਮਕ ਦੌਰੇ ਦੇ ਪਹਿਲੇ ਦਿਨ ਪਟਿਆਲਾ ਵਿੱਚ ਹੋਈ ਪਹਿਲੀ ਜ਼ੋਨਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਕਿਹਾ ਜਾ ਰਿਹਾ ਹੈ ਕਿ ਸੰਤੋਸ਼ ਭਾਜਪਾ ਵਰਕਰਾਂ ਨੂੰ ਮਿਲਣ ਅਤੇ ਨਾਰਾਜ਼ ਹੋ ਚੁਕੇ ਆਗੂਆਂ ਨੂੰ ਸ਼ਾਂਤ ਕਰਨ ਦੀ ਕਵਾਇਦ ਲਈ ਸੂਬੇ ਵਿੱਚ ਪਹੁੰਚੇ ਹਨ। ਉਹਨਾਂ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਗਠਜੋੜ ਦੀਆਂ ਅਟਕਲਾਂ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਪਾਰਟੀ ਸੂਬੇ ਦੀਆਂ ਸਾਰੀਆਂ 117 ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਜੇ ਪਾਸੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਸੰਕੇਤ ਦਿੱਤਾ ਸੀ ਕਿ ਭਾਜਪਾ ਅਤੇ ਸ਼ਿਰੋਮਣੀ ਅਕਾਲੀ ਦਲ ਦਾ ਮੁੜ ਤੋਂ ਗਠਜੋੜ ਹੋ ਸਕਦਾ ਹੈ। ਇਸ ਗੱਲ ਦੀ ਹਾਮੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਵੀ ਇੱਕ ਪਤਰਕਾਰ ਦੇ ਸਵਾਲ ਜਵਾਬ ਵਿੱਚ ਭਰੀ ਸੀ।

ਇਸ ਤੋਂ ਪਹਿਲਾਂ ਸਵੇਰੇ, ਸੰਤੋਸ਼ ਦਾ ਚੰਡੀਗੜ੍ਹ ਹਵਾਈ ਅੱਡੇ ’ਤੇ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਨਰਿੰਦਰ ਸਿੰਘ ਰੈਨਾ ਨੇ ਸਵਾਗਤ ਕੀਤਾ। ਸੰਤੋਸ਼ ਆਪਣੇ ਦੌਰੇ ਦੌਰਾਨ, ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਭਾਜਪਾ ਆਗੂਆਂ ਅਤੇ ਸੰਗਠਨਾਤਮਕ ਅਹੁਦੇਦਾਰਾਂ ਨਾਲ ਜ਼ੋਨਲ ਮੀਟਿੰਗਾਂ ਰਾਹੀਂ ਸੰਗਠਨ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਸੋਮਵਾਰ ਨੂੰ, ਉਹਨਾਂ ਨੇ ਪਟਿਆਲਾ ਅਤੇ ਬਠਿੰਡਾ ਵਿੱਚ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ।

ਪਟਿਆਲਾ ਮੀਟਿੰਗ ਵਿੱਚ ਮੋਹਾਲੀ, ਪਟਿਆਲਾ ਉੱਤਰੀ, ਪਟਿਆਲਾ ਸ਼ਹਿਰੀ, ਪਟਿਆਲਾ ਦੱਖਣੀ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦੇ ਨੁਮਾਇੰਦੇ ਇਕੱਠੇ ਹੋਏ, ਜਦੋਂ ਕਿ ਬਠਿੰਡਾ ਮੀਟਿੰਗ ਵਿੱਚ ਬਰਨਾਲਾ, ਮਾਨਸਾ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਰੀਦਕੋਟ ਸ਼ਾਮਲ ਹੋਏ।

RELATED ARTICLES
POPULAR POSTS