ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਮੂਧੇ ਮੂੰਹ ਡਿੱਗੀ ਹੈ। ਭਾਰਤੀ ਜਨਤਾ ਪਾਰਟੀ ਦੇ ਪਹਿਲਾਂ ਪੰਜਾਬ ’ਚ 18 ਲੱਖ ਸਰਗਰਮ ਮੈਂਬਰ ਸਨ, ਜਿਹਨਾਂ ਦੀ ਗਿਣਤੀ ਘਟ ਕੇ 6 ਲੱਖ ਰਹਿ ਗਈ ਹੈ। ਜਦੋਂ ਕਿ ਪਾਰਟੀ ਨੇ 30 ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਰੱਖਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮੈਂਬਰਸ਼ਿਪ ਦਾ ਟੀਚਾ ਪੂਰਾ ਨਾ ਹੋਣ ਕਾਰਨ ਭਾਜਪਾ ਨੇ ਪੰਜਾਬ ’ਚ ਪਾਰਟੀ ਦੀਆਂ ਜਥੇਬੰਦਕ ਚੋਣਾਂ ਟਾਲ ਦਿੱਤੀਆਂ ਹਨ। ਇਸਦੇ ਚੱਲਦਿਆਂ ਅਗਲੀਆਂ ਚੋਣਾਂ ਹੋਣ ਤੱਕ ਸੁਨੀਲ ਜਾਖੜ ਹੀ ਪਾਰਟੀ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ’ਚ ਨਿਰੰਤਰ ਚੱਲ ਰਹੇ ਕਿਸਾਨ ਅੰਦੋਲਨ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਵੱਡੀ ਢਾਅ ਲਗਾਈ ਹੈ। ਦੱਸਿਆ ਗਿਆ ਕਿ ਪਿਛਲੇ ਸਾਲ 2 ਸਤੰਬਰ ਤੋਂ ਭਾਜਪਾ ਦੀ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਵਿਚ ਪਾਰਟੀ ਦੇ ਕਰੀਬ 18 ਲੱਖ ਮੈਂਬਰ ਸਨ।