26.5 C
Toronto
Wednesday, July 15, 2026
spot_img
HomeਕੈਨੇਡਾFront31 ਸਾਲ ਬਾਅਦ ਸੰਪੰਨ ਹੋਈ ਅਣਪਛਾਤੇ ਮਿ੍ਰਤਕਾਂ ਦੀ ਸਾਂਝੀ ਅੰਤਮ ਅਰਦਾਸ

31 ਸਾਲ ਬਾਅਦ ਸੰਪੰਨ ਹੋਈ ਅਣਪਛਾਤੇ ਮਿ੍ਰਤਕਾਂ ਦੀ ਸਾਂਝੀ ਅੰਤਮ ਅਰਦਾਸ


ਹਰੀਕੇ ਪੱਤਣ ਤੇ  ਜਮਾਂ ਹੋਏ ਹਜ਼ਾਰਾਂ ਲੋਕ, ਬਣੇਗਾ ‘ਸ਼ਹੀਦੀ ਪੱਤਣ ਸਮਾਰਕ’

ਚੰਡੀਗੜ੍ਹ/ਅਮਰਜੀਤ ਸਿੰਘ
15 ਜੁਲਾਈ, 2026

ਇਹ ਜੋ ਦਿ੍ਰਸ਼ ਹੈ ਇਸਨੂੰ ਕਲਮ ਰਾਹੀਂ ਕਿਸੇ ਕਾਗ਼ਜ਼ ’ਤੇ ਉਤਾਰਨਾ ਲਗਭਗ ਅਸੰਭਵ ਹੀ ਹੈ। ਸਥਾਨ ਹੈ ਹਰਿਕੇ ਪੱਤਣ। ਇਹ ਸਤਲੁਜ ਦਰਿਆ ਦੇ ਕੰਢੇ ’ਤੇ ਸਥਿਤ ਹੈ। ਇਹ ਓਹੀ ਸਥਾਨ ਹੈ ਜਿਥੇ 90ਵਿਆਂ ਵਿੱਚ ਹਰ ਰੋਜ਼ ਅਭਾਗੇ ਲੋਕਾਂ ਦੀਆਂ ਲਾਸ਼ਾਂ ਰੁੜ੍ਹ ਕੇ ਇੱਕ ਪਾਸੇ ਲੱਗੀਆਂ ਹੁੰਦੀਆਂ ਸਨ। ਕੁੱਝ ਪਾਣੀ ਵਿੱਚ ਕਈ ਦਿਨ ਰਹਿਣ ਕਾਰਨ ਗਲ਼ ਜਾਂਦੀਆਂ ਸਨ ਤੇ ਪਛਾਣ ਨਾ ਹੋਣ ਕਾਰਨ ਅਣਪਛਾਤੀ ਕਹਿ ਕੇ ਜਾਂ ਤਾਂ ਲਾਸ਼ ਨੂੰ ਕੱਢ ਕੇ ਲੋਕ ਆਪ ਹੀ ਨੇੜੇ ਬਣਾਈ ਇੱਕ ਥਾਂ ’ਤੇ ਜਲਾ ਦਿੰਦੇ ਸਨ ਜਾਂ ਫ਼ੇਰ ਪਾਣੀ ਵਿੱਚ ਅੱਗੇ ਰੋੜ੍ਹ ਦਿੰਦੇ ਸਨ। ਇਹ ਸਿਲਸਿਲਾ ਕਿੰਨੇ ਦਿਨ ਚਲਿਆ ਕੋਈ ਪੱਕੀ ਤਰੀਕ ਨਹੀਂ, ਪਰ ਹਾਂ, ਜਿਨ੍ਹਾਂ ਦੇ ਗਭਰੂ ਗਵਾਚੇ ਹੁੰਦੇ ਸਨ ਜਾਂ ਫ਼ੇਰ ਪੁਲਿਸ ਨੇ ਚੁੱਕੇ ਹੁੰਦੇ ਸਨ ਉਹ ਜ਼ਰੂਰ ਇੱਕ ਵਾਰੀ ਐਥੇ ਗੇੜਾ ਮਾਰਦੇ ਸਨ, ਸਿਰਫ਼ ਇਸ ਉਮੀਦ ਨਾਲ ਕਿ ਕਿਤੇ ਉਸਦੀ ਲਾਸ਼ ਹੀ ਮਿਲ ਜਾਵੇ ਤਾਂ ਸਸਕਾਰ ਤਾਂ ਕਰ ਦੇਈਏ।

ਅੱਜ ਜੋ ਹਜ਼ਾਰਾਂ ਦੀ ਭੀੜ ਏਥੇ ਜਮਾਂ ਹੋਈ ਹੈ ਉਸਦਾ ਸਬੱਬ ਹੈ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਤੋਂ ਬਾਅਦ ਉੱਠਿਆ ਵਿਵਾਦ। ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜਿਸਨੇ ਹਜ਼ਾਰਾਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਜਲਾਉਣ ਲਈ ਪੁਲਿਸ ਨੂੰ ਜਨਤਾ ਦੀ ਕਚਹਿਰੀ ਵਿੱਚ ਖੜਾ ਕੀਤਾ ਸੀ ਉਸਦੀ ਆਪਣੀ ਲਾਸ਼ ਨੂੰ ਵੀ ਐਵੇਂ ਹੀ ਇਸੇ ਥਾਂ ’ਤੇ ਸੁੱਟਿਆ ਗਿਆ ਸੀ। ਯਾਨੀ ਉਸਦੇ ਮਿ੍ਰਤਕ ਸਰੀਰ ਨੂੰ ਹਰੀਕੇ ਪੱਤਣ ਵਾਲੀ ਥਾਂ ’ਤੇ ਸਤਲੁਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਮਾਮਲਾ ਐਨਾ ਤੂਲ ਫੜ ਗਿਆ ਹੈ ਕਿ ਇਸ ਥਾਂ ’ਤੇ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਸਮੂਹਿਕ ਅਰਦਾਸ ਕੀਤੀ। ਉਹਨਾਂ ਨੇ ਸਾਰੇ ਮਿ੍ਰਤਕਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।

ਸ਼ੁਰੂ ਵਿੱਚ ਜੋ ਦਿ੍ਰਸ਼ ਦੀ ਗੱਲ ਕੀਤੀ ਜਾ ਰਹੀ ਸੀ ਉਹ ਕੁੱਝ ਇਸ ਤਰ੍ਹਾਂ ਸੀ ਕੇ ਕੋਈ ਮਾਂ ਆਪਣੇ ਪੁੱਤਰ ਦੀ ਫੋਟੋ ਲੈਕੇ ਬੈਠੀ ਹੈ ਤੋਂ ਕੋਈ ਪਤੀ ਦੀ। ਕਿਸੇ ਦੇ ਹੱਥ ਵਿੱਚ ਪਰਿਵਾਰ ਦੇ ਕਈ ਮੈਂਬਰਾਂ ਦੀ ਫੋਟੋ ਵੀ ਸੀ। ਅਰਦਾਸ ਦੇ ਦੌਰਾਨ ਅਤੇ ਉਸਤੋਂ ਬਾਅਦ ਇਹ ਔਰਤਾਂ ਤੇ ਮਰਦ ਰੋਂਦੇ ਵੇਖੇ ਗਏ। ਦਰਅਸਲ ਇਹਨਾਂ ਵਿੱਚ ਜ਼ਿਆਦਾਤਰ ਲੋਕ ਉਹ ਸਨ ਜਿਹਨਾਂ ਦੇ ਪੁੱਤਰ ਜਾਂ ਪਤੀਆਂ ਨੂੰ ਪੁਲਿਸ ਨੇ ਦਿਨ ਦਿਹਾੜੇ ਚੁੱਕਿਆ ਤਾਂ ਸੀ ਪਰ ਬਾਅਦ ਵਿੱਚ ਉਹਨਾਂ ਦਾ ਕਿਤੇ ਕੋਈ ਪਤਾ ਨਹੀਂ ਲੱਗਿਆ, ਜੇ ਉਹ ਮਾਰੇ ਵੀ ਗਏ ਤਾਂ ਉਹਨਾਂ ਦੀ ਲਾਸ਼ ਵੀ ਘਰ ਦਿਆਂ ਨੂੰ ਨਹੀਂ ਸੌਂਪੀ ਗਈ। ਇਹਨਾਂ ਦਾ ਐਥੇ ਆਕੇ ਗ਼ਮਗੀਨ ਹੋਣਾ ਸੁਭਾਵਕ ਹੀ ਸੀ।

ਅਰਦਾਸ ਮਗਰੋਂ ਜੱਥੇਦਾਰ ਗੜਗੱਜ ਨੇ ਹਰੀਕੇ ਪੱਤਣ ਤੇ ‘ਸ਼ਹੀਦੀ ਪੱਤਣ ਸਮਾਰਕ’ ਬਣਾਉਣ ਦੀ ਘੋਸ਼ਣਾ ਵੀ ਕੀਤੀ। ਉਹਨਾਂ ਨੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਕਿ ਉਹ ਆਮ ਲੋਕਾਂ ਦੇ ਸਹਿਯੋਗ ਨਾਲ ਸਮਾਰਕ ਦੀ ਉਸਾਰੀ ਕਰਨ। ਉਹਨਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਬਾਰੇ ਜ਼ਿਆਦਾ ਗ਼ੌਰ ਨਹੀਂ ਕੀਤਾ ਜਦੋਂ ਬਹੁਤ ਸਾਰੇ ਬਜ਼ੁਰਗਾਂ, ਆਦਮੀਆਂ, ਔਰਤਾਂ, ਬੱਚਿਆਂ ਦੀਆਂ ਲਾਸ਼ਾਂ, ਉਹਨਾਂ ਦੇ ਮੌਲਿਕ ਅਧਿਕਾਰਾਂ ਨੂੰ ਕੁਚਲ ਕੇ ਇਸ ਥਾਂ ’ਤੇ ਲਾਵਾਰਿਸ ਕਹਿ ਕੇ ਦਰਿਆ ਵਿੱਚ ਸੁੱਟ ਦਿੱਤੀਆਂ ਗਈਆਂ ਸਨ। ਉਹਨਾਂ ਵਿੱਚ ਸਿੱਖਾਂ, ਹਿੰਦੂਆਂ ਦੀਆਂ ਲਾਸ਼ਾਂ ਸ਼ਾਮਿਲ ਸਨ ਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਵੀ ਇਸੇ ਤਰ੍ਹਾਂ ਲਾਵਾਰਿਸ ਹੀ ਬਣਾ ਦਿੱਤਾ। ਇਸ ਮੌਕੇ ਬਹੁਤ ਸਾਰੇ ਯੁਵਕਾਂ, ਰਾਜਨੀਤਿਕ ਪਾਰਟੀ ਆਗੂਆਂ ਅਤੇ ਧਾਰਮਿਕ ਕਾਰਕੁਨਾਂ ਨੇ ਵੀ ਸ਼ਮੂਲੀਅਤ ਕੀਤੀ।

ਇੱਕ ਅਥਾਹ ਇਕੱਠ ਨੇ ਇਹ ਗੱਲ ਤੈਅ ਕਰ ਦਿੱਤੀ ਹੈ ਕਿ ਜਿੱਥੇ ਵੀ ਸ਼ਹੀਦਾਂ ਦਾ ਲਹੂ ਡੁਲ੍ਹਦਾ ਹੈ ਉੱਥੇ ਬਣੀ ਉਹਨਾਂ ਦੀ ਯਾਦਗਾਰ ਆਉਣ ਵਾਲੀਆਂ ਸਦੀਆਂ ਤੱਕ ਲੋਕਾਂ ਨੂੰ ਜਰਵਾਣਿਆਂ ਨਾਲ ਲੜਨ ਦੀ ਪ੍ਰੇਰਨਾ ਦਿੰਦੀ ਰਹਿੰਦੀ ਹੈ। ਇਸੇ ਨੂੰ ਮੁੱਖ ਰੱਖ ਇਸ ਥਾਂ ਤੇ ‘ਸ਼ਹੀਦੀ ਪੱਤਣ ਸਮਾਰਕ’ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਐਥੇ ਆਏ ਮਾਪਿਆਂ ਨੇ ਸਾਂਝੀ ਅਰਦਾਸ ਵਿੱਚ ਸ਼ਾਮਿਲ ਹੋਕੇ ਇੱਕ ਸੁਨੇਹਾ ਇਹ ਵੀ ਦਿੱਤਾ ਹੈ ਕਿ ਜ਼ਾਲਿਮ ਦਾ ਜ਼ੁਲਮ ਐਨਾ ਤਾਕਤਵਰ ਨਹੀਂ ਹੁੰਦਾ ਜਿਨਾਂ ਉਹਨਾਂ ਨੂੰ ਝੱਲਣ ਵਾਲੇ ਲੋਕਾਂ ਦਾ ਜਿਗਰਾ ਹੁੰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਲੋਕ ਇਸ ਥਾਂ ’ਤੇ ਵਿਛੜਿਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਹਮੇਸ਼ਾ ਪੁਲਿਸ ਦੀਆਂ ਗ਼ੈਰਕਾਨੂੰਨੀ ਜ਼ਿਆਦਤੀਆਂ ਨੂੰ ਯਾਦ ਰੱਖਣਗੇ।

RELATED ARTICLES
POPULAR POSTS