
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਹਫਤੇ ਦੇ ਨੈਚਰੋਪੈਥੀ ਲਈ ਬੈਂਗਲੁਰੂ ਪਹੁੰਚ ਗਏ ਹਨ। ਪ੍ਰਸ਼ਾਸਨਿਕ ਸੂਤਰਾਂ ਮੁਤਾਬਕ, ਸੀਐਮ ਮਾਨ ਬੈਂਗਲੁਰੂ ਦੇ ਇੱਕ ਨਿੱਜੀ ਨੇਚਰ ਕੇਅਰ ਸੈਂਟਰ ਵਿੱਚ ਕਰੀਬ 7 ਦਿਨ ਰਹਿਣਗੇ, ਜਿੱਥੇ ਉਹ ਕੁਦਰਤੀ ਤਰੀਕਿਆਂ ਨਾਲ ਆਪਣਾ ਇਲਾਜ ਅਤੇ ਡਿਟੌਕਸੀਫਿਕੇਸ਼ਨ ਕਰਵਾਉਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲਗਾਤਾਰ ਸਿਆਸੀ ਰੁਝੇਵਿਆਂ ਅਤੇ ਸਖ਼ਤ ਮਿਹਨਤ ਕਾਰਨ ਉਨ੍ਹਾਂ ਨੂੰ ਥਕਾਵਟ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਅਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਆਪਣੀ ਇਸ ਸਿਹਤ ਯਾਤਰਾ ’ਤੇ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬੇ ਦੇ ਕਈ ਅਹਿਮ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਉਦਘਾਟਨ ਵੀ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਇਸ ਨੈਚਰੋਪੈਥੀ ’ਚ ਯੋਗਾ, ਮੈਡੀਟੇਸ਼ਨ ਅਤੇ ਖਾਸ ਡਾਈਟ ਪਲਾਨ ਰਾਹੀਂ ਸਰੀਰਕ ਤਾਜ਼ਗੀ ਹਾਸਲ ਕਰਨਗੇ। ਉਨ੍ਹਾਂ ਦੀ ਗੈਰ-ਹਾਜ਼ਰੀ ਦੌਰਾਨ ਸੂਬੇ ਦੇ ਜ਼ਰੂਰੀ ਸਰਕਾਰੀ ਕੰਮਕਾਜ ਨਿਰੰਤਰ ਚੱਲਦੇ ਰਹਿਣਗੇ ਅਤੇ ਉਹ ਇੱਕ ਹਫਤਾ ਪੂਰਾ ਹੋਣ ਤੋਂ ਬਾਅਦ ਵਾਪਸ ਪੰਜਾਬ ਪਰਤ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣਗੇ।

