ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ‘ਬਬਰ ਅਕਾਲੀ’
ਡਾ. ਗੁਰਵਿੰਦਰ ਸਿੰਘ
1 ਸਤੰਬਰ 2024 ਦਿਨ ਐਤਵਾਰ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਸਾਹਿਬ ਐਬਟਸਫੋਰਡ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ, ਐਬਟਸਫੋਰਡ ਵਾਸੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੀ ਸ਼ਹਾਦਤ ਦੀ 100ਵੀਂ ਵਰ੍ਹੇਗੰਢ ਦੀ ਸੰਪੂਰਨਤਾ ‘ਤੇ, ਸ਼ਤਾਬਦੀ ਸਮਾਗਮਾਂ ਵਜੋਂ ਮਨਾਏ ਜਾਣਗੇ। ਇਹ ਸ਼ਤਾਬਦੀ ਸਮਾਗਮ ਸ਼ਲਾਘਾਯੋਗ ਉਪਰਾਲਾ ਹਨ। ਇਸ ਪ੍ਰਸੰਗ ਵਿੱਚ ਬੱਬਰ ਅਕਾਲੀ ਕਰਮ ਸਿੰਘ ਦੌਲਤਪੁਰ ਬਾਰੇ ਵਿਚਾਰਾਂ ਅਹਿਮੀਅਤ ਰੱਖਦੀਆਂ ਹਨ। ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ‘ਬਬਰ ਅਕਾਲੀ’ ਦਾ ਨਾਂ ਇਤਿਹਾਸ ਦੇ ਪੰਨਿਆਂ’ ਤੇ ਸੁਨਹਿਰੀ ਅੱਖ਼ਰਾਂ ‘ਚ ਦਰਜ ਹੈ, ਜਿਨ੍ਹਾਂ ਕੈਨੇਡਾ ਤੋਂ ਪੰਜਾਬ ਜਾ ਕੇ ‘ਬਬਰ ਅਕਾਲੀ’ ਅਖ਼ਬਾਰ ਕੱਢਿਆ ਅਤੇ ਲੋਕਾਂ ਵਿੱਚ ਇਨਕਲਾਬੀ ਚੇਤਨਾ ਦਾ ਛੱਟਾ ਦਿੱਤਾ। ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ‘ਬਬਰ ਅਕਾਲੀ’ ਸ਼ਹੀਦ ਭਾਈ ਕਰਮ ਸਿੰਘ ‘ਚੀਫ਼ ਐਡੀਟਰ’ ਨੇ 100 ਸਾਲ ਪਹਿਲਾਂ, ਐਬਟਸਫੋਰਡ ਤੋਂ ਪੰਜਾਬ ਜਾ ਕੇ ਸ਼ਹੀਦੀ ਪਾਈ। ਆਪ ‘ਬਬਰ ਅਕਾਲੀ ਲਹਿਰ’ ਦੀ ਜਿੰਦ-ਜਾਨ ਸਨ ਅਤੇ ਇਸ ਜਥੇਬੰਦੀ ਨੂੰ ‘ਬਬਰ ਅਕਾਲੀ’ ਨਾਂ ਵੀ ਆਪ ਜੀ ਦੀ ਹੀ ਦੇਣ ਹੈ। ਲੇਖ ਦੇ ਸ਼ੁਰੂ ਵਿੱਚ ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਲੇਖ ਵਿੱਚ ਸ਼ਬਦ ‘ਬਬਰ ਅਕਾਲੀ’ ਹੀ ਵਰਤਿਆ ਜਾ ਰਿਹਾ ਹੈ, ਕਿਉਂਕਿ ਜੋ ਅਖਬਾਰ ਭਾਈ ਕਰਮ ਸਿੰਘ ਚੀਫ਼ ਐਡਟਰ ਵੱਲੋਂ ਅਖਬਾਰ ਗਿਆ, ਉਸ ਵਿੱਚ ਬਬਰ ਅਕਾਲੀ ਹੀ ਲਿਖਿਆ ਗਿਆ ਹੈ। ਉਸ ਵਿੱਚ ਬਬਰ ਸ਼ਬਦ ਉਪਰ ਅੱਧਕ ਨਹੀਂ। ਬਬਰ ਦਾ ਅਰਥ ਸ਼ੇਰ ਹੈ, ਜਦਕਿ ‘ਬੱਬਰ’ ਦਾ ਅਰਥ ਢਿੱਡ ਹੈ। ‘ਮਹਾਨ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ‘ਗੁਰ ਸ਼ਬਦ ਰਤਨਾਗਰ ਮਹਾਨ ਕੋਸ਼’ ਦੇ ਪੰਨਾ 36 ਉੱਤੇ ਦਰਜ ਹੈ ; ‘ਬਬਰ’ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਸ਼ੇਰ ਤੇ ‘ਅਕਾਲੀ’ ਪੰਜਾਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ- ਕਾਲ, ਸਮਾਂ ਭਾਵ ਮੌਤ ਤੋਂ ਰਹਿਤ ਜਾਂ ਅਮਰ। ਇਸ ਲਈ ਉਹ ਜੀਵ, ਜਿਸ ਵਿੱਚ ਬਬਰ ਸ਼ੇਰ ਵਾਲੀਆਂ ਸਾਰੀਆਂ ਸਿਫ਼ਤਾਂ, ਯਾਨੀ ਕਹਿਰ ਭਰਪੂਰ ਹਮਲਾ ਤੇ ਖ਼ੂਨੀ ਤੇ ਮੌਤ ਵਲੋਂ ਨਿੱਡਰ ਹੋਵੇ, ਨੂੰ ‘ਬਬਰ ਅਕਾਲੀ’ ਆਖਿਆ ਜਾਂਦਾ ਹੈ। ‘ਬਬਰ ਅਕਾਲੀਆਂ ਦਾ ਇਤਿਹਾਸ’ ਪੁਸਤਕ ਦੀ ਭੂਮਿਕਾ ਵਿੱਚ ਡਾ. ਬਖਸ਼ੀਸ਼ ਸਿੰਘ ਨਿੱਝਰ, ਬਬਰ ਅਕਾਲੀ ਸ਼ਬਦਾਵਲੀ ਬਾਰੇ ਪੰਨਾ ਇੱਕ ‘ਤੇ ਹਵਾਲਾ ਸਾਂਝਾ ਕਰਦੇ ਹਨ ;
”ਕਮਲ ਜਿਉਂ ਮਾਇਆ ਵਿਚ ਹੈ ਅਲੋਪ ਸਦਾ,
ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ।
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ,
ਭਾਣੇ ਵਿਚ ਵਿਪਤਾ ਨੂੰ ਮੰਨੇ ਖੁਸ਼ਹਾਲੀ ਹੈ।
ਸਵਾਰਥ ਤੋਂ ਬਿਨਾਂ ਗੁਰਦਵਾਰਿਆਂ ਦਾ ਚੌਕੀਦਾਰ,
ਧਰਮ ਦੀ ਜੰਗ ਲਈ ਚੜੇ ਮੁਖ ਲਾਲੀ ਹੈ।
ਪੂਜੇ ਨ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵ,
ਸਿੱਖ ਦਸਮੇਸ਼ ਦਾ, ਸੋ ਕਹੀਏ ਅਕਾਲੀ ਹੈ।”
ਭਾਈ ਕਰਮ ਸਿੰਘ (ਪਹਿਲਾ ਨਾਂ ਨਰੈਣ ਸਿੰਘ) ਦਾ ਮੁਢਲਾ ਜੀਵਨ : ਪੰਜਾਬ ਦੀ ਧਰਤੀ ‘ਤੇ ਨਵਾਂਸ਼ਹਿਰ ਨੇੜੇ ਅਤੇ ਅੱਜ-ਕੱਲ੍ਹ ਸ਼ਹੀਦ ਭਗਤ ਸਿੰਘ ਨਗਰ ‘ਚ ਪੈਂਦੇ ਪਿੰਡ ਦੌਲਤਪੁਰ ਵਿੱਚ 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਦੇ ਘਰ ਬੀਬੀ ਦੁੱਲੀ ਦੀ ਕੁੱਖੋਂ ਜਨਮੇ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। ਆਪ ਬਲਾਚੌਰ ਦੇ ਸਕੂਲ ਤੋਂ ਆਰੰਭਿਕ ਵਿੱਦਿਆ ਹਾਸਿਲ ਕਰਨ ਮਗਰੋਂ ਇਲਾਕੇ ਦੇ ਪਹਿਲੇ ਅੰਗਰੇਜ਼ੀ ਸਕੂਲ, ਗੌਰਮੈਂਟ ਹਾਈ ਸਕੂਲ ਰਾਹੋਂ ਪੜੇ ਅਤੇ 1896 ‘ਚ ਦਸਵੀਂ ਦੀ ਪ੍ਰੀਖਿਆ 16 ਸਾਲ ਦੀ ਉਮਰ ਵਿੱਚ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਾਸ ਕੀਤੀ। 