
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ-ਤਿੱਬਤ ਬਾਰਡਰ ’ਤੇ ਲੰਘੇ ਬੁੱਧਵਾਰ ਨੂੰ ਅਚਾਨਕ ਆਏ ਹੜ੍ਹ ਨੇ ਨੇਪਾਲ ਦੇ ਰਸੁਵਾ ਸਣੇ ਕਈ ਇਲਾਕਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਦੋਵਾਂ ਦੇਸ਼ਾਂ ਵਿਚ ਹੁਣ ਤੱਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 472 ਹੋ ਚੁੱਕੀ ਹੈ ਅਤੇ 1500 ਤੋਂ ਵੱਧ ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਕੁਦਰਤੀ ਆਫਤ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਅਤੇ ਲਾਪਤਾ 290 ਭਾਰਤੀਆਂ ਦੀ ਤਲਾਸ਼ ਵੀ ਜਾਰੀ ਹੈ। ਇਸਦੇ ਚੱਲਦਿਆਂ ਨੇਪਾਲ ਦੀ ਸਰਕਾਰ ਨੇ ਭਾਰਤ, ਚੀਨ, ਅਮਰੀਕਾ ਅਤੇ ਬਿ੍ਰਟੇਨ ਸਣੇ ਕਈ ਦੇਸ਼ਾਂ ਵਲੋਂ ਕੀਤੀ ਗਈ ਰੈਸਕਿਊ ਟੀਮਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਨੇਪਾਲ ਦੀ ਫੌਜ ਅਤੇ ਪੁਲਿਸ ਖੁਦ ਰਾਹਤ ਅਤੇ ਬਚਾਅ ਕਾਰਜ ਸੰਭਾਲਣ ਵਿਚ ਸਮਰੱਥ ਹੈ। ਨੇਪਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 2015 ਵਿਚ ਆਏ ਭੂਚਾਲ ਦੌਰਾਨ ਵੱਡੀ ਗਿਣਤੀ ਵਿਚ ਵਿਦੇਸ਼ੀ ਰੈਸਕਿਊ ਟੀਮਾਂ ਦੇ ਆਉਣ ਨਾਲ ਬਚਾਅ ਕਾਰਜਾਂ ਦੇ ਤਾਲਮੇਲ ਵਿਚ ਦਿੱਕਤਾਂ ਆਈਆਂ ਸਨ। ਇਸ ਨੂੰ ਦੇਖਦੇ ਹੋਏ ਇਸ ਵਾਰ ਵਿਦੇਸ਼ੀ ਟੀਮਾਂ ਦੀ ਜਗ੍ਹਾ ਆਰਥਿਕ ਮੱਦਦ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਡੋਨਾਲਡ ਟਰੰਪ ਨੇ ਨੇਪਾਲ ਦੀ ਕੀਤੀ ਆਰਥਿਕ ਸਹਾਇਤਾ
ਵਾਸ਼ਿੰਗਟਨ/ਬਿਊਰੋ ਨਿਊਜ਼
ਨੇਪਾਲ-ਤਿੱਬਤ ਸਰਹੱਦ ’ਤੇ ਆਏ ਭਿਆਨਕ ਹੜ੍ਹ ਤੋਂ ਬਾਅਦ ਭਾਰਤ ਵਾਂਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਪਾਲ ਨੂੰ ਹਰ ਸੰਭਵ ਮੱਦਦ ਦੀ ਪੇਸ਼ਕਸ਼ ਕੀਤੀ ਹੈ। ਵਾਈਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦੱਸਿਆ ਕਿ ਅਸੀਂ ਨੇਪਾਲ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਹਰ ਉਸ ਮੱਦਦ ਦੀ ਪੇਸ਼ਕਸ਼ ਕੀਤੀ ਹੈ, ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਅਮਰੀਕਾ ਵਲੋਂ ਹੜ੍ਹ ਪ੍ਰਭਾਵਿਤ ਭਾਈਚਾਰਿਆਂ ਦੀ ਤੁਰੰਤ ਮੱਦਦ ਲਈ ‘ਕੈਥੋਲਿਕ ਰਿਲੀਫ ਸਰਵਿਸਿਜ਼’ ਰਾਹੀਂ 5 ਲੱਖ ਅਮਰੀਕੀ ਡਾਲਰ ਦੀ ਐਮਰਜੈਂਸੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਫੰਡ ਪ੍ਰਭਾਵਿਤ ਲੋਕਾਂ ਨੂੰ ਐਮਰਜੈਂਸੀ ਰਹਿਣ-ਸਹਿਣ, ਰਾਹਤ ਸਮੱਗਰੀ, ਸਾਫ ਪਾਣੀ, ਸਿਹਤ ਅਤੇ ਸਾਫ-ਸਫਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ। ਇਸਦੇ ਨਾਲ ਹੀ ਅਮਰੀਕਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਇਕ ਆਫਤ ਪ੍ਰਬੰਧਨ ਸਲਾਹਕਾਰ ਵੀ ਤੈਨਾਤ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਇਸ ਭਿਆਨਕ ਹੜ੍ਹ ਕਾਰਨ 90 ਅਮਰੀਕੀ ਨਾਗਰਿਕ ਵੀ ਪ੍ਰਭਾਵਿਤ ਹੋ ਸਕਦੇ ਹਨ।

