Breaking News
Home / ਕੈਨੇਡਾ / ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗਮ 26 ਮਾਰਚ ਨੂੰ

ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗਮ 26 ਮਾਰਚ ਨੂੰ

ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਮੁੱਖ ਬੁਲਾਰੇ ਹੋਣਗੇ
ਬਰੈਂਪਟਨ/ਬਿਊਰੋ ਨਿਊਜ਼ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀ ਸ਼ਹੀਦਾਂ ਦੀ ਯਾਦ ਵਿੱਚ 26 ਮਾਰਚ ਦਿਨ ਐਤਵਾਰ 1: 00 ਵਜੇ ਬਰੈਂਪਰਨ ਦੇ ਪੀਅਰਸਨ ਥੀਏਟਰ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ 150 ਸੈਂਟਰਲ ਪਾਰਕ ਡਰਾਇਵ ਤੇ ਬਰੈਮਲੀ ਸਿਟੀ ਸੈਂਟਰ ਸਾਹਮਣੇ ਲਾਇਬਰੇਰੀ ਵਿੱਚ ਸਥਿਤ ਹੈ।
ਸੰਸਥਾ ਦੇ ਸੀਨੀਅਰ ਮੈਂਬਰ ਜਸਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮਾਗਮ ਦੀ ਤਿਆਰੀ ਸਬੰਧੀ ਰਿਪੋਰਟਿੰਗ ਸਾਂਝੀ ਕੀਤੀ ਗਈ। ਇਸ ਪਰੋਗਰਾਮ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀ ਸ਼ਹੀਦਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਗੀਤਾਂ, ਨਾਟਕਾਂ ਅਤੇ ਕੋਰੀਓਗਰਾਫੀ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀ ਤਿਆਰੀ ਇਸ ਢੰਗ ਨਾਲ ਕੀਤੀ ਗਈ ਹੈ ਕਿ ਦਰਸ਼ਕ ਕੈਨੇਡਾ ਦੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਸਮਾਂ ਕੱਢ ਕੇ ਜਿੱਥੇ ਸ਼ਹੀਦਾ ਨੂੰ ਸਿਜਦਾ ਕਰਨਗੇ ਉੱਥੇ ਉਹਨਾਂ ਦੇ ਜੀਵਨ ਅਤੇ ਵਿਚਾਰਧਾਰਾ ਦੀ ਜਾਣਕਾਰੀ ਪਰਾਪਤ ਕਰਨ ਦੇ ਨਾਲ ਹੀ ਆਪਣੀ ਮਾਨਸਿਕ ਤ੍ਰਿਪਤੀ ਵੀ ਕਰਨਗੇ। ਗੁਰੂ ਤੇਗ ਬਹਾਦਰ ਸਕੂਲ ਦੇ ਪ੍ਰਿੰ. ਸੰਜੀਵ ਧਵਨ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਨਾਮਵਰ ਰੰਗਕਰਮੀ ਜਗਵਿੰਦਰ ਜੱਜ ਦੀ ਨਿਰਦੇਸ਼ਨਾਂ ਵਿੱਚ 60 ਦੇ ਲੱਗਪੱਗ ਕਲਾਕਾਰਾਂ ਦੀ ਟੀਮ ਵਲੋਂ ਤਿਆਰੀ ਮੁਕੰਮਲ ਹੋ ਚੁੱਕੀ ਹੈ।
ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਣ ਸਿੰਘ ਵਿਸੇਸ਼ ਤੌਰ ‘ਤੇ ਇਸ ਪਰੋਗਰਾਮ ਵਿੱਚ ਸ਼ਾਮਲ ਹੋਣ ਲਈ ਇੰਡੀਆ ਤੋਂ ਇੱਥੇ ਪਹੁੰਚ ਰਹੇ ਹਨ ਜੋ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਅਜੋਕੇ ਦੌਰ ਵਿੱਚ ਮਹੱਤਤਾ ਬਾਰੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕਰਨਗੇ। ਇਸ ਮੀਟਿੰਗ ਵਿੱਚ ਕਨੇਡਾ ਅਤੇ ਅਮਰੀਕਾ ਵਿੱਚ ਨਸਲੀ ਹਮਲਿਆਂ ਸਬੰਧੀ ਵਧ ਰਹੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਕੈਨੇਡਾ ਵਰਗੇ ਬਹੁ-ਸਭਿੱਆਚਾਰਕ ਅਤੇ ਬਹੁ-ਨਸਲੀ ਮੁਲਕ ਵਿੱਚ ਸੱਜੇ ਪੱਖੀ ਅਤੇ ਫਾਸ਼ੀਵਾਦੀ ਤਾਕਤਾਂ ਦੇ ਵਧ ਰਹੇ ਪ੍ਰਭਾਵ ਅਤੇ ਇਹਨਾਂ ਸ਼ਕਤੀਆਂ ਵਲੋਂ ਪਰਵਾਸੀਆਂ ਖਾਸ ਕਰਕੇ ਮੁਸਲਮਾਨਾਂ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਅਤੇ ਹਮਲਿਆਂ ਦਾ ਵਿਰੋਧ ਕੀਤਾ ਗਿਆ। ਸਰਕਾਰ ਤੋਂ ਇਹਨਾਂ ਨਸਲੀ ਤਾਕਤਾਂ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨ ਅਤੇ ਉਹਨਾਂ ਵਿਰੁੱਧ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ। ਪ੍ਰਬੰਧਕਾਂ ਵਲੋਂ ਸਮੂਹ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਦੀ ਅਪੀਲ ਕੀਤੀ ਜਾਦੀ ਹੈ। ਪ੍ਰੋਗਰਾਮ ਦੀ ਦਾਖਲਾ ਟਿਕਟ ਸਿਰਫ 6 ਡਾਲਰ ਹੈ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦਾਖਲਾ ਮੁਫਤ ਹੈ। ਸੰਸਥਾ ਜਾਂ ਇਸ ਪ੍ਰੋਗਰਾਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੁਰਜੀਤ ਸਹੋਤਾ 416-704-0745, ਹਰਿੰਦਲ ਹੁੰਦਲ 647-818-6880 ਜਾਂ ਅਮ੍ਰਿਤ ਢਿੱਲੋਂ 905 794 1016 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …