
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੇ ਕਰੀਬ 20 ਫੀਸਦੀ ਸਮੁੰਦਰੀ ਤੇਲ ਵਪਾਰ ਦਾ ਮੁੱਖ ਰਸਤਾ ‘ਹੋਰਮੁਜ਼ ਸਟਰੇਟ’ ਹੈ, ਜਿਸ ਉਤੇ ਇਰਾਨ ਦਾ ਮਹੱਤਵਪੂਰਨ ਰਣਨੀਤਕ ਪ੍ਰਭਾਵ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅਮਰੀਕਾ-ਇਰਾਨ ਤਣਾਅ ਦੌਰਾਨ ਇਸ ਰਸਤੇ ’ਤੇ ਪੈਦਾ ਹੋਈ ਬੇਭਰੋਸਗੀ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਇਕ ਬਦਲਵੀਂ ਸਮੁੰਦਰੀ ਵਿਵਸਥਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸੇ ਰਣਨੀਤੀ ਤਹਿਤ ਯੂਏਈ ਫੁਜੈਰਾ ਬੰਦਰਗਾਹ ਨੂੰ ਇਕ ਅਤਿ-ਆਧੁਨਿਕ ਮੈਗਾ ਲਾਜਿਸਟਿਕਸ ਅਤੇ ਕੰਟੇਨਰ ਹੱਬ ਵਜੋਂ ਵਿਕਸਿਤ ਕਰ ਰਿਹਾ ਹੈ। ਹਿੰਦ ਮਹਾਂਸਾਗਰ ਦੇ ਤੱਟ ’ਤੇ ਸਥਿਤ ਹੋਣ ਕਾਰਨ ਇੱਥੇ ਪਹੁੰਚਣ ਲਈ ਜਹਾਜ਼ਾਂ ਨੂੰ ਹੋਰਮੁਜ਼ ਸਟਰੇਟ ’ਚੋਂ ਨਹੀਂ ਲੰਘਣਾ ਪੈਂਦਾ, ਜਿਸ ਨਾਲ ਸੰਕਟ ਦੀ ਸਥਿਤੀ ਵਿਚ ਵੀ ਵਪਾਰ ਅਤੇ ਊਰਜਾ ਦੀ ਸਪਲਾਈ ਜਾਰੀ ਰੱਖੀ ਜਾ ਸਕੇਗੀ। ਇਸ ਪ੍ਰੋਜੈਕਟ ਤਹਿਤ ਨਵੀਂ ਬਹੁ-ਮੰਤਵੀ ਬੰਦਰਗਾਹ, ਆਧੁਨਿਕ ਕੰਟੇਨਰ ਟਰਮੀਨਲ ਅਤੇ ਵਿਸ਼ਾਲ ਤੇਲ ਭੰਡਾਰਨ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

