ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਵਿੱਚ ਭਾਰਤੀਆਂ ਉਤੇ ਹੋ ਰਹੇ ਨਸਲੀ ਤੇ ਨਫ਼ਰਤੀ ਹਮਲਿਆਂ ਉਤੇ ਲੋਕ ਸਭਾ ਮੈਂਬਰਾਂ ਨੇ ਵੀਰਵਾਰ ਨੂੰ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਤੇ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ‘ਚੁੱਪ’ ‘ਤੇ ਸਵਾਲ ਉਠਾਏ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਉਹ ਮਾਮਲੇ ਨੂੰ ‘ਬਹੁਤ ਸੰਜੀਦਗੀ’ ਨਾਲ ਲੈ ਰਹੀ ਹੈ।
ਵਿਰੋਧੀ ਮੈਂਬਰਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਇਸ ਮੁੱਦੇ ਦੇ ਟਾਕਰੇ ਲਈ ਆਪਣੀ ਯੋਜਨਾ ਦਾ ਖ਼ੁਲਾਸਾ ਕਰੇ। ਇਸ ਉਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਸਰਕਾਰ ਨੇ ਇਨ੍ਹਾਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਇਹ ਗੱਲ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣਗੇ ਕਿ ‘ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਸੁਰੱਖਿਅਤ ਮਹਿਸੂਸ’ ਕਰਨ।
ਉਨ੍ਹਾਂ ਆਖਿਆ ਕਿ ਸਰਕਾਰ ਇਸ ਮੁੱਦੇ ਉਤੇ ਅਗਲੇ ਹਫ਼ਤੇ ਸੰਸਦ ਵਿੱਚ ਬਿਆਨ ਦੇਵੇਗੀ। ਗ਼ੌਰਤਲਬ ਹੈ ਕਿ ਹਾਲੀਆ ਹਫ਼ਤਿਆਂ ਦੌਰਾਨ ਅਮਰੀਕਾ ਵਿੱਚ ਨਫ਼ਰਤੀ ਜੁਰਮਾਂ ਦੇ ਮਾਮਲਿਆਂ ਵਿੱਚ ਘੱਟੋ-ਘੱਟ ਦੋ ਭਾਰਤੀਆਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਹਨ। ਲੋਕ ਸਭਾ ‘ਚ ਮਾਮਲਾ ਉਠਾਉਣ ਲਈ ਵੱਖੋ-ਵੱਖ ਵਿਰੋਧੀ ਮੈਂਬਰਾਂ ਵੱਲੋਂ ਦਿੱਤਾ ਕੰਮ ਰੋਕੂ ਮਤਾ ਸਪੀਕਰ ਸੁਮਿੱਤਰਾ ਮਹਾਜਨ ਵੱਲੋਂ ਰੱਦ ਕਰਨ ‘ਤੇ ਉਨ੍ਹਾਂ ਸਿਫ਼ਰ ਕਾਲ ਦੌਰਾਨ ਮਾਮਲਾ ਉਠਾਇਆ। ਕਾਂਗਰਸ ਦੇ ਮਲਿਕਾਰਜੁਨ ਖੜਗੇ ਨੇ ਸਰਕਾਰ ਉਤੇ ਇਹ ਮਾਮਲਾ ਅਮਰੀਕਾ ਕੋਲ ਉਠਾਉਣ ਵਿੱਚ ‘ਨਾਕਾਮ’ ਰਹਿਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ‘ਵਿਦੇਸ਼ੀ ਆਗੂਆਂ ਨੂੰ ਗਲਵੱਕੜੀਆਂ ਪਾਉਂਦੇ ਤੇ ਚੀਨੀ ਰਾਸ਼ਟਰਪਤੀ ਨਾਲ ਝੂਟੇ ਲੈਂਦੇ’ ਤਾਂ ਦਿਖਾਈ ਦਿੰਦੇ ਹਨ ਪਰ ਇਸ ਮੁੱਦੇ ‘ਤੇ ਚੁੱਪ ਹਨ। ਤ੍ਰਿਣਮੂਲ ਕਾਂਗਰਸ ਦੇ ਸੌਗਾਤਾ ਰਾਏ ਨੇ ਕਿਹਾ ਕਿ ਸਰਕਾਰ ਦੀ ਭਾਰਤੀਆਂ ਦੀ ਰਾਖੀ ਵਿੱਚ ਕੋਈ ਦਿਲਚਸਪੀ ਨਹੀਂ ਜਾਪਦੀ।ਵਿਚਾਰ-ਵਟਾਂਦਰੇ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਇਨ੍ਹਾਂ ਘਟਨਾਵਾਂ ਨੂੰ ‘ਬਹੁਤ ਸੰਜੀਦਗੀ’ ਨਾਲ ਲੈਂਦੀ ਹੈ। ਅਕਾਲੀ ਦਲ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਿੱਖਾਂ ਨੂੰ ਵਿਦੇਸ਼ਾਂ ‘ਚ ਆਪਣੇ ਪਹਿਰਾਵੇ ਤੇ ਦਿੱਖ ਕਾਰਨ ਖ਼ਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨੇ ਵੀ ਕਿਹਾ ਕਿ ਸਰਕਾਰ ਇਸ ਮੁੱਦੇ ‘ਤੇ ਫ਼ਿਕਰਮੰਦ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …