16 C
Toronto
Friday, July 31, 2026
spot_img
HomeਕੈਨੇਡਾFrontਵਾਰਿਸ ਪੰਜਾਬ ਦੇ ਆਗੂ ਮਨਪ੍ਰੀਤ ਇਆਲੀ, 14 ਹੋਰਨਾਂ 'ਤੇ ਐਫਆਈਆਰ ਦਰਜ

ਵਾਰਿਸ ਪੰਜਾਬ ਦੇ ਆਗੂ ਮਨਪ੍ਰੀਤ ਇਆਲੀ, 14 ਹੋਰਨਾਂ ‘ਤੇ ਐਫਆਈਆਰ ਦਰਜ


ਅਮ੍ਰਿਤਪਾਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸੀਐਮ ਦੀ ਕੋਠੀ ਦਾ ਘਿਰਾਓ ਕਰਨ ਗਏ ਸੀ

ਅਮਰਜੀਤ ਸਿੰਘ
ਚੰਡੀਗੜ੍ਹ 31 ਜੁਲਾਈ 2026 ।

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਸਮਰਥਕਾਂ ਨੇ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਲੰਮੇ ਸਮੇਂ ਤੋਂ ਜੇਲਾਂ ਵਿਚ ਬੰਦ ‘ਬੰਦੀ ਸਿੰਘਾਂ’ ਦੀ ਰਿਹਾਈ ਦੀ ਮੰਗ ਨੂੰ ਲੈਕੇ ਇੱਕ ਮਾਰਚ ਕੱਢਿਆ ਜਿਸ ਤੇ ਚੰਡੀਗੜ੍ਹ ਪੁਲਿਸ ਨੇ ਭਾਈ ਮਨਪ੍ਰੀਤ ਸਿੰਘ ਅਯਾਲੀ ਅਤੇ ਉਹਨਾਂ ਦੇ 14 ਸਮਰਥਕਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਇਹ ਮਾਮਲਾ ਚੰਡੀਗੜ੍ਹ ਪੁਲਿਸ ਨੇ ਮਨਪ੍ਰੀਤ ਸਿੰਘ ਇਆਲੀ ਅਤੇ ਹੋਰਨਾਂ ਖ਼ਿਲਾਫ਼ ਪੁਲਿਸ ਨਾਲ ਝੜਪ ਕਰਨ ਲਈ ਕੀਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਅਧਿਕਾਰੀਆਂ ਨੇ ਬੁੱਧਵਾਰ ਨੂੰ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕਰਨ ਤੋਂ ਰੋਕਿਆ ਸੀ। ਜਿਹਨਾਂ ਦੂਜਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਵਿੱਚ ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਪਰਮਜੀਤ ਸਿੰਘ ਜੌਹਲ, ਚਮਕੌਰ ਸਿੰਘ ਧੁੰਨ ਅਤੇ ਇਮਾਨ ਸਿੰਘ ਖਾਰਾ ਆਦਿ ਸ਼ਾਮਲ ਹਨ।
ਜਦੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਚੰਡੀਗੜ੍ਹ-ਮੁਹਾਲੀ ਸਰਹੱਦ ‘ਤੇ ਪੁਲਿਸ ਬੈਰੀਕੇਡ ਤੋੜ ਕੇ ਭਗਵੰਤ ਮਾਨ ਦੀ ਕੋਠੀ ਵੱਲ ਚੱਲ ਪਏ ਤਾਂ ਪੁਲਿਸ ਨੇ ਮਾਰਚ ਕਰਨ ਵਾਲਿਆਂ ਨੂੰ ਰੋਕਿਆ ਅਤੇ ਪਾਰਟੀ ਵਰਕਰਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਦੀ ਵਰਤੋਂ ਵੀ ਕੀਤੀ ਪਰ ਉਹ ਨਹੀਂ ਰੁਕੇ ਸਗੋਂ ਪੁਲਿਸ ਬੈਰੀਕੇਡ ਤੋੜ ਕੇ ਕੋਠੀ ਵੱਲ ਚਲੇ ਗਏ। ਪੁਲਿਸ ਦਾ ਕਹਿਣਾ ਹੈ ਕਿ ਕਈ ਅਧਿਕਾਰੀ ਇਸ ਦੌਰਾਨ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈਂ।
ਦਰਜ ਕੀਤੀ ਗਈ ਐਫਆਈਆਰ ਮੁਤਾਬਿਕ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਾਰ-ਵਾਰ ਸੂਚਿਤ ਕੀਤਾ ਕਿ ਬੀਐਨਐਸਐਸ ਦੀ ਧਾਰਾ 163 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਹਨ, ਉਨ੍ਹਾਂ ਨੂੰ ਇਜਾਜ਼ਤ ਲੈਣ ਤੋਂ ਬਾਅਦ ਆਪਣਾ ਵਿਰੋਧ ਪ੍ਰਦਰਸ਼ਨ, ਸੈਕਟਰ 25 ਦੇ ਨਿਰਧਾਰਤ ਰੈਲੀ ਮੈਦਾਨ ਵਿੱਚ ਤਬਦੀਲ ਕਰਨ ਦੀ ਸਲਾਹ ਦਿੱਤੀ ਗਈ ਪ੍ਰੰਤੂ ਉਹ ਨਹੀਂ ਮੰਨੇ।
ਐਫਆਈਆਰ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੁਝ ਪਾਰਟੀ ਆਗੂਆਂ ਨੇ ਆਪਣੇ ਸਮਰਥਕਾਂ ਨੂੰ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹੱਲਾਸ਼ੇਰੀ ਦਿੱਤੀ, ਇਸਤੋਂ ਬਾਅਦ, ਪ੍ਰਦਰਸ਼ਨਕਾਰੀ ਤਲਵਾਰਾਂ ਅਤੇ ਹੋਰ ਰਵਾਇਤੀ ਹਥਿਆਰ ਲੈ ਕੇ ਅੱਗੇ ਵਧੇ ਤੇ ਕਥਿਤ ਤੌਰ ‘ਤੇ ਪੁਲਿਸ ਬੈਰੀਕੇਡਾਂ ਵਾਲੀ ਥਾਂ ਤੇ ਹਮਲਾ ਕਰ ਦਿੱਤਾ। ਕੁੱਝ ਪ੍ਰਦਰਸ਼ਨਕਾਰੀ ਪਾਣੀ ਦੀਆਂ ਤੋਪਾਂ ਵਾਲੀ ਗੱਡੀ ਦੇ ਉੱਪਰ ਚੜ੍ਹ ਗਏ ਅਤੇ ਉਸਦੀ ਨੋਜ਼ਲ ਨੂੰ ਨੁਕਸਾਨ ਪਹੁੰਚਾਇਆ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇਸਦੇ ਡਰਾਈਵਰ ‘ਤੇ ਵੀ ਹਮਲਾ ਕੀਤਾ।
ਇਸ ਦੌਰਾਨ ਪਤਾ ਲੱਗਿਆ ਹੈ ਕਿ ਚੰਡੀਗੜ੍ਹ ਪੁਲਿਸ ਨੇ ਬੀਐਨਐਸ ਦੀ ਧਾਰਾ 121 (1) (ਕਿਸੇ ਸਰਕਾਰੀ ਸੇਵਕ ਨੂੰ ਆਪਣੀ ਡਿਊਟੀ ਤੋਂ ਰੋਕਣ ਲਈ ਸਵੈ-ਇੱਛਾ ਨਾਲ ਨੁਕਸਾਨ ਪਹੁੰਚਾਉਣਾ), 132 (ਕਿਸੇ ਸਰਕਾਰੀ ਸੇਵਕ ਨੂੰ ਡਿਊਟੀ ਤੋਂ ਰੋਕਣ ਲਈ ਕੀਤੇ ਗਏ ਹਮਲੇ ਜਾਂ ਅਪਰਾਧਿਕ ਤਾਕਤ ਇਸਤੇਮਾਲ ਕਰਨ ਦੀ ਸਜ਼ਾ) ਅਤੇ 223 (ਕਿਸੇ ਸਰਕਾਰੀ ਸੇਵਕ ਦੁਆਰਾ ਦਿੱਤੇ ਗਏ ਕਾਨੂੰਨੀ ਹੁਕਮ ਦੀ ਉਲੰਘਣਾ) ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਸ ਐਫਆਈਆਰ ਬਾਰੇ ਕੋਈ ਪ੍ਰੈਸ ਨੋਟ ਜਾਰੀ ਨਹੀਂ ਕੀਤਾ ਗਿਆ।

RELATED ARTICLES
POPULAR POSTS