ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ ਵਿਚ ਭਰਵਾਂ ਯੋਗਦਾਨ ਪਾ ਰਹੇ ਹਨ। ਉਹ ਆਪਣੇ ਵਰਕਰਾਂ ਨੂੰ ਚੰਗੀਆਂ ਤਨਖ਼ਾਹਾਂ ਦੇ ਕੇ ਰੋਜ਼ਗਾਰ ਦਿੰਦੇ ਹਨ ਅਤੇ ਨਾਲ ਹੀ ‘ਸਵੈ-ਰੋਜ਼ਗਾਰ’ (ਐਂਟਰਪਰੀਨੀਅਰਸ਼ਿਪ) ਦਾ ਆਪਣਾ ਸੁਪਨਾ ਪੂਰਾ ਕਰਦੇ ਹਨ। ਇਹ ਜ਼ਰੂਰੀ ਹੈ ਕਿ ਇਹ ਬਿਜ਼ਨੈਸ-ਅਦਾਰੇ ਹੋਰ ਵੱਧਣ ਫੁੱਲਣ ਅਤੇ ਕੈਨੇਡਾ ਦੇ ਅਰਥਚਾਰੇ ਵਿਚ ਆਪਣਾ ਹੋਰ ਵਧੇਰੇ ਯੋਗਦਾਨ ਪਾਉਣ।
ਇਸ ਦੇ ਬਾਰੇ ਗੱਲ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਸਾਡੀ ਫ਼ੈਡਰਲ ਸਰਕਾਰ ਇਨ੍ਹਾਂ ਅਦਾਰਿਆਂ ਨੂੰ ਵਿਦੇਸ਼ੀ ਬਿਜ਼ਨੈਸਾਂ ਨਾਲ ਮੁਕਾਬਲੇਬਾਜ਼ੀ ਤੋਂ ਦੂਰ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਹਫ਼ਤੇ ਸਰਕਾਰ ਨੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸਾਂ ਨੂੰ ਅੱਗੇ ਵੱਧਣ ਵਿਚ ਉਨ੍ਹਾਂ ਦੀ ਸਹਾਇਤਾ ਕਰਨ ਲਈ ਕਈ ਨਵੇਂ ਯਤਨ ਆਰੰਭੇ ਹਨ।”
ਪਹਿਲੇ ਯਤਨ ਵਜੋਂ ਸਰਕਾਰ ਵੱਲੋਂ ਨਵੀਂ ਕਾਰਬਨ ਟੈਕਸ ਰੀਬੇਟ ਨੀਤੀ ਅਧੀਨ 600,000 ਛੋਟੇ ਬਿਜ਼ਨੈਸ ਅਦਾਰਿਆਂ ਨੂੰ ਇਸ ਸਾਲ ਦੇ ਅਖ਼ੀਰ ਤੋਂ ਪਹਿਲਾਂ 2.5 ਬਿਲੀਅਨ ਡਾਲਰ ਰਾਸ਼ੀ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਰੀਫ਼ੰਡੇਬਲ ਟੈਕਸ ਕਰੈਡਿਟ ਉਨ੍ਹਾਂ ਛੋਟੇ ਬਿਜ਼ਨੈਸਾਂ ਨੂੰ 2019-20 ਤੋਂ 2024-25 ਤੱਕ ਫਿਊਲ ਚਾਰਜ ਦਾ ਹਿੱਸਾ ਵਾਪਸ ਕਰੇਗਾ ਜਿੱਥੇ ਇਹ ਫ਼ੈੱਡਰਲ ਫਿਊਲ ਚਾਰਜ ਲਾਗੂ ਹੁੰਦਾ ਹੈ। ਜਿਨ੍ਹਾਂ ਅਦਾਰਿਆਂ ਨੇ ਆਪਣੀ ਟੈਕਸ ਰਿਟਰਨ 15 ਜੁਲਾਈ 2024 ਤੱਕ ਭਰੀ ਹੈ, ਉਨ੍ਹਾਂ ਨੂੰ ਇਹ ਟੈਕਸ ਕਰੈਡਿਟ 16 ਦਸੰਬਰ 2024 ਤੱਕ ਵਾਪਸ ਹੋ ਜਾਏਗਾ ਜੇਕਰ ਉਹ ਕੈਨਡਾ ਰੈਵੀਨਿਊ ਏਜੰਸੀ ਨਾਲ ਸਿੱਧੇ ਡਿਪਾਜ਼ਿਟ ਲਈ ਰਜਿਸਟਰ ਹੋ ਚੁੱਕੇ ਹਨ। ਜੇ ਉਹ ਅਜੇ ਤੀਕ ਇਸ ਦੇ ਲਈ ਰਜਿਸਟਰ ਨਹੀਂ ਹੋਏ ਤਾਂ ਉਨ੍ਹਾਂ ਨੂੰ ਇਹ ਰਾਸ਼ੀ ਚੈਕ ਰਾਹੀਂ 31 ਦਸੰਬਰ 2024 ਤੱਕ ਮਿਲ ਜਾਏਗੀ। ਬਿਜ਼ਨੈਸ ਅਦਾਰਿਆਂ ਦੀ ਸਹੂਲਤ ਲਈ ਟੈਕਸ ਰਿਟਰਨ ਭਰਨ ਦੀ ਤਰੀਕ ਸਰਕਾਰ ਵੱਲੋਂ 31 ਦਸੰਬਰ 2024 ਤੱਕ ਵਧਾਈ ਜਾ ਰਹੀ ਹੈ। ਜ਼ਾਹਿਰ ਹੈ, ਲੇਟ ਟੈਕਸ ਭਰਨ ਵਾਲੇ ਅਦਾਰਿਆਂ ਨੂੰ ਇਹ ਟੈਕਸ ਰੀਬੇਟ ਲੇਟ ਹੀ ਪ੍ਰਾਪਤ ਹੋ ਸਕੇਗੀ।
ਓਨਟਾਰੀਓ ਵਿਚ 10 ਵਰਕਰਾਂ ਵਾਲੇ ਛੋਟੇ ਅਦਾਰਿਆਂ ਨੂੰ 4,010 ਡਾਲਰ, ਅਲਬਰਟਾ ਵਿਚ 50 ਵਰਕਰਾਂ ਵਾਲੇ ਅਦਾਰਿਆਂ ਨੂੰ 29,550 ਡਾਲਰ ਅਤੇ ਸੈਸਕੈਚਵਾਂ, ਮੈਨੀਟੋਬਾ, ਨਿਊ ਬਰੱਨਜ਼ਵਿਕ, ਤੇ ਨੋਵਾ ਸਕੋਸ਼ੀਆ ਵਿਚ 500 ਵਰਕਰਾਂ ਵਾਲੇ ਅਦਾਰਿਆਂ ਨੂੰ 576,844 ਡਾਲਰ ਸਹਾਇਤਾ ਪ੍ਰਾਪਤ ਹੋਵੇਗੀ। ਇਸੇ ਤਰ੍ਹਾਂ ਪਰਿੰਸ ਐਡਵਰਡ ਆਈਲੈਂਡਜ਼, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿਚ ਵੀ ਇਹ ਰੀਬੇਟ ਉਪਲੱਭਧ ਕਰਵਾਈ ਜਾਏਗੀ। ਸਰਕਾਰ ਵੱਲੋਂ ਕੀਤਾ ਗਿਆ ਦੂਸਰਾ ਯਤਨ ਕੈਨੇਡਾ ਵਿਚ ਕਾਰਡਾਂ ਰਾਹੀਂ ਪੇਅਮੈਂਟ ਕਰਨ ਵਾਲੇ ਅਦਾਰਿਆਂ ਲਈ ਸੋਧਿਆ ਹੋਇਆ ‘ਕੋਡ ਆਫ਼ ਕੰਡਕਟ’ ਲਾਗੂ ਕਰਨ ਦਾ ਹੈ ਜਿਸ ਨਾਲ ਇੱਕ ਮਿਲੀਅਨ ਤੋਂ ਵਧੇਰੇ ਬਿਜ਼ਨੈਸ ਅਦਾਰੇ ਇਸ ਦਾ ਲਾਭ ਉਠਾ ਸਕਣਗੇ। ਕੈਨੇਡਾ ਦੇ ਸਾਰੇ ਪ੍ਰਮੁੱਖ ਪੇਅਮੈਂਟ ਕਾਰਡ ਨੈੱਟਵਰਕ ਅਦਾਰੇ ਇਸ ਸੋਧੇ ਹੋਏ ਕੋਡ ਦੇ ਲਈ ਸਹਿਮਤ ਹੋ ਗਏ ਹਨ ਅਤੇ ਕੁਝ ਕੁ ਤਕਨੀਕੀ ਕਾਰਵਾਈਆਂ ਤੋਂ ਬਾਅਦ 30 ਅਪ੍ਰੈਲ 2025 ਤੋਂ ਇਹ ਸੋਧਿਆ ਹੋਇਆ ਨਵਾਂ ਕੋਡ ਲਾਗੂ ਹੋ ਜਾਏਗਾ।
ਤੀਸਰੇ ਯਤਨ ਵਜੋਂ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਛੋਟੇ ਬਿਜ਼ਨੈਸ ਅਦਾਰਿਆਂ ਲਈ ਨਵੇਂ ਕਰੈਡਿਟ ਕਾਰਡਾਂ ਰਾਹੀਂ ਪੇਅਮੈਂਟ ਕਰਨ ਵਾਲਾ ਨਿਯਮ 19 ਅਕਤੂਬਰ 2024 ਤੋਂ ਲਾਗੂ ਹੋਵੇਗਾ। 90 ਫ਼ੀਸਦੀ ਤੋਂ ਵਧੇਰੇ ਛੋਟੇ ਅਤੇ ਮਧਿਅਮ ਬਿਜ਼ਨੈਸ ਅਦਾਰੇ ਜਿਹੜੇ ਇਹ ਕਰੈਡਿਟ ਕਾਰਡ ਰਾਹੀ ਪੇਅਮੈਂਟ ਕਰਨ ਲਈ ਸਹਿਮਤ ਹੋਣਗੇ, ਦੇ ਲਈ ਇੰਟਰਚਾਰਜ ਫ਼ੀਸ ਦੀ 27% ਤੱਕ ਕਮੀ ਕੀਤੀ ਜਾਏਗੀ। ਇਸ ਨਾਲ ਛੋਟੇ ਬਿਜ਼ਨੈੱਸ ਅਦਾਰਿਆਂ ਨੂੰ ਪੰਜ ਸਾਲਾਂ ਵਿਚ ਇੱਕ ਬਿਲੀਅਨ ਡਾਲਰ ਦੀ ਬੱਚਤ ਹੋਵੇਗੀ। ਇਸ ਸਬੰਧੀ ਫ਼ੈੱਡਰਲ ਸਰਕਾਰ ਦੀ ਵੀਜ਼ਾ ਅਤੇ ਮਾਸਟਰ ਕਾਰਡ ਕੰਪਨੀਆਂ ਜਿਹੜੀਆਂ ਕੈਨੇਡੀਅਨਾਂ ਨੂੰ ਰੀਵਾਰਡ ਪੁਆਇੰਟਸ ਵੀ ਦਿੰਦੀਆਂ ਹਨ, ਦੇ ਨਾਲ ਇਸ ਦੇ ਬਾਰੇ ਅੰਤਮ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਰਡਿਊਸਡ ਕਰੈਡਿਟ ਕਾਰਡਾਂ ਨਾਲ ਛੋਟੇ ਅਦਾਰਿਆਂ ਨੂੰ ਹਰ ਸਾਲ ਹਜ਼ਾਰਾਂ ਡਾਲਰਾਂ ਦੀ ਬੱਚਤ ਹੋਵੇਗੀ। ਉਦਾਹਰਣ ਵਜੋਂ, ਜੇਕਰ ਕੋਈ ਸਟੋਰ ਸਲਾਲ ਵਿਚ 300,000 ਡਾਲਰ ਦੀ ਪੇਅਮੈਂਟ ਕਰੈਡਿਟ ਕਾਰਡਾਂ ਰਾਹੀਂ ਕਰਦਾ ਹੈ ਤਾਂ ਉਸ ਨੂੰ 4,000 ਡਾਲਰ ਸਲਾਨਾ ਫ਼ੀਸ ਦੇਣੀ ਪੈਂਦੀ ਹੈ। ਇਸ ਨਵੀਂ ਕਰੈਡਿਟ ਕਾਰਡ ਨੀਤੀ ਨਾ ਉਸ ਨੂੰ 1,080 ਡਾਲਰ ਦੀ ਹਰ ਸਾਲ ਬੱਚਤ ਹੋਵੇਗੀ।
Check Also
ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ
ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …