Breaking News
Home / ਮੁੱਖ ਲੇਖ / ਸਿੱਖ ਕਤਲੇਆਮ ਦੇ 25ਵੇਂ ਸ਼ਹੀਦੀ ਦਿਨ ‘ਤੇ

ਸਿੱਖ ਕਤਲੇਆਮ ਦੇ 25ਵੇਂ ਸ਼ਹੀਦੀ ਦਿਨ ‘ਤੇ

ਕਸ਼ਮੀਰ ਹਿੰਸਾ ਦਾ ਸਿਆਸੀ ਆਧਾਰ : ਛੱਟੀਸਿੰਘਪੁਰਾ ਦਾ ਸੱਚ
ਡਾ. ਗੁਰਵਿੰਦਰ ਸਿੰਘ
ਕਸ਼ਮੀਰ ਘਾਟੀ ਦੇ ਜ਼ਿਲ੍ਹਾ ਪੁਲਵਾਮਾ ਦੀ ਤਹਿਸੀਲ ਤਰਾਲ ਵਿੱਚ, ਪਿੰਡ ‘ਛੱਟੀਸਿੰਘਪੁਰਾ’ ਪੈਂਦਾ ਹੈ। ਕਈ ਵਾਰ ਮੀਡੀਏ ਵਿੱਚ ਇਸ ਦਾ ਨਾਂ ਚਿੱਟੀਸਿੰਘਪੁਰਾ ਜਾਂ ਛੱਤੀ ਸਿੰਘਪੁਰਾ ਲਿਖਿਆ ਜਾਂਦਾ ਹੈ, ਪਰ ਸਹੀ ਨਾਂ ਛੱਟੀਸਿੰਘਪੁਰਾ ਹੈ। ਛੱਟੀਸਿੰਘਪੁਰਾ ਤੋਂ ਇਲਾਵਾ ਕਸ਼ਮੀਰ ਘਾਟੀ ਵਿੱਚ ਸਿੱਖ ਭਾਈਚਾਰੇ ਦੇ ਕਈ ਹੋਰ ਪਿੰਡ ਵੀ ਹਨ, ਜਿੱਥੇ ਲੰਮੇ ਸਮੇਂ ਤੋਂ ਕਸ਼ਮੀਰੀ ਸਿੱਖ ਰਹਿ ਰਹੇ ਹਨ। 25 ਸਾਲ ਪਹਿਲਾਂ ਹੋਲੀ ਨੂੰ 20 ਮਾਰਚ 2000 ਵਾਲੇ ਦਿਨ ਕਸ਼ਮੀਰ ਘਾਟੀ ਦੇ ਪਿੰਡ ਛੱਟੀਸਿੰਘਪੁਰਾ ‘ਚ 36 ਸਿੱਖਾਂ ਨੂੰ ਰਾਤ ਦੇ ਹਨੇਰੇ ਵਿੱਚ, ਫੌਜੀਆਂ ਦੀ ਵਰਦੀ ਪਾਈ ਕੁਝ ਵਿਅਕਤੀਆਂ ਨੇ ਘਰਾਂ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਿਜਾ ਕੇ ਕੰਧ ਨਾਲ ਖੜ੍ਹਿਆਂ ਕਰਕੇ, ਗੋਲੀਆਂ ਦਾ ਮੀਂਹ ਵਰ੍ਹਾ ਕੇ, ਸ਼ਹੀਦ ਕਰ ਦਿੱਤਾ ਗਿਆ ਸੀ।
ਇਸ ਕਤਲੇਆਮ ਦੌਰਾਨ ਸਖ਼ਤ ਜ਼ਖ਼ਮੀ ਹੋਏ ਇਕ ਗੁਰਸਿੱਖ ਭਾਈ ਨਾਨਕ ਸਿੰਘ ਨਾਲ ਮੈਂ ਸੰਨ 2000 ਵਿੱਚ ਰੇਡੀਓ ਪੰਜਾਬ ਦੇ ਮਾਧਿਅਮ ਰਾਹੀਂ ਗੱਲਬਾਤ ਕੀਤੀ ਸੀ। ਉਸ ਮੁਤਾਬਿਕ ਕਤਲੇਆਮ ਵਾਲੇ ਦਿਨ ਉਹ ਬਾਕੀ ਗੁਰਸਿੱਖਾਂ ਸਹਿਤ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ, ਘਰ ਪਹੁੰਚਿਆ ਹੀ ਸੀ ਕਿ ਫ਼ੌਜ ਦੀ ਵਰਦੀ ਵਿੱਚ ਕਮਾਂਡਿੰਗ ਅਫ਼ਸਰ ਦੀ ਅਗਵਾਈ ਹੇਠ ਹਥਿਆਰਬੰਦ ਕਾਤਲਾਂ ਨੇ ਸਾਰੇ ਗੁਰਸਿੱਖਾਂ ਨੂੰ ਸਨਾਖ਼ਤੀ ਪਰੇਡ ਦੇ ਬਹਾਨੇ, ਘਰਾਂ ਤੋਂ ਬਾਹਰ ਸਥਾਨਕ ਦੋ ਗੁਰਦੁਆਰਿਆਂ ਵਿਖੇ ਇੱਕਠੇ ਹੋਣ ਲਈ ਕਿਹਾ। ਮਗਰੋਂ ਪਿੰਡ ਦੇ ਗੁਰੂਘਰਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਕਰਕੇ ਸਨਾਖ਼ਤੀ ਕਾਰਡ ਦੇਖਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ‘ਕਮਾਂਡਿੰਗ ਅਫ਼ਸਰ’ ਦਿਖਣ ਵਾਲੇ ਨੇ ਹਵਾ ਵਿੱਚ ਫ਼ਾਇਰ ਕੀਤਾ। ਦੇਖਦੇ ਹੀ ਦੇਖਦੇ ਦੋਨੋਂ ਗੁਰਦੁਆਰਿਆਂ ਦੇ ਬਾਹਰ ਖੜ੍ਹੇ ਕੀਤੇ ਗਏ ਗੁਰਸਿੱਖਾਂ ਉਪਰ ਵਰਦੀਧਾਰੀ ਦੁਸ਼ਟਾਂ ਨੇ ਅੰਨੇਵਾਹ ਫਾਇਰਿੰਗ ਸ਼ੁਰੂ ਕਰਦਿਆਂ ”ਜੈ ਮਾਤਾ ਦੀ ਤੇ ਜੈ ਹਿੰਦ” ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਇਸ ਖੂਨੀ ਹਮਲੇ ਦੌਰਾਨ ਗੁਰਦੁਆਰਾ ਸਿੰਘ ਸਭਾ ਸਮੁੰਦਰੀ ਹਾਲ ਅਤੇ ਗੁਰਦਵਾਰਾ ਸਿੰਘ ਸਭਾ ਸ਼ਹੀਦ ਨਿਵਾਸ, ਸੌਕੀਨ ਮੁਹੱਲਾ ਦੇ ਬਾਹਰ 36 ਗੁਰਸਿੱਖ ਸ਼ਹੀਦ ਹੋ ਗਏ। ਵਰਦੀਧਾਰੀ ਕਾਤਲ ਇਹ ਕਤਲੇਆਮ ਕਰਕੇ ਪਿੰਡ ਤੋਂ ਤੁਰੰਤ ਵਾਪਿਸ ਚਲੇ ਗਏ, ਤਾਂ ਗੋਲੀਆਂ ਦੀ ਆਵਾਜ਼ ਸੁਣ ਕੇ ਬਾਕੀ ਘਰਾਂ ਤੋਂ ਸਿੱਖ ਗੁਰੂਦਵਾਰਾ ਸਾਹਿਬਨ ਵੱਲ ਨੂੰ ਭੱਜੇ, ਤਾਂ ਦੇਖਿਆ ਕਿ ਭਾਣਾ ਵਰਤ ਚੁੱਕਿਆ ਸੀ। ਚਾਰ ਸੌ ਸਿੱਖ ਘਰਾਂ ਦੀ ਆਬਾਦੀ ਵਾਲੇ ਪਿੰਡ ਵਿੱਚ ਕਿਸੇ ਘਰ ਕੋਈ ਫ਼ੋਨ ਨਹੀਂ ਸੀ, ਪਰ ਕੁਝ ਕਿਲੋਮੀਟਰ ਦੂਰ ‘ਹਰਮੇਲਪੁਰਾ’ ਵਿੱਖੇ ਨਿਵਾਸ ਕਰਦੇ ਇਕ ਗੁਰਸਿੱਖ ਐਡਵੋਕੇਟ ਸ. ਜਸਬੀਰ ਸਿੰਘ ਦੇ ਘਰ ਲੈਂਡ ਲਾਈਨ ਫ਼ੋਨ ਸੀ, ਜਿਸ ਕਰਕੇ ਕੁਝ ਗੁਰਸਿੱਖ ਉੱਥੇ ਗਏ। ਉਨ੍ਹਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਤਾਂ ਆਪ ਜੀ ਨੇ ਕੋਲ ਪੈਂਦੇ ‘ਮਟਨ’ ਥਾਣੇ ਫ਼ੋਨ ਕੀਤਾ, ਜਿੱਥੋਂ ਥਾਣੇਦਾਰ ਇਸ਼ਾਕ ਆਪਣੇ ਸਿਪਾਹੀਆਂ ਨਾਲ ਘਟਨਾ ਵਾਲੀ ਜਗ੍ਹਾ ਪਹੁੰਚ ਗਿਆ। ਉਸਨੇ ਜ਼ਖ਼ਮੀ ਸਿੱਖਾਂ ਨੂੰ ਹਸਪਤਾਲ ਇਲਾਜ ਲਈ ਪਹੁੰਚਾ ਦਿੱਤਾ ਤੇ ਬਾਕੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਪਹੁੰਚਾਈ।
ਕਸ਼ਮੀਰ ਘਾਟੀ ‘ਚ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਘਟਨਾ ਤੋਂ ਬਾਅਦ, ਕਸ਼ਮੀਰ ਸਹਿਤ ਸਾਰੇ ਸੰਸਾਰ ਅੰਦਰ ਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਵਿੱਚ ਭਾਰੀ ਸੋਗ ਦੀ ਲਹਿਰ ਦੌੜ ਗਈ। ਦੁਨੀਆ ਦੇ ਹੋਰਨਾਂ ਹਿੱਸਿਆਂ ਵਾਂਗ, ਵੈਨਕੂਵਰ ਵਿੱਚ ਵੀ ਭਾਰਤੀ ਕੌਂਸਲਖਾਨੇ ਬਾਹਰ ਬਹੁਤ ਵੱਡਾ ਮੁਜ਼ਾਹਰਾ ਹੋਇਆ, ਜਿਸ ਦੀ ਅਗਵਾਈ ਬ੍ਰਿਟਿਸ਼ ਕਲੰਬੀਆ ਸਿੱਖ ਕੌਂਸਲ ਨੇ ਕੀਤੀ। ਉਸ ਵੇਲੇ ਬੀਸੀ ਸਿੱਖ ਕੌਂਸਲ ਦਾ ਚੇਅਰਮੈਨ ਹੋਣ ਦੇ ਨਾਤੇ ਸਿੱਖਾਂ, ਮੁਸਲਮਾਨਾਂ ਸਮੇਤ ਬਾਕੀ ਘੱਟ ਗਿਣਤੀਆਂ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਾਮਿਲ ਹੁੰਦਿਆਂ ਦੇਖ ਕੇ, ਮੇਰੇ ਮਨ ਅੰਦਰ ਇਹ ਗੱਲ ਦਾ ਅਹਿਸਾਸ ਹੋਇਆ ਕਿ ਪੀੜਤ ਕੌਮਾਂ ਇਕੱਠੀਆਂ ਹੋ ਕੇ ਹੀ ਇਨਸਾਫ ਲਈ ਲੜ ਸਕਦੀਆਂ ਹਨ। ਕਸ਼ਮੀਰ ਵਿੱਚ ਸ਼ਹੀਦ ਹੋ ਚੁੱਕੇ ਸਾਰੇ ਗੁਰਸਿੱਖਾਂ ਦਾ ਅੰਤਿਮ ਸੰਸਕਾਰ ਗੁਰਦਵਾਰਾ ਸਿੰਘ ਸਭਾ ਸਮੁੰਦਰੀ ਹਾਲ ਦੀ ਹੱਦ ਅੰਦਰ ਇਕ ਵੱਡਾ ਥੜ੍ਹਾ ਬਣਾ ਕੇ ਕੀਤਾ ਗਿਆ। ਇਸ ਕਤਲੇਆਮ ਦੌਰਾਨ ਜਿੱਥੇ ਬਹੁਤ ਸਾਰੇ ਸਿੱਖਾਂ ਦੇ ਘਰਾਂ ਦੇ ਚਿਰਾਗ ਬੁੱਝ ਗਏ, ਉੱਥੇ ਬੀਬੀ ਨਰਿੰਦਰ ਕੌਰ ਜੀ ਦੇ ਪਰਿਵਾਰ ਨਾਲ ਸੰਬਧਿਤ ਗਿਆਰਾਂ ਜੀਅ ਕਤਲੇਆਮ ਦੌਰਾਨ ਸ਼ਹੀਦ ਹੋ ਗਏ।
ਸਿੱਖ ਕਤਲੇਆਮ ਤੋਂ ਬਾਅਦ ਜਦ ਦੇਸ਼-ਵਿਦੇਸ਼ ਅੰਦਰ ਰੋਸ ਮੁਜਾਹਰੇ ਸ਼ੁਰੂ ਹੋਏ, ਤਾਂ ਭਾਰਤੀ ਹਕੂਮਤ ਦੀ ਬਹੁਤ ਬਦਨਾਮੀ ਹੋਈ। ਜਿਸ ਕਾਰਨ ਇਸ ਘਟਨਾ ਤੋਂ ਪੰਜਵੇਂ ਦਿਨ ਪਥਰੀਵਾਲ ਪਿੰਡ ਦੇ ਪੰਜ ਮੁਸਲਿਮ ਨੌਜਵਾਨ ਗਰੀਬ ਆਜੜੀਆਂ ਨੂੰ ਭਾਰਤੀ ਫ਼ੌਜ ਨੇ ‘ਦਹਿਸ਼ਤਗਰਦ’ ਕਹਿ ਕੇ ਝੂਠੇ ਮੁਕਾਬਲੇ ਵਿਚ ਮਾਰ ਮੁਕਾਇਆ। ਇਸ ਘਟਨਾ ਦੇ ਵਿਰੋਧ ਵਿਚ ਕਸ਼ਮੀਰੀ ਅਵਾਮ ਸੜਕਾਂ ਤੇ ਉਤਰ ਆਇਆ, ਜਿਸ ਉਪਰ ਫ਼ੌਜ ਨੇ ਗੋਲੀ ਚਲਾ ਦਿੱਤੀ, ਇਸ ਦੌਰਾਨ ਨੌਂ ਹੋਰ ਨੌਜਵਾਨ ਵੀ ਮਾਰੇ ਗਏ। ਇੰਡੀਅਨ ਸਟੇਟ ਦੀ ਸੋੜੀ ਸਿਆਸਤ ਕਾਰਨ ਪਹਿਲਾਂ 36 ਗੁਰਸਿੱਖ ਤੇ ਫ਼ੇਰ 14 ਮੁਸਲਮਾਨ ਇਸ ਦੌਰਾਨ ਸਦਾ ਦੀ ਨੀਂਦ ਸਵਾ ਦਿੱਤੇ ਗਏ, ਜੋ ਕਿ ਸਾਰੇ ਹੀ ਬੇਕਸੂਰ ਸਨ। 25 ਵਰ੍ਹੇ ਗੁਜ਼ਰਨ ਦੇ ਬਾਅਦ ਵੀ ਛੱਟੀਸਿੰਘਪੁਰੇ ਦੇ ਕਤਲੇਆਮ ਦੀ ਕੋਈ ਜਾਂਚ ਨਹੀਂ ਹੋਈ।
ਜੰਮੂ ਕਸ਼ਮੀਰ ਦੇ ਵਸਨੀਕ ਅਤੇ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਕਹਾਣੀਕਾਰ ਖ਼ਾਲਿਦ ਹੁਸੈਨ ਨੇ ‘ਹੁਣ’ ਮੈਗਜ਼ੀਨ ਲਈ ਅਕਤੂਬਰ ਨਵੰਬਰ 2013 ਦੇ ਅੰਕ ਵਾਸਤੇ ਗੱਲਬਾਤ ਕਰਦੇ ਹੋਏ ਕਸ਼ਮੀਰ ਦੇ ਸਿੱਖ ਕਤਲੇਆਮ ਬਾਰੇ ਕੁਝ ਅਹਿਮ ਜਵਾਬ ਦਿੱਤੇ ਸਨ ;
‘ਕਸ਼ਮੀਰ ਹਿੰਸਾ ਦਾ ਸਿਆਸੀ ਆਧਾਰ : ਛੱਟੀਸਿੰਘਪੁਰਾ ਦਾ ਸੱਚ’
ਹੁਣ : ”ਉਨ੍ਹੀਂ ਦਿਨੀਂ ਹੀ ਪੁਲਵਾਮਾ ਜ਼ਿਲ੍ਹੇ ਦੀ ਤਹਿਸੀਲ ਤਰਾਲ ਦੇ ਪਿੰਡ ਛੱਟੀਸਿੰਘਪੁਰਾ ਪਿੰਡ ਵਿਚ 36 ਸਿੱਖਾਂ ਦਾ ਕਤਲੇਆਮ ਹੋਇਆ ਸੀ। ਤੁਹਾਡੇ ਮੁਤਾਬਕ ਇਸ ਦਰਦਨਾਕ ਕਤਲਕਾਂਡ ਦਾ ਸੱਚ ਕੀ ਹੈ?”
ਖ਼ਾਲਿਦ : ”ਹਾਂ, ਇਹ ਸ਼ਹੀਦੀ ਕਾਂਡ ਕਸ਼ਮੀਰ ਘਾਟੀ ਦੇ ਜ਼ਿਲ੍ਹਾ ਪੁਲਵਾਮਾ ਦੀ ਤਹਿਸੀਲ ਤਰਾਲ ਵਿਚ ਹੋਇਆ ਸੀ। ਜਿਥੇ ਸਿੱਖਾਂ ਦੇ ਕਈ ਪਿੰਡ ਨੇ ਜਿਨ੍ਹਾਂ ਵਿਚ ਇਕ ਪਿੰਡ ਦਾ ਨਾਂ ਐ ਛੱਟੀਸਿੰਘਪੁਰਾ। ਕਸ਼ਮੀਰ ਦੀ ਸਿੱਖ ਸੰਗਤ ਅਤੇ ਕਸ਼ਮੀਰ ਦੇ ਮੁਸਲਮਾਨਾਂ ਦਾ ਇਹ ਇਲਜ਼ਾਮ ਐ ਕਿ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਭਾਰਤੀ ਫ਼ੌਜੀ ਸਨ ਜਾਂ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਮੁਖ਼ਬਰ ਤੇ ਸਰਕਾਰੀ ਖਾੜਕੂ (ਇਖ਼ਵਾਨੀ)। ਕਸ਼ਮੀਰੀ ਜਨਤਾ ਅਤੇ ਪੂਰੇ ਭਾਰਤ ਦੇ ਸਿੱਖਾਂ ਦੀ ਪੁਰਜ਼ੋਰ ਮੰਗ ਦੇ ਬਾਵਜੂਦ ਭਾਰਤ ਸਰਕਾਰ ਜਾਂ ਰਿਆਸਤੀ ਸਰਕਾਰ ਨੇ ਇਸ ਕਾਂਡ ਦੀ ਅਦਾਲਤੀ ਜਾਂਚ ਨਹੀਂ ਕਰਵਾਈ ਅਤੇ ਜਦੋਂ ਅਮਰੀਕਾ ਦਾ ਪ੍ਰਧਾਨ ਭਾਰਤ ਆਇਆ ਸੀ ਤਾਂ ਉਸ ਨੇ ਇਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਇਹ ਕਿਹਾ ਸੀ ਕਿ ”ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਛੱਟੀਸਿੰਘਪੁਰਾ ਦੇ ਸਿੱਖਾਂ ਨੂੰ ਕਿਸ ਨੇ ਮਾਰਿਐ ਪਰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾਂ ਕਿ ਉਹ ਬੇਗੁਨਾਹ ਮੇਰੇ ਕਾਰਨ ਮਰੇ ਨੇ।” ਇਹ ਗੱਲ ਕਹਿ ਕੇ ਅਮਰੀਕੀ ਪ੍ਰਧਾਨ ਨੇ ਬਹੁਤ ਕੁਝ ਕਹਿ ਦਿੱਤਾ ਸੀ।
ਇਹ ਸੱਚ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਮਿਥ ਕੇ ਕੀਤੇ ਸਿੱਖ ਕਤਲੇਆਮ ਦਾ ਦੋਸ਼ ਲਗਾਤਾਰ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਮੱਥੇ ‘ਤੇ ਲੱਗਦਾ ਆ ਰਿਹਾ ਹੈ। ਅਮਰੀਕਾ ਦੀ ਸਾਬਕਾ ਸੈਕਟਰੀ ਆਫ ਸਟੇਟ ਮੈਡਲੀਨ ਅਲਬ੍ਰਾਈਟ ਨੇ ਆਪਣੀ ਕਿਤਾਬ THE MIGHTY AND THE ALMIGHTY ਵਿੱਚ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਸਿੱਖਾਂ ਦੇ ਕਤਲੇਆਮ ਬਾਰੇ, ਰਾਸ਼ਟਰਪਤੀ ਦੇ ਨਜ਼ਰੀਏ ਤੋਂ ਕੁਝ ਸ਼ਬਦ ਅੰਕਿਤ ਕੀਤੇ ਸਨ:
During my visit to India in 2000, some Hindu militants decided to vent their outrage by murdering thirty-eight Sikhs in cold blood. If I hadn’t made the trip, the victims would probably still be alive. If I hadn’t made the trip because I feared what religious extremists might do, I couldn’t have done my job as president of the United States. The nature of America is such that many people define themselves—or a part of themselves—in relation to it, for or against. This is part of the reality in which our leaders must operate.
ਭਾਵ ”ਮੇਰੀ ਭਾਰਤ ਫੇਰੀ ਦੌਰਾਨ ਕੁੱਝ ਹਿੰਦੂ ਦਹਿਸ਼ਤਗਰਦਾਂ ਨੇ ਅੱਠਤੀ ਸਿੱਖਾਂ ਦਾ ਕਤਲੇਆਮ ਕਰਕੇ ਆਪਣਾ ਗੁੱਸਾ ਕੱਢਣ ਦਾ ਫ਼ੈਸਲਾ ਕੀਤਾ। ਜੇ ਮੈਂ ਯਾਤਰਾ ਨਾ ਕੀਤੀ ਹੁੰਦੀ ਤਾਂ ਉਹ ਪੀੜਤ ਸ਼ਾਇਦ ਅੱਜ ਜਿਉਂਦੇ ਹੁੰਦੇ।” ਅਮਰੀਕਾ ਦੀ ਸੈਕਟਰੀ ਆਫ ਸਟੇਟ ਦੀ ਇਸ ਕਿਤਾਬ ਦੀ ਚਰਚਾ ਤੋਂ ਮਗਰੋਂ ਇੰਡੀਅਨ ਏਜੰਸੀਆਂ ਨੂੰ ਨਾਮੋਸ਼ੀ ਸਹਿਣੀ ਪਈ ਸੀ। ਬਅਦ ਵਿੱਚ ਇੰਡੀਆ ਦੇ ਤਿੱਖੇ ਪ੍ਰਤੀਕਰਮ ਕਾਰਨ ਪਬਲਿਸ਼ਰ ਹਾਰਪਰ ਕੋਲਿਨਸ ਨੇ ਇਨ੍ਹਾਂ ਟਿੱਪਣੀਆਂ ਵਾਲੇ ਕਿਤਾਬ ਦੇ ਅੰਤਰਰਾਸ਼ਟਰੀ ਸੰਸਕਰਨਾਂ ਵਿੱਚੋਂ HINDU MILITANTS ਹਿੰਦੂ ਅੱਤਵਾਦੀ ਹਟਾ ਕੇ ANGRY RADICALS ਭਾਵ ‘ਕਰੋਧੀ ਕੱਟੜਪੰਥੀ’ ਦੇ ਸ਼ਬਦ ਵਿੱਚ ਬਦਲ ਦਿੱਤਾ ਸੀ, ਪਰ ਇਸ ਨਾਲ ਸਿੱਖਾਂ ਦੇ ਕਤਲੇਆਮ ਦੇ ਦੋਸ਼ ਨਹੀਂ ਮਿਟੇ।
ਭਾਰਤੀ ਅਧਿਕਾਰੀਆਂ ਨੇ ਕਸ਼ਮੀਰ ਦੇ 5 ਕਥਿਤ ਸ਼ੱਕੀ ਮੁਸਲਿਮ ਨੌਜਵਾਨਾਂ ਦਾ ‘ਪਥਰੀਬਲ’ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ, ਛੱਟੀਸਿੰਘਪੁਰਾ ਦੇ ਕਤਲੇਆਮ ਲਈ ਜ਼ਿੰਮੇਵਾਰ ਠਹਿਰਾਉਂਦਿਆਂ, ਉਨ੍ਹਾਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਸਨ। ਇਸ ਦੇ ਖਿਲਾਫ ਕਸ਼ਮੀਰ ਦੇ ਮੁਸਲਿਮ ਭਾਈਚਾਰੇ ਵੱਲੋਂ ਜ਼ਬਰਦਸਤ ਮੁਜ਼ਾਹਰੇ ਹੋਏ, ਜਿਨ੍ਹਾਂ ‘ਤੇ ਗੋਲੀ ਵਰ੍ਹਾਉਂਦਿਆਂ ਪੁਲਿਸ ਨੇ 9 ਹੋਰ ਬੇਗੁਨਾਹਾਂ ਦੀਆਂ ਜਾਨਾਂ ਲਈਆਂ। ਇਸ ਤਰ੍ਹਾਂ ਇਸ ਕਤਲੇਆਮ ਦੇ ਘਟਨਾਕ੍ਰਮ ਵਿੱਚ 50 ਵਿਅਕਤੀਆਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ, ਜੋ ਕਿ ਬਿਲਕੁਲ ਬੇਕਸੂਰ ਸਨ।
ਭਾਰਤ ਦੇ ਸਾਬਕਾ ਮੰਤਰੀ ਅਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ ਮਨੋਹਰ ਸਿੰਘ ਗਿੱਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਇਹ ਸੱਚਾਈ ਸਾਹਮਣੇ ਆਈ ਕਿ ਮਾਰੇ ਗਏ 5 ਮੁਸਲਮਾਨ ਨੌਜਵਾਨ ਨਿਰਦੋਸ਼ ਸਨ। ਇਸ ਘਟਨਾਕ੍ਰਮ ਮਗਰੋਂ ਝੂਠਾ ਮੁਕਾਬਲਾ ਬਣਾਉਣ ਵਾਲੇ ਸੁਰੱਖਿਆ ਬਲਾਂ ਖਿਲਾਫ ਸੱਚ ਸਾਹਮਣੇ ਆਇਆ ਅਤੇ ਦੋਸ਼ੀ ਸਾਬਤ ਹੋਏ, ਪਰ ਇਸ ਦੇ ਨਾਲ ਮਾਰੇ ਗਏ ਬੇਕਸੂਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਗੰਭੀਰ ਸਵਾਲ ਅਜੇ ਵੀ ਹਵਾ ਵਿੱਚ ਲਟਕਦੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਫੇਰੀ ਦੌਰਾਨ ਜਿਹੜਾ ਅਕਸ ਪੇਸ਼ ਕੀਤਾ ਗਿਆ, ਉਸ ਰਾਹੀਂ ਇੱਕ ਘੱਟ ਗਿਣਤੀ (ਸਿੱਖਾਂ) ਦੇ ਲੋਕਾਂ ਦਾ ਕਤਲੇਆਮ ਕਰਕੇ ਅਤੇ ਦੂਜੀ ਘੱਟ ਗਿਣਤੀ (ਮੁਸਲਮਾਨਾਂ) ਦੇ ਲੋਕਾਂ ਨੂੰ ਦੋਸ਼ੀ ਠਹਿਰਾ ਕੇ, ਕੌਮਾਂਤਰੀ ਪੱਧਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸ਼ਰਮਨਾਕ ਵਰਤਾਰਾ ਏਜੰਸੀਆਂ ਦੀ ਗਹਿਰੀ ਚਾਲ ਸੀ।
ਛੱਟੀਸਿੰਘਪੁਰਾ ਦੇ ਕਤਲੇਆਮ ਤੋਂ 20 ਸਾਲ ਮਗਰੋਂ ਸੰਨ 2020 ਵਿੱਚ, ਅਮਰੀਕਨ ਰਾਸ਼ਟਰਪਤੀ ਟਰੰਪ ਭਾਰਤ ਦੀ ਫੇਰੀ ‘ਤੇ ਗਿਆ। ਘੱਟ ਗਿਣਤੀਆਂ ਅੰਦਰ ਡਰ ਹੁਣ ਵੀ ਬਰਕਰਾਰ ਸੀ ਕਿ ਅਜਿਹੀਆਂ ਹੱਤਿਆਵਾਂ ਰਾਜਨੀਤਕ ਲੋਕਾਂ ਲਈ ਕੋਈ ਨਵੀਂ ਚੀਜ਼ ਨਹੀਂ ਅਤੇ ਫਾਸ਼ੀਵਾਦੀ ਤਾਕਤਾਂ, ਏਜੰਸੀਆਂ ਅਤੇ ਸਰਕਾਰਾਂ ਕੁਝ ਵੀ ਕਰਵਾ ਸਕਦੀਆਂ ਹਨ। ਟਰੰਪ ਦੇ ਭਾਰਤ ਜਾਣ ‘ਤੇ ਵੀ ਉਹੀ ਕੁਝ ਹੋਇਆ, ਜਿਸ ਦਾ ਡਰ ਸੀ। ਸ਼ਾਹੀਨ ਬਾਗ ਦਿੱਲੀ ਵਿੱਚ ਸ਼ਾਂਤਮਈ ਰੋਸ ਪ੍ਰਗਟਾ ਰਹੇ ਮੁਸਲਮਾਨਾਂ ਖਿਲਾਫ ਹਿੰਸਾ ਅਤੇ ਫੇਰ ਘੱਟ -ਗਿਣਤੀ ਨੂੰ ਹੀ ਦੋਸ਼ੀ ਠਹਿਰਾਉਣਾ। ਦੋਵੇਂ ਵਾਰ ਅਮਰੀਕਾ ਦੇ ਰਾਸ਼ਟਰਪਤੀ ਫੇਰੀ ‘ਤੇ ਅਤੇ ਦੋਵੇਂ ਵਾਰ ਬੀਜੇਪੀ ਸਰਕਾਰ। ਦਿੱਲੀ ਫੇਰ ਜਲ ਰਹੀ ਸੀ, ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਸਨ। ਇਸ ਵਾਰ ਨਸਲੀ ਹਮਲਿਆਂ ਦਾ ਸ਼ਿਕਾਰ ਘੱਟ-ਗਿਣਤੀ ਮੁਸਲਮਾਨ ਹੋ ਰਹੇ ਸਨ। ‘ਛੱਟੀਸਿੰਘਪੁਰਾ ਦਾ ਕਤਲੇਆਮ’ ਇਨਸਾਫ਼ -ਪਸੰਦ ਜਥੇਬੰਦੀਆਂ ਨੂੰ ਅੱਗੇ ਆ ਕੇ, ਬੇਕਸੂਰਾਂ ਦੇ ਕਤਲੇਆਮ ਖਿਲਾਫ ਆਵਾਜ਼ ਉਠਾਉਣ ਲਈ ਸੱਦਾ ਦਿੰਦਾ ਹੈ। ਜੇ ਅਜਿਹੀਆਂ ਜ਼ਾਲਮਾਨਾ ਤਾਕਤਾਂ ਖ਼ਿਲਾਫ਼ ਲੋਕ ਇਕੱਠੇ ਨਾ ਹੋਏ, ਤਾਂ ਅਜਿਹੇ ਖੂਨੀ ਸਾਕੇ ਸਦਾ ਹੀ ਦੁਹਰਾਏ ਜਾਂਦੇ ਰਹਿਣਗੇ।
ਜੇਕਰ 1984 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੀ ਅਗਵਾਈ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹੁੰਦੀਆਂ, ਤਾਂ ਗੁਜਰਾਤ ਵਿੱਚ 2002 ਵਿੱਚ ਭਾਜਪਾ ਸਰਕਾਰ ਮੌਕੇ ਮੁਸਲਿਮ ਕਤਲੇਆਮ ਨਾ ਹੁੰਦਾ ਅਤੇ ਜੇ ਗੁਜਰਾਤ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ, ਤਾਂ ਇਹ ਮਾਡਲ ਅੱਜ ਭਾਰਤ ਦੇ ਕੋਨੇ-ਕੋਨੇ ਵਿੱਚ ਨਾ ਦੁਹਰਾਇਆ ਜਾਂਦਾ। ਛੱਟੀਸਿੰਘਪੁਰਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਵੀ ਇਸੇ ਕੌੜੀ ਹਕੀਕਤ ਨੂੰ ਬਿਆਨ ਕਰਦਾ ਹੈ। ਜਦੋਂ ਤੱਕ ਲੋਕ ਚੁੱਪ ਰਹਿਣਗੇ, ਉਦੋਂ ਤੱਕ ਫਾਸ਼ੀਵਾਦੀ ਤਾਕਤਾਂ ਜ਼ੁਲਮ ਕਰਦੀਆਂ ਰਹਿਣਗੀਆਂ। ਕਸ਼ਮੀਰ ਘਾਟੀ ਦੇ ਸਿੱਖਾਂ ਵੱਲੋਂ ਲਗਾਤਾਰ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਛੱਟੀਸਿੰਘਪੁਰਾ ਦਾ ਕਤਲੇਆਮ ਭਾਰਤੀ ਫ਼ੌਜੀਆਂ ਜਾਂ ਉਨ੍ਹਾਂ ਅਧੀਨ ਕੰਮ ਕਰਨ ਵਾਲੇ ਮੁਖ਼ਬਰਾਂ ਤੇ ਸਰਕਾਰੀ ਦਹਿਸ਼ਤਗਰਦਾਂ ਵੱਲੋਂ ਸਿੱਖਾਂ ਨੂੰ ਡਰਾਉਣ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਰਵਾਇਆ ਗਿਆ, ਜਿਸ ਦੀ ਕਦੇ ਵੀ ਭਾਰਤ ਸਰਕਾਰ ਜਾਂ ਸੂਬਾਈ ਸਰਕਾਰ ਵੱਲੋਂ, ਜਾਣ ਬੁੱਝ ਕੇ ਜਾਂਚ ਨਹੀਂ ਕਰਵਾਈ ਗਈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕਦੇ ਸਿੱਖ ਰਾਜ ਦਾ ਹਿੱਸਾ ਰਹੀ ਭਾਰਤ ਦਾ ਸਵਰਗ ਕਹੀ ਜਾਣ ਵਾਲੀ ਕਸ਼ਮੀਰ ਘਾਟੀ ਭਿਆਨਕ ਹਿੰਸਾ ਦੀ ਲਪੇਟ ਵਿੱਚ ਹੈ। ਕਸ਼ਮੀਰ ਦੀ ਧਰਤੀ ‘ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਅਗਵਾਈ ਵਿੱਚ ਕਸ਼ਮੀਰੀ ਅਵਾਮ ਸ਼ਾਂਤਮਈ ਸੁਖੀ ਜੀਵਨ ਬਸਰ ਕਰ ਰਿਹਾ ਸੀ। ਜਦੋਂ ਡੋਗਰੇ ਭਰਾਵਾਂ ਦੀ ਗੱਦਾਰੀ ਤੇ ਸਾਜਿਸ਼ਾਂ ਕਾਰਣ ਸਿੱਖ ਰਾਜ ਅੰਗਰੇਜ਼ਾਂ ਵੱਲੋਂ ਧੋਖੇ ਨਾਲ ਖੋਹ ਲਿਆ ਗਿਆ ਤਾਂ 16 ਮਾਰਚ 1846 ਨੂੰ ਅੰਗਰੇਜ ਹਕੂਮਤ ਨੇ ਗ਼ੁਲਾਬ ਸਿੰਹੁ ਡੋਗਰੇ ਨੂੰ ਕਸ਼ਮੀਰ 68 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ, ਜਿਸ ਉਪਰੰਤ ਉੱਥੇ ਵੱਸਦੇ ਸਿੱਖਾਂ ਦੀਆਂ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਗਿਆ।
ਸੱਚ ਤਾਂ ਇਹ ਹੈ ਕਿ ਕਸ਼ਮੀਰ ਘਾਟੀ ਵਿੱਚ ਹੋਏ ਛੱਟੀਸਿੰਘਪੁਰਾ ਦੇ ਸਿੱਖ ਕਤਲੇਆਮ ਲਈ ਤਤਕਾਲੀ ਭਾਰਤ ਸਰਕਾਰ ਤਾਂ ਦੋਸ਼ੀ ਹੈ ਹੀ, ਪਰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਵੀ ਦੋਸ਼-ਮੁਕਤ ਨਹੀਂ ਹੋ ਸਕਦੇ, ਜਿਨ੍ਹਾ ਜੇ ਇਹ ਮੰਨ ਲਿਆ ਸੀ ਕਿ ਉਨ੍ਹਾਂ ਦੇ ਭਾਰਤ ਜਾਣ ਕਾਰਨ ਬੇਗੁਨਾਹ ਸਿੱਖ ਮਾਰੇ ਗਏ ਸਨ, ਤਾਂ ਫਿਰ ਅਜਿਹੇ ਕਤਲੇਆਮ ਦੀ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ? ਛੱਟੀਸਿੰਘਪੁਰਾ ਦੇ ਸਿੱਖ ਕਤਲੇਆਮ ਦਾ ਕਲੰਕ ਭਾਰਤ ਦੀ ਵਾਜਪਾਈ ਸਰਕਾਰ ਅਤੇ ਅਮਰੀਕਾ ਦੀ ਕਲਿੰਟਨ ਸਰਕਾਰ ਦੇ ਮੱਥੇ ਤੋਂ ਕਦੇ ਨਹੀਂ ਮਿਟੇਗਾ।
ਛੱਟੀਸਿੰਘਪੁਰਾ ਸਿੱਖ ਕਤਲੇਆਮ ਦੇ 25ਵੇਂ ਵਰ੍ਹੇ ਤੇ ਸਿੱਖਸ ਫਾਰ ਜਸਟਿਸ ਦੇ ਜਰਨਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਇੱਕ ਭਾਰਤੀ ਫ਼ੌਜੀ ਅਧਿਕਾਰੀ ਦੀ ਗਵਾਹੀ ਪੇਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਸਿੱਖ ਕਤਲੇਆਮ ਪਿੱਛੇ ਅਜੀਤ ਡੋਵਾਲ ਸੀ। ਮੀਡੀਆ ਰਿਲੀਜ਼ ਰਾਹੀਂ ਵਕੀਲ ਪੰਨੂੰ ਨੇ ਦਾਅਵਾ ਕੀਤਾ ਹੈ ਕਿ ਛੱਟੀਸਿੰਘਪੁਰਾ ਸਿੱਖ ਕਤਲੇਆਮ ਨੂੰ ਅੰਜਾਮ ਦੇਣ ਵਾਲਾ ‘ਕੈਪਟਨ ਰਾਠੌਰ’ ਭਗੌੜਾ ਹੋ ਗਿਆ, ਕਿਉਂਕਿ ਉਸਦੇ ਸਾਰੇ ਨਾਲ ਦੇ ਸਾਥੀ ਇੱਕ-ਇੱਕ ਕਰ ਕਰਕੇ ਮਾਰ ਦਿੱਤੇ ਗਏ। ‘ਕੈਪਟਨ ਰਾਠੌਰ’ ਖੁਦ ਇਸ ਵੀਡੀਓ ਵਿੱਚ ਦੱਸਦਾ ਹੈ ਕਿ ਕਿਵੇਂ ਉਹ ਯੂਰਪ ਹੁੰਦਾ ਹੋਇਆ ਅਮਰੀਕਾ ਪੁੱਜਾ। ”ਗਵਾਹਾਂ ਦੀ ਕਤਲੋਗਾਰਤ ਤਹਿਤ, ਮੇਰੀ ਫੌਜੀ ਟੁਕੜੀ ਦੇ ਹਰ ਫ਼ੌਜੀ ਨੂੰ ਯੋਜਨਾਬੱਧ ਤਰੀਕੇ ਨਾਲ ਕਤਲ ਕਰ ਦਿੱਤਾ ਸੀ, ਸਿਰਫ ਮੈਂ ਹੀ ਬਚਿਆ ਹਾਂ” ਭਾਰਤੀ ‘ਕੈਪਟਨ ਰਾਠੌਰ’ ਵੀਡੀਓ ਵਿੱਚ ਕਬੂਲ ਕਰਦਾ ਹੈ ਕਿ ਉਹ ਉਸ ਟੁਕੜੀ ਨੂੰ ਲੀਡ ਕਰ ਰਿਹਾ ਸੀ, ਜਿਸਨੇ ਬੇਰਹਮੀ ਨਾਲ ਛੱਟੀਸਿੰਘਪੁਰਾ ਵਿੱਚ ਸਿੱਖਾਂ ਨੂੰ ਕਤਲ ਕੀਤਾ ਸੀ।
ਭਾਰਤੀ ਫ਼ੌਜੀ ਅਧਿਕਾਰੀ ਇਸ ਵੀਡੀਓ ਵਿੱਚ ਦੱਸਦਾ ਹੈ ਕਿ ਸਿੱਖ ਕਤਲੇਆਮ ਦੀ ਵਿਉਂਤਬੰਦੀ ਰਾਸ਼ਟਰੀ ਰਾਇਫਲ ਹੈੱਡਕੁਆਟਰ ਵਿਚ ਕੀਤੀ ਗਈ ਸੀ। ਸਿੱਖ ਕਤਲੇਆਮ ਦਾ ਹੁਕਮ ਬ੍ਰਿਗੇਡੀਅਰ ਜੈ.ਐੱਸ ਵੱਲੋਂ ਦਿੱਤਾ ਗਿਆ ਸੀ। ਇਸ ਹਮਲੇ ਪਿੱਛੇ ਭਾਰਤ ਦਾ ਹੱਥ ਲੁਕਾਉਣ ਲਈ ਫ਼ੌਜ ਵੱਲੋਂ 5 ਬੇਕਸੂਰ ਕਸ਼ਮੀਰੀਆਂ ਨੂੰ ‘ਪਾਕਿਸਤਾਨੀ ਅਤਿਵਾਦੀ’ ਦੱਸ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸਨੂੰ 2006 ਵਿੱਚ ਸੀ.ਬੀ.ਆਈ ਨੂੰ ਝੂਠਾ ਮੁਕਾਬਲਾ ਐਲਾਨ ਦਿੱਤਾ ਸੀ। ਵਕੀਲ ਪੰਨੂੰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਇਹ ਹਮਲਾ ਕਰਕੇ ਅਤੇ ਪਾਕਿਸਤਾਨ ਨੂੰ ਅਤਿਵਾਦੀ ਦੇਸ਼ ਐਲਾਨ ਕੇ, ਅਮਰੀਕਾ ਦੀ ਕਸ਼ਮੀਰ ਦੇ ਮਸਲੇ ‘ਤੇ ਭਾਰਤ ਦੇ ਪੱਖ ਵਿੱਚ, ਸਹਿਮਤੀ ਲੈਣ ਦੀ ਸਾਜਿਸ਼ ਸੀ। ਉਹਨਾਂ ਦੀ ਮੰਗ ਹੈ ਕਿ ਸਰਕਾਰੀ ਅਤਿਵਾਦ ਫੈਲਾਉਣ ਲਈ ਹੁਣ ਗਲੋਬਲ ਇੰਟੈਲੀਜੈਂਸ ਕਮਿਉਨਟੀ ਡੋਬਾਲ ਅਤੇ ਭਾਰਤ ਨੂੰ ਜਵਾਬਦੇਹ ਕਰੇ।
ਦਿਲਚਸਪ ਗੱਲ ਹੈ ਕਿ ਜਦੋਂ ਸਿਖਸ ਫਾਰ ਜਸਟਿਸ ਵੱਲੋਂ ਸਿੱਖ ਕਤਲੇਆਮ ਇਨਸਾਫ ਦੀ ਮੰਗ ਕੀਤੀ ਗਈ ਹੈ, ਉਸੇ ਹੀ ਮੌਕੇ ਦਿੱਲੀ ਵਿੱਚ ਭਾਰਤ ਸਰਕਾਰ ਨੇ ਅਮਰੀਕਾ ਦੀ ਇੰਟੈਲੀਜਂਸ ਡਾਇਰੈਕਟਰ ਤੁਲਸੀ ਗਵਾਰਡ ਨੂੰ ਸਿਖਸ ਫਾਰ ਜਸਟਿਸ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਹੈ। ਇਸ ਮੌਕੇ ‘ਤੇ ਚਾਹੀਦਾ ਸੀ ਕਿ ਇੰਟੈਲੀਜੈਂਸ ਮੁਖੀ ਤੁਲਸੀ ਗਵਾਰਡ ਛੱਟੀਸਿੰਘਪੁਰਾ ਦੇ ਕਤਲੇਆਮ ਦੇ ਲਈ ਭਾਰਤ ਸਰਕਾਰ ਨੂੰ ਸਵਾਲ ਕਰਦੀ, ਪਰ ਦੁਖਦਾਈ ਗੱਲ ਇਹ ਹੈ ਤੁਲਸੀ ਗਵਾਰਡ ਨੇ ਅਜਿਹਾ ਨਹੀਂ ਕੀਤਾ। ਅੱਜ ਲੋੜ ਹੈ ਕਿ ਅਮਰੀਕਨ ਰਾਸ਼ਟਰਪਤੀ ਟਰੰਪ ਇਸ ਮਾਮਲੇ ‘ਚ ਚੁੱਪ ਤੋੜਨ ਅਤੇ ਸਿੱਖ ਕਤਲੇਆਮ ਦੇ ਮੁੱਦੇ ਤੇ ਅਮਰੀਕਾ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਭਾਰਤ ਨੂੰ ਜਵਾਬਦੇਹ ਕਰਨ। ਅਮਰੀਕਾ ਵਿੱਚ ਸਿੱਖ ਜਥੇਬੰਦੀਆਂ ਨੂੰ ਵੀ, ਇਸ ਮਸਲੇ ‘ਤੇ ਇੱਕ-ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਯੂਕਰੇਨ ਜੰਗ ਪ੍ਰਤੀ ਅਮਰੀਕੀ ਨੀਤੀ ‘ਚ ਬਦਲਾਅ
ਮਨਦੀਪ

ਕੁੱਲ ਸੰਸਾਰ ਨੂੰ ਬੀਤੇ ਕੁਝ ਸਾਲਾਂ ‘ਚ ਕਰੋਨਾ ਮਹਾਮਾਰੀ, ਰੂਸ-ਯੂਕਰੇਨ ਤੇ ਇਜ਼ਰਾਈਲ-ਫਲਸਤੀਨ ਜੰਗ ਅਤੇ ਅਮਰੀਕਾ-ਚੀਨ ਵਪਾਰਕ ਜੰਗ ਨੇ ਆਰਥਿਕ-ਸਮਾਜਿਕ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਿਸ਼ਵਵਿਆਪੀ ਪੱਧਰ ‘ਤੇ ਵਧਦੀ ਮਹਿੰਗਾਈ, ਰਾਜਨੀਤਕ ਅਸਥਿਰਤਾ, ਜੰਗੀ ਤਣਾਅ, ਪਰਵਾਸ ਸੰਕਟ, ਲਗਾਤਾਰ ਨਿਘਾਰ ਵੱਲ ਜਾ ਰਿਹਾ ਗਲੋਬਲ ਅਰਥਚਾਰਾ ਆਦਿ ਅਲਾਮਤਾਂ ਨੇ ਕੁੱਲ ਆਲਮ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਸੰਸਾਰ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਵਰਤਮਾਨ ਦੋ ਜੰਗਾਂ (ਯੂਕਰੇਨ, ਇਜ਼ਰਾਈਲ) ਤੇ ਵਪਾਰਕ ਜੰਗ ਦੁਆਲੇ ਹੋ ਰਹੀ ਕਤਾਰਬੰਦੀ ਨਵੀਂ ਵਿਸ਼ਵ ਵਿਵਸਥਾ ‘ਚ ਹਲਚਲ ਵਧਾ ਰਹੀ ਹੈ। ਅਮਰੀਕੀ ਸਾਮਰਾਜ ਵੱਲੋਂ ਟਰੰਪ ਪ੍ਰਸ਼ਾਸ਼ਨ ਹੇਠ ਅਪਣਾਈਆਂ ਜਾ ਰਹੀਆਂ ਨਵੀਆਂ ਪੈਂਤੜੇਬਾਜ਼ੀਆਂ ਸੰਸਾਰ ਭਰ ਦੇ ਆਰਥਿਕ-ਸਿਆਸੀ ਮਾਹਿਰਾਂ-ਵਿਸ਼ਲੇਸ਼ਕਾਂ ਨੂੰ ਅਚੰਭੇ ਵਿੱਚ ਪਾ ਰਹੀਆਂ ਹਨ। ਅਮਰੀਕਾ ਅੰਦਰ ਟਰੰਪ-ਜ਼ੇਲੈਂਸਕੀ ਮਿਲਣੀ ਦੀ ਅਸਫਲਤਾ ਤੋਂ ਬਾਅਦ ਵਿਸ਼ਵ ਭੂ-ਰਾਜਨੀਤੀ ‘ਚ ਆਏ ਭੂਚਾਲ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਕਿਆਸਅਰਾਈਆਂ ਹੋਰ ਤੀਬਰ ਹੋ ਗਈਆਂ ਹਨ।
ਟਰੰਪ ਵੱਲੋਂ ਆਪਣੇ ਮੇਜ਼ਬਾਨ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਓਵਲ ਦਫਤਰ ਸੱਦ ਕੇ ਮੀਡੀਆ ਜ਼ਰੀਏ ਸੰਸਾਰ ਸਾਹਮਣੇ ਬੇਇਜ਼ਤ ਕਰਨਾ ਇੱਕ ਇਤਿਹਾਸਕ ਘਟਨਾ ਬਣ ਗਈ ਹੈ। ਜ਼ੇਲੈਂਸਕੀ ਨੂੰ ਵਾਈਟ ਹਾਊਸ ਦੀ ਗਰਿਮਾ ਮੁਤਾਬਕ ਵਧੀਆ ਡਰੈੱਸ ਨਾ ਪਾਉਣ ‘ਤੇ ਤਨਜ਼ ਕਸਣਾ ਉਸ ਨਾਲ ਬਦਸਲੂਕੀ ਕਰਨ ਬਰਾਬਰ ਸੀ। ਜੰਗ ਰੋਕਣ ਲਈ ਯੂਕਰੇਨ ਦੀ ਰੂਸ ਤੋਂ ‘ਸੁਰੱਖਿਆ ਗਾਰੰਟੀ’ ਦਾ ਅਮਰੀਕੀ ਵਾਅਦਾ ਅਤੇ ਇਵਜ਼ਾਨੇ ਵਿੱਚ ਅਮਰੀਕਾ ਦੀ ਯੂਕਰੇਨ ਦੇ ਬੇਸ਼ਕੀਮਤੀ ਖਣਿਜ਼ ਸਰੋਤਾਂ (ਮਾਈਕ੍ਰੋਚਿੱਪਾਂ ਤੇ ਨਵੀਨ ਤਕਨਾਲੋਜੀ ਲਈ ਧਰਤੀ ਦੇ ਦੁਰਲੱਭ ਖਣਿਜ਼) ਵਿੱਚ ਹਿੱਸੇਦਾਰੀ ਸੌਦੇ ਦੇ ਦੋ ਮੁੱਖ ਨੁਕਤੇ ਸਨ। ਇਹ ਸੌਦਾ ਯੂਕਰੇਨ ਨੂੰ ਜੰਗ ਵਿੱਚ ਹੁਣ ਤੱਕ ਦਿੱਤੀ ਗਈ ਅਮਰੀਕੀ ਸਹਾਇਤਾ ਦੀ ਅਦਾਇਗੀ ਦੇ ਸਿੱਟੇ ਵਜੋਂ ਹੋਣਾ ਸੀ। ਪਰੰਤੂ, ਜ਼ੇਲੈਂਸਕੀ ਦੀ ਪੂਤਿਨ ਉੱਤੇ ਬੇਭਰੋਸਗੀ ਅਤੇ ਅਮਰੀਕਾ ਵੱਲੋਂ ਜ਼ੇਲੈਂਸਕੀ ਦੇ ਨਿਰਾਦਰ ਨਾਲ ਇਹ ਸੌਦਾ ਵਿਚਾਲੇ ਟੁੱਟ ਗਿਆ। ਮਿਲਣੀ ਤੋਂ ਪਹਿਲਾਂ ਜ਼ੇਲੈਂਸਕੀ ਨੂੰ ਟਰੰਪ ਵੱਲੋਂ ਤਾਨਾਸ਼ਾਹ ਕਹਿਣਾ ਅਤੇ ਫਿਰ ਮੀਡੀਆ ਸਾਹਮਣੇ ਉਸਨੂੰ ਤੀਜੀ ਸੰਸਾਰ ਜੰਗ ਲਈ ਜ਼ਿੰਮੇਵਾਰ ਕਰਾਰ ਦੇਣਾ ਸਿੱਧੇ-ਅਸਿੱਧੇ ਤੌਰ ਤੇ ਯੂਕਰੇਨ ਸਮੇਤ ਟ੍ਰਾਂਸਅਟਲਾਂਟਿਕ ਗੱਠਜੋੜ (ਅਮਰੀਕਾ, ਨਾਟੋ, ਯੂਰੋਪੀਅਨ ਯੂਨੀਅਨ) ਦੇ ਵਿਰੁੱਧ ਅਤੇ ਰੂਸ ਦੇ ਪੱਖ ਵਿੱਚ ਭੁਗਤਣ ਵਾਲਾ ਬਿਆਨ ਸੀ। ਮੀਟਿੰਗ ਦੀ ਅਸਫਲਤਾ ਬਾਅਦ ਟਰੰਪ ਵੱਲੋਂ ਕੀਵ ‘ਤੇ ਜੰਗਬੰਦੀ ਲਈ ਦਬਾਅ ਵਧਾਉਣ ਲਈ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਫੌਜੀ, ਖੁਫੀਆ ਤੇ ਵਿੱਤੀ ਸਹਾਇਤਾ ‘ਤੇ ਰੋਕ ਲਗਾਉਣ ਅਤੇ ਰੂਸ ਉੱਤੇ ਪੱਛਮੀ ਪਾਬੰਦੀਆਂ ਨੂੰ ਘਟਾਉਣ ਦੇ ਬਿਆਨ ਨਾਲ ਟਰੰਪ ਉੱਤੇ ਰੂਸ ਦਾ ਜਾਸੂਸ ਹੋਣ ਦੇ ਕਈ ‘ਸਾਜ਼ਿਸ਼ੀ ਸਿਧਾਂਤਾਂ’ ਦਾ ਬਾਜ਼ਾਰ ਗਰਮ ਹੋ ਗਿਆ ਹੈ। ਨਾ ਤਾਂ ਅਮਰੀਕਾ ਸ਼ਾਂਤੀ ਦਾ ਪੁਜਾਰੀ ਹੈ ਤੇ ਨਾ ਹੀ ਟਰੰਪ ਜੰਗਬੰਦੀ ਦੀ ਲੜਾਈ ਲੜਨ ਵਾਲਾ ਸ਼ਾਂਤੀਦੂਤ। ਸ਼ਾਂਤੀ ਬਹਾਨੇ ਇਹ ਸਮਝੌਤਾ ਯੂਕਰੇਨ ਦੇ ਬੇਸ਼ਕੀਮਤੀ ਸਰੋਤਾਂ ‘ਤੇ ਕਬਜ਼ੇ, ਯੂਕਰੇਨ ਅੰਦਰ ਨਵ-ਉਦਾਰਵਾਦੀ ਨੀਤੀਆਂ ਦੇ ਮਾਡਲ ਦਾ ਰਾਹ ਹੋਰ ਵੱਧ ਪੱਧਰਾ ਕਰਨ ਅਤੇ ਜੰਗ ਦਾ ਮੁਹਾਣ ਰੂਸ ਵੱਲੋਂ ਮੋੜ ਕੇ ਮੁੱਖ ਦੁਸ਼ਮਣ ਚੀਨ ਵੱਲ ਕਰਨ ਲਈ ਸੀ। ਅਮਰੀਕੀ ਸਾਮਰਾਜੀ ਦਬਦਬੇ ਲਈ ਅੱਜ ਸਭ ਤੋਂ ਵੱਡੀ ਚੁਣੌਤੀ ਚੀਨ ਹੈ।
ਉਧਰ, ਵਾਈਟ ਹਾਊਸ ਤੋਂ ਬੇਆਬਰੂ ਹੋ ਕੇ ਪਰਤੇ ਜ਼ੇਲੈਂਸਕੀ ਨੂੰ ਫਰਾਂਸ, ਬ੍ਰਿਟੇਨ ਸਮੇਤ ਯੂਰੋਪੀਅਨ ਮੁਲਕਾਂ ਦਾ ਥਾਪੜਾ ਪ੍ਰਾਪਤ ਹੋ ਰਿਹਾ ਹੈ। ਟਰੰਪ ਵੱਲੋਂ ਪੱਛਮੀ ਯੂਰੋਪੀ ਭਾਈਵਾਲਾਂ ਨੂੰ ਦਰਕਿਨਾਰ ਕਰਕੇ ਰੂਸ-ਯੂਕਰੇਨ ਜੰਗਬੰਦੀ ਦੀ ਸਾਲਸੀ ਵਿੱਚੋਂ ਯੂਕਰੇਨ ਨਾਲ ਇਕੱਲਿਆਂ 500 ਅਰਬ ਡਾਲਰ ਦੇ ਖਣਿਜ ਸਮਝੌਤੇ ਕਰਨ ਦੀ ਮਸ਼ਕ ਫਿਲਹਾਲ ਅਧੂਰੀ ਰਹਿ ਗਈ ਹੈ। ਹੁਣ ਜੰਗ ਪ੍ਰਤੀ ਅਮਰੀਕੀ ਨੀਤੀ ਵਿੱਚ ਆਏ ਵੱਡੇ ਬਦਲਾਅ ਕਾਰਨ ਪੁੱਠੀ ਪਈ ਬਾਜ਼ੀ ‘ਚੋਂ ਯੂਰੋਪੀਅਨ ਮੁਲਕ ਸ਼ਾਂਤੀ ਯੋਜਨਾ ਦਾ ਸਿਹਰਾ ਆਪਣੇ ਸਿਰ ਬੰਨ੍ਹ ਕੇ ਯੂਕਰੇਨੀਅਨ ਮੰਡੀ ਵਿੱਚੋਂ ਹਿੱਸੇ-ਪੱਤੀ ਲਈ ਉਤਾਵਲੇ ਹੋ ਰਹੇ ਹਨ। ਕਿੰਗ ਚਾਰਲਸ ਨਾਲ ਜ਼ੇਲੈਂਸਕੀ ਦੀ ਮਿਲਣੀ ‘ਤੇ ਯੂਕਰੇਨ ਦੀ ਸਰਬਸੱਤਾ ਲਈ ਲੰਡਨ ਵਿੱਚ ਹੋਏ ਸਿਖਰ ਸੰਮੇਲਨ ਵਿੱਚ 18 ਯੂਰੋਪੀ ਮੁਲਕਾਂ ਨੇ ਯੂਕਰੇਨ ਨੂੰ ਫੌਜੀ ਤੇ ਵਿੱਤੀ ਸਹਾਇਤਾ ਦੇਣ ਦੀ ਵਚਨਵੱਧਤਾ ਦਿਖਾਈ ਹੈ ਅਤੇ ਇੰਗਲੈਂਡ ਨੇ 1.6 ਅਰਬ ਪੌਂਡ ਦੀਆਂ 5,000 ਹਵਾਈ ਰੱਖਿਆ ਮਿਜ਼ਾਈਲਾਂ ਦੀ ਸਪਲਾਈ ਦੇ ਸਮਝੌਤੇ ਦਾ ਐਲਾਨ ਕੀਤਾ ਹੈ।
ਦੁਨੀਆ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਆਪਸੀ ਖਿੱਚੋਤਾਣ ਦਾ ਕੇਂਦਰ ਬਣੀ ਯੂਕਰੇਨ ਜੰਗ ਦਾ ਦਾਰੋਮਦਾਰ ਬਹੁ-ਪਸਾਰੀ ਹੈ। ਇਸ ਯੁੱਧ ਵਿੱਚ ਸਿੱਧੇ-ਅਸਿੱਧੇ ਤੌਰ ‘ਤੇ ਸ਼ਾਮਲ ਤਾਕਤਾਂ ‘ਚੋਂ ਕਿਸੇ ਇਕ ਧਿਰ ਦੇ ਕੋਣ ਤੋਂ ਖੜ ਕੇ ਦੇਖਣ ਨਾਲ ਜੰਗ ਦੀ ਰਾਜਨੀਤਕ-ਆਰਥਿਕਤਾ ਨੂੰ ਨਹੀਂ ਸਮਝਿਆ ਜਾ ਸਕਦਾ। ਮਸਲਨ, ਜ਼ੇਲੈਂਸਕੀ ਦੇ ਸੰਦਰਭ ਵਿੱਚ ਇਹ ਧਾਰਨਾ ਕਿ ‘ਇੱਕ ਜੋਕਰ ਨੇ ਦੇਸ਼ ਡੋਬ ਦਿੱਤਾ’, ਜੰਗ ਦੇ ਕੁੱਲ ਪਹਿਲੂਆਂ ਦਾ ਸਧਾਰਨੀਕਰਨ ਕਰਨ ਤੇ ਜੰਗ ਵਿੱਚ ਸ਼ਾਮਲ ਵੱਡੀਆਂ ਬਾਹਰੀ ਤਾਕਤਾਂ ਦੀ ਭੂਮਿਕਾ ਨੂੰ ਮੇਸਣ ਜਾਂ ਘੱਟ ਕਰ ਕੇ ਆਂਕਣ ਬਰਾਬਰ ਹੈ। ਇਤਿਹਾਸਕ ਤੌਰ ‘ਤੇ ਇਸ ਜੰਗ ਵਿੱਚ ਰੂਸ ਦੀ ਭੂਮਿਕਾ ਅਟੁੱਟ ਤੌਰ ‘ਤੇ ਜੁੜੀ ਹੋਈ ਹੈ। ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਬਾਅਦ ਯੂਕਰੇਨ ਸਮੇਤ ਅਨੇਕਾਂ ਕੌਮੀਅਤਾਂ ਵੱਖ ਹੋ ਕੇ ਇੱਕ ਸੁਤੰਤਰ ਦੇਸ਼ ਵਜੋਂ ਹੋਂਦ ਵਿਚ ਆਈਆਂ ਸਨ। ਸਮਾਜਵਾਦੀ ਸੋਵੀਅਤ ਯੂਨੀਅਨ ਦੇ ਪਤਨ ਬਾਅਦ ਰੂਸ ਨੇ ਸਾਮਰਾਜੀ ਪਦਚਿੰਨ੍ਹਾਂ ‘ਤੇ ਚੱਲਦਿਆਂ ਆਪਣੇ ਪਸਾਰਵਾਦੀ ਹਿੱਤਾਂ ਤਹਿਤ ਆਪਣੇ ਖੁੱਸੇ ਹੋਏ ਖੇਤਰ ਨੂੰ ਮੁੜ ਹਾਸਲ ਕਰਨ ਦੀ ਹਿਰਸ ਪਾਲੀ ਹੋਈ ਹੈ। ਜਿਸ ਤਹਿਤ ਰੂਸ ਨੇ ਸਾਲ 2003 ਵਿਚ ਯੂਕਰੇਨ ਦੇ ਤੁਜ਼ਲਾ ਟਾਪੂ ਉੱਤੇ ਡੈਮ ਬਣਾ ਕੇ ਜਬਰੀ ਘੁਸਪੈਠ ਕੀਤੀ। ਅਮਰੀਕਾ ਨੇ ਯੂਕਰੇਨ ਦੇ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨਕੋਵਿਚ ਨਾਲ ਕਈ ਊਰਜਾ ਸਮਝੌਤੇ ਕਰਕੇ ਯੂਕਰੇਨ ਦੇ ਬੇਸ਼ਕੀਮਤੀ ਖੇਤਰਾਂ ਵਿੱਚ ਆਪਣੀ ਦਖਲਅੰਦਾਜ਼ੀ ਵਿੱਚ ਵਾਧਾ ਕੀਤਾ। ਯਾਨਕੋਵਿਚ ਨੇ ਰੂਸ ਦੇ ਪ੍ਰਭਾਵ ਹੇਠ ਆ ਕੇ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਸਮਝੌਤੇ ਰੱਦ ਕੀਤੇ ਅਤੇ ਸਾਲ 2014 ਵਿੱਚ ਰੂਸ ਨੇ ਕ੍ਰੀਮੀਆ ਤੇ ਸੇਵਾਸਤੋਪੋਲ ਦੀ ਬੰਦਰਗਾਹ ਉੱਤੇ ਕਬਜ਼ਾ ਕੀਤਾ। ਰੂਸ ਨੇ 2014 ਤੋਂ ਬਾਅਦ ਜੰਗਬੰਦੀ ਲਈ ਹੋਏ ‘ਮਿੰਸਕ ਸਮਝੌਤੇ’ ਦੀ ਉਲੰਘਣਾ ਕਰਕੇ ਲਗਾਤਾਰ ਪੂਰਬੀ ਡੋਨਬਾਸ ਵਿੱਚ ਰੂਸੀ ਵੱਖਵਾਦੀਆਂ ਰਾਹੀਂ ਘੁਸਪੈਠ ਜਾਰੀ ਰੱਖੀ। ਇਸੇ ਦੌਰਾਨ ਯੂਕਰੇਨ ਨੇ ਆਪਣੇ ਪੱਛਮੀ ਖੇਤਰ ਵਿੱਚ ਰੂਸੀ ਘੁਸਪੈਠ ਦੇ ਖਤਰੇ ਤੋਂ ਬਚਾਅ ਲਈ ਨਾਟੋ ਦਾ ਆਸਰਾ ਤੱਕਣਾ ਸ਼ੁਰੂ ਕਰ ਦਿੱਤਾ। ਉਧਰ ਅਮਰੀਕਾ ਤੇ ਉਸਦੇ ਪੱਛਮੀ ਭਾਈਵਾਲ ਜੋ ਲਗਾਤਾਰ ਰੂਸ ਦੇ ਗੁਆਂਢੀ ਮੁਲਕਾਂ ਵਿਚ ਨਾਟੋ ਦਾ ਵਿਸਤਾਰ ਕਰਦੇ ਆ ਰਹੇ ਸਨ, ਲਈ ਇਹ ਸੁਨਹਿਰੀ ਮੌਕਾ ਵਰਦਾਨ ਬਣਕੇ ਬਹੁੜਿਆ।
ਇਸ ਜੰਗ ਵਿੱਚ ਜ਼ੇਲੈਂਸਕੀ ਦੀ ਇਤਿਹਾਸਕ ਤੇ ਬੱਜਰ ਗਲਤੀ ਇਹ ਸੀ ਕਿ ਉਸਨੂੰ ਸਾਮਰਾਜੀ ਤਾਕਤਾਂ ਦੇ ਵਿਸਤਾਰਵਾਦੀ ਚਰਿਤਰ ਦਾ ਇਲਮ ਨਹੀ ਸੀ। ਉਸਨੇ ਰੂਸੀ ਸਾਮਰਾਜ ਦੀ ਥਾਂ ਵੱਧ ਖੂੰਖਾਰ ਅਮਰੀਕੀ ਸਾਮਰਾਜ ਦੀ ਸ਼ਰਨ ਲੈ ਕੇ ਵੱਡੀ ਭੁੱਲ ਕੀਤੀ। ਇਸ ਯੁੱਧ ਵਿੱਚ ਸਭ ਤੋਂ ਵੱਧ ਵਿੱਤੀ ਤੇ ਫੌਜੀ ਸਹਾਇਤਾ ਅਮਰੀਕਾ ਨੇ ਪ੍ਰਦਾਨ ਕੀਤੀ ਹੈ। ਅਮਰੀਕਾ ਨੇ ਰੂਸ ਖਿਲਾਫ ਯੂਕਰੇਨ ਦੀ ਧਰਤੀ ‘ਤੇ ਲੁਕਵੀਂ ਜੰਗ (ਪ੍ਰੌਕਸੀ) ਲੜਨ ਲਈ ਜੰਗ ਦੇ ਕੁੱਲ ਫੌਜੀ ਹਾਰਡਵੇਅਰ ਦਾ 20% ਅਤੇ 180 ਅਰਬ ਅਮਰੀਕੀ ਡਾਲਰ (ਪੈਂਟਾਗਨ ਮੁਤਾਬਕ) ਤੋਂ ਵੱਧ ਦੀ ਵਿੱਤੀ ਸਹਇਤਾ ਪ੍ਰਦਾਨ ਕੀਤੀ ਹੈ। ਯੂਕਰੇਨ ਜੰਗ ਵਿੱਚ ਐਨਾ ਅੱਗੇ ਨਿਕਲ ਆਇਆ ਕਿ ਹੁਣ ਉਸਨੂੰ ਜੰਗ ਵਿੱਚੋਂ ਨਿਕਲਣ ਲਈ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਸਰੇ ਧੜੇ ਦੀ ਢੋਈ ਲੈਣੀ ਪੈ ਰਹੀ ਹੈ। ਰੂਸ ਨਾਲ ਸਨਮਾਨਜਨਕ ਸਮਝੌਤੇ ਉੱਤੇ ਪਹੁੰਚਣ ਲਈ ਉਸ ਨੂੰ ਰੂਸ ਉੱਤੇ ਜੰਗੀ ਦਬਾਅ ਲਈ ਅਮਰੀਕੀ ਹਵਾਈ ਰੱਖਿਆ, ਬੈਲਿਸਟਿਕ ਮਿਜ਼ਾਈਲਾਂ, ਸੈਟੇਲਾਈਟ ਸੰਚਾਰ (ਸਟਾਰਲਿੰਕ), ਫੌਜੀ ਤੇ ਵਿੱਤੀ ਸਹਾਇਤਾ ਦੀ ਜ਼ਰੂਰਤ ਵੀ ਹੈ ਅਤੇ ਜੰਗ ਦੁਆਲੇ ਸਾਮਰਾਜੀ ਤਾਕਤਾਂ ਤੇ ਕੂਟਨੀਤਕ ਦਬਾਅ ਬਣਾਉਣ ਅਤੇ ਵਿੱਤੀ ਸਹਾਇਤਾ ਲਈ ਯੂਰੋਪੀ ਸ਼ਕਤੀਆਂ ਦੀ ਵੀ ਲੋੜ ਹੈ। ਯੂਕਰੇਨ ਜੰਗ ਦੁਆਲੇ ਪੈਦਾ ਹੋਏ ਨਵੇਂ ਹਾਲਾਤ ਵਿੱਚੋਂ ਜਿੱਥੇ ਰੂਸ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ, ਉੱਥੇ ਦੂਜੇ ਪਾਸੇ ਚੀਨ ਜੰਗਾਂ ਤੋਂ ਲਾਂਭੇ ਰਹਿ ਕੇ ਆਪਣੇ ਵਪਾਰਕ ਹਿੱਤਾਂ ਲਈ ਸੰਸਾਰ ਮੰਡੀ ਵਿੱਚ ਲਗਾਤਾਰ ਮਜ਼ਬੂਤੀ ਨਾਲ ਪੈਰ ਪਸਾਰ ਰਿਹਾ ਹੈ। ਟਰੰਪ ਪ੍ਰਸ਼ਾਸ਼ਨ ਦੀ ਯੂਕਰੇਨ ਜੰਗ ਨੂੰ ਲੈ ਕੇ ਬਦਲੀ ਨੀਤੀ ਨਾਲ ਯੂਰੋਪ ਅੰਦਰ ਅਮਰੀਕੀ ਸਾਖ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵੱਲੋਂ ਨਾਟੋ ਵਿਚੋਂ ਬਾਹਰ ਆਉਣ, ਯੂਐੱਸ ਏਡ ਬੰਦ ਕਰਨ ਅਤੇ ਨਾਟੋ ਭਾਈਵਾਲਾਂ ਉੱਤੇ ਫੌਜੀ ਖਰਚ ਲਈ ਬਜਟ ਹੋਰ ਵਧਾਉਣ ਦਾ ਦਬਾਅ ਅਤੇ ਟੈਰਿਫ ਨੂੰ ਲੈ ਕੇ ਯੂਰੋਪ, ਕੈਨੇਡਾ, ਮੈਕਸੀਕੋ, ਭਾਰਤ ਆਦਿ ਭਾਈਵਾਲਾਂ ਨਾਲ ਸ਼ੁਰੂ ਹੋਈ ਵਪਾਰਕ ਜੰਗ ਕਾਰਨ ਇਹਨਾਂ ਮੁਲਕਾਂ ਨੇ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਤੇ ਆਪਸੀ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਇਸ ਨਾਲ ਯੂਰੋ ਜ਼ੋਨ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਆਪਸੀ ਤਾਲਮੇਲ ਵਧ ਰਿਹਾ ਹੈ। ਚੀਨ, ਰੂਸ, ਯੂਰੋਪੀਅਨ ਯੂਨੀਅਨ, ਬ੍ਰਿਕਸ ਤੇ ਅਮਰੀਕੀ ਸਾਮਰਾਜ ਵਿਰੋਧੀ ਲਾਤੀਨੀ ਮੁਲਕਾਂ ਦੀ ਅਮਰੀਕਾ ਖਿਲਾਫ ਵਧਦੀ ਬੇਭਰੋਸਗੀ ਅਮਰੀਕੀ ਸਾਮਰਾਜ ਲਈ ਖਤਰੇ ਦੀ ਘੰਟੀ ਹੈ।
ਸ਼ਾਂਤੀ ਸਮਝੌਤੇ ਦੇ ਅੱਧ-ਵਿਚਾਲੇ ਲਟਕਣ ਨਾਲ ਰੂਸ ਦੇ ਹੌਸਲੇ ਹੋਰ ਮਜ਼ਬੂਤ ਹੋਏ ਹਨ। ਰੂਸ ਨੇ ਜੰਗ ਦੀ ਤੀਜੀ ਵਰ੍ਹੇਗੰਢ ਮੌਕੇ ਯੂਕਰੇਨ ਉੱਤੇ ਹਮਲੇ ਤੇਜ਼ ਕਰਕੇ ਸੰਕੇਤ ਦੇ ਦਿੱਤੇ ਹਨ ਕਿ ਉਹ ਯੂਕਰੇਨੀ ਸ਼ਰਤਾਂ ਤਹਿਤ ਸਮਝੌਤੇ ਲਈ ਰਾਜ਼ੀ ਨਹੀਂ ਹੈ। ਨੇੜ ਭਵਿੱਖ ਵਿੱਚ ਇਸ ਜੰਗ ਦਾ ਹਾਂ-ਪੱਖੀ ਨਿਬੇੜਾ ਨਜ਼ਰ ਨਹੀਂ ਆ ਰਿਹਾ। ਇਹ ਜੰਗ ਵਿਸ਼ਵ ਦੀਆਂ ਬਹੁਕੌਮੀ ਹਥਿਆਰ ਕਾਰਪੋਰੇਸ਼ਨਾਂ ਦੇ ਜੰਗੀ ਵਪਾਰ ਦੀ ਸ਼ਾਹਰਗ ਬਣ ਗਈ ਹੈ। ਅਮਰੀਕਾ ਦੇ ਪਿੱਛੇ ਹਟਣ ਤੋਂ ਬਾਅਦ ਵੀ ਪਹਿਲਾਂ ਤੋਂ ਹੀ ਲਮਕਦੀ ਆ ਰਹੀ ਯੂਕਰੇਨ ਜੰਗ ਸੰਭਾਵੀ ਤੌਰ ‘ਤੇ ਅੱਗੇ ਵੀ ਜਾਰੀ ਰਹੇਗੀ ਅਤੇ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਣ ਨਾਲ ਤੇਲ, ਗੈਸ, ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਹੇਗਾ। ਰੂਸ-ਯੂਕਰੇਨ ਸਮੇਤ ਸੰਸਾਰ ਭਰ ਦੇ ਲੋਕਾਂ ਨੂੰ ਸਾਮਰਾਜੀ ਜੰਗਾਂ ਦੀ ਕੀਮਤ ਤਾਰਨੀ ਪਵੇਗੀ। ਮੌਜੂਦਾ ਸਾਮਰਾਜੀ ਜੰਗਾਂ ਮਨੁੱਖਤਾ ਦੀ ਬੰਦਖਲਾਸੀ ਲਈ ਨਹੀਂ ਬਲਕਿ ਪਿਛਾਂਹ-ਖਿਚੂ ਜਮਾਤਾਂ ਦੀ ਅਦਲਾ-ਬਦਲੀ ਤੇ ਸਾਮਰਾਜੀ ਮੰਡੀ ਦੇ ਵਿਸਤਾਰ ਲਈ ਲੜੀਆਂ ਜਾ ਰਹੀਆਂ ਹਨ। ਉਹਨਾਂ ਨੂੰ ਸਾਮਰਾਜੀ-ਸਰਮਾਏਦਾਰ ਜੰਗਬਾਜ਼ਾਂ ਤੋਂ ਨਿਜਾਤ ਪਾਉਣ ਲਈ ਜੰਗ ਵਿੱਚ ਸ਼ਾਮਲ ਸਾਰੀਆਂ ਤਾਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ।
***

Check Also

ਸ਼ਹੀਦੀ ਦਿਹਾੜਾ : 29 ਮਾਰਚ 1917

ਕੈਨੇਡਾ ਦੇ ਪਹਿਲੇ ਗ੍ਰੰਥੀ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਸ਼ਹਾਦਤ ਦੀ ਅਜੋਕੇ ਹਾਲਾਤ …