
ਵਿਧਾਇਕ ਦੀ ਗਿ੍ਰਫਤਾਰੀ ਨੂੰ ਲੈ ਕੇ ਹੋ ਰਿਹਾ ਰੋਸ ਪ੍ਰਦਰਸ਼ਨ
ਮਾਨਸਾ/ਬਿਊਰੋ ਨਿਊਜ਼
ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਵਿਚ ਸਿਹਤ ਵਿਭਾਗ ਦੇ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੀੜਤ ਪਰਿਵਾਰ ਨੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧਰਾਮ ਅਤੇ ਸਿਹਤ ਵਿਭਾਗ ਦੇ ਕੁਝ ਕਰਮਚਾਰੀਆਂ ਖਿਲਾਫ ਭੁਪਿੰਦਰ ਕੁਮਾਰ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਭੁਪਿੰਦਰ ਕੁਮਾਰ ਨੂੰ ਵਿਧਾਇਕ ਨੇ ਫੋਨ ਕਰਕੇ ਧਮਕਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਨੇ ਜਾਣਬੁੱਝ ਕੇ ਭੁਪਿੰਦਰ ਕੁਮਾਰ ਖਿਲਾਫ ਵਿਧਾਇਕ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਭੁਪਿੰਦਰ ਨੂੰ ਮਾਨਸਿਕ ਦਬਾਅ ਦਾ ਸਾਹਮਣਾ ਪਿਆ ਅਤੇ ਉਸ ਨੇ ਇਹ ਕਦਮ ਚੁੱਕਿਆ ਹੈ। ਇਸ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਕਸਬਾ ਬੋਹਾ ਅੱਜ ਬੰਦ ਰਿਹਾ ਅਤੇ ਵਿਧਾਇਕ ਬੁੱਧਰਾਮ ਅਤੇ ਸਿਹਤ ਵਿਭਾਗ ਦੇ ਇਸ ਮਾਮਲੇ ਨਾਲ ਸਬੰਧਤ ਕਰਮਚਾਰੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਨੂੰ ਭੁਪਿੰਦਰ ਕੁਮਾਰ ਦਾ ਇਕ ਸੂਸਾਈਡ ਨੋਟ ਵੀ ਮਿਲਿਆ ਹੈ, ਇਸ ਨੋਟ ਵਿਚ ਭੁਪਿੰਦਰ ਕੁਮਾਰ ਨੇ ਸਿਹਤ ਵਿਭਾਗ ਦੇ ਕੁਝ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਫੋਨ ਕਰਕੇ ਧਮਕਾਉਣ ਦਾ ਇਲਜ਼ਾਮ ਲਗਾਇਆ ਹੈ। ਸੂਸਾਈਡ ਨੋਟ ਵਿਚ ਭੁਪਿੰਦਰ ਕੁਮਾਰ ਨੇ ਲਗਾਤਾਰ ਹੋ ਰਹੀ ਬੇਇੱਜ਼ਤੀ ਅਤੇ ਮਾਨਸਿਕ ਪ੍ਰੇਸ਼ਾਨੀ ਨੂੰ ਆਤਮ ਹੱਤਿਆ ਦਾ ਕਾਰਨ ਦੱਸਿਆ ਹੈ।