18 ਸਾਲ ਦੀ ਉਮਰ ਵਿੱਚ ਸੰਨ 1898 ‘ਚ ਬ੍ਰਿਟਿਸ਼ ਫੌਜ ‘ਚ ਭਰਤੀ ਹੋ ਗਏ। ਭਾਈ ਨਰੈਣ ਸਿੰਘ ਨੇ ਅੰਗਰੇਜ਼ਾਂ ਦੀ ਫੌਜ ‘ਚ ਗ਼ੁਲਾਮੀ ਅਤੇ ਜ਼ਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਨੌਕਰੀ ਛੱਡ ਦਿੱਤੀ। ਇਸ ਦੌਰਾਨ ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਆਪ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ।
ਪੰਜਾਬ ਤੋਂ ਸੰਨ 1907 ਵਿੱਚ ਐਬਟਸਫੋਰਡ, ਕੈਨੇਡਾ ਪਹੁੰਚਣਾ : ਕੈਨੇਡਾ ਦੇ ਮੋਢੀ ਸਿੱਖਾਂ ‘ਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਥਾਂਦੀ ਨੇ ਭਾਈ ਨਰੈਣ ਸਿੰਘ ਥਾਂਦੀ (ਮਗਰੋਂ ਭਾਈ ਕਰਮ ਸਿੰਘ) ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ ਸੰਨ 1907 ਵਿਚ ਕੈਨੇਡਾ ਸੱਦ ਲਿਆ। ਥਾਂਦੀ ਪਰਿਵਾਰ ਦੀ ਐਬਟਸਫੋਰਡ ਵਿੱਚ ਰਹਿ ਰਹੀ ਬਜ਼ੁਰਗ ਬੀਬੀ ਆਸੀ (ਆਸੋ) ਕੌਰ ਥਾਂਦੀ ਨੇ ਇਸ ਲੇਖਕ ਨੂੰ ਦੱਸਿਆ ਕਿ ਐਬਟਸਫੋਰਡ ‘ਚ ਬਾਬਾ ਨਰੈਣ ਸਿੰਘ ਥਾਂਦੀ, ਬਾਬਾ ਸੁੰਦਰ ਸਿੰਘ ਥਾਂਦੀ ਅਤੇ ਬਾਬਾ ਹਰੀ ਸਿੰਘ ਥਾਂਦੀ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ। ਥਾਂਦੀ ਪਰਿਵਾਰਾਂ ਨਾਲ ਸਬੰਧਿਤ ਬੀਬੀ ਆਸੀ ਕੌਰ ਥਾਂਦੀ ਅਨੁਸਾਰ 1907 ਉਹ ਸਮਾਂ ਸੀ, ਜਦੋਂ ਕੈਨੇਡਾ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇਥੇ ਨਸਲਵਾਦ ਦਾ ਬੋਲਬਾਲਾ ਸੀ ਤੇ ਉਹਨਾਂ ਦੇ ਬਜ਼ੁਰਗਾਂ ਨੇ ਨਸਲਵਾਦ ਦਾ ਡੱਟ ਕੇ ਮੁਕਾਬਲਾ ਕੀਤਾ। ਇਤਿਹਾਸਿਕ ਹਵਾਲਿਆਂ ਅਨੁਸਾਰ ਜਿਸ ਵੇਲੇ ਕੈਨੇਡਾ ਵਸਦੇ ਭਾਰਤੀਆਂ ਨੂੰ ਇਥੋਂ ਕੱਢ ਕੇ ਹਾਂਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹਾ ਸਮੇਂ ਭਾਈ ਨਰੈਣ ਸਿੰਘ ਥਾਂਦੀ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ। ਆਪ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ ‘ਗੁਰੂ ਨਾਨਕ ਮਾਈਨਿੰਗ ਐਡ ਟਰੱਸਟ ਕੰਪਨੀ’ ਵਿਚ ਵੀ ਹਿੱਸਾ ਪਾਇਆ ਅਤੇ ਵੱਧ ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ।
ਬ੍ਰਿਟਿਸ਼ ਫੌਜ ਦੀਆਂ ਵਰਦੀਆਂ ਅਤੇ ਮੈਡਲ ਫੂਕਣੇ : ਕੈਨੇਡਾ ‘ਚ ਆ ਵਸੇ ਸਾਬਕਾ ਸਿੱਖ ਫੌਜੀਆਂ ਨੇ ਬ੍ਰਿਟਿਸ਼ ਨਸਲਵਾਦ ਅਤੇ ਬਸਤੀਵਾਦ ਤੋਂ ਤੰਗ ਆ ਕੇ 3 ਅਕਤੂਬਰ 1909 ਨੂੰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ‘ਚ ਅੰਗਰੇਜ਼ਾਂ ਵਲੋਂ ਮਿਲੇ ਤਮਗੇ, ਵਰਦੀਆਂ, ਇਨਸਿਗਨੀਏ ਅਤੇ ਸਰਟੀਫਿਕੇਟ ਸਾੜੇ। ਤਦ ਭਾਈ ਨਰੈਣ ਸਿੰਘ ਵਲੋਂ ਵੀ ਅੰਗਰੇਜ਼ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਬਸਤੀਵਾਦ ਅਤੇ ਨਸਲਵਾਦ ਖਿਲਾਫ ਰੋਸ ਪ੍ਰਗਟਾਇਆ ਗਿਆ। ਇਥੋਂ ਤੱਕ ਕਿ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ ਸਤੰਬਰ 1912 ਨੂੰ, ਕੈਨੇਡਾ ਨੇ ਸਿੱਖ ਯੋਧਿਆਂ ਨੇ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ੀ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁਕਿਆ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਵਿਰਾਸਤੀ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਘੋੜਿਆਂ ਤੇ ਸਵਾਰ ਸਿੱਖ ਫ਼ੌਜੀਆਂ ਦੇ ਬੁੱਤ ਤਾਂ ਲਗਾਏ ਗਏ ਹਨ, ਪਰ ਇਨ੍ਹਾਂ ਸਾਬਕਾ ਫ਼ੌਜੀਆਂ ਵੱਲੋਂ ਅੰਗਰੇਜ਼ਾਂ ਤੋਂ ਮਿਲੇ ਤਗ਼ਮੇ ਅਤੇ ਵਰਦੀਆਂ ਸਾੜਨ ਦਾ ਕਿਧਰੇ ਜ਼ਿਕਰ ਨਹੀਂ ਮਿਲਦਾ। ਇਹ ਅੱਜ ਦੀ ਪੀੜ੍ਹੀ ਨੂੰ ‘ਅਧੂਰਾ ਇਤਹਾਸ’ ਸਿਖਾਉਣ ਤੇ ਪੜ੍ਹਾਉਣ ਦੀ ‘ਇਤਿਹਾਸਕ ਊਣਤਾਈ ਕਹੀ ਜਾ ਸਕਦੀ ਹੈ। ਇਹ ਹੋ ਵੀ ਉਸ ਥਾਂ ‘ਤੇ ਰਹੀ ਹੈ, ਜੋ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਸਾਬਕਾ ਸਿੱਖ ਫ਼ੌਜੀ ਦਾ ਅਸਥਾਨ ਹੈ। ਅਜਿਹੀ ਇਤਿਹਾਸਕ ਭੁੱਲ ਨੂੰ ਤੁਰੰਤ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ। ਉੱਤਰੀ ਅਮਰੀਕਾ ਦੀ ਧਰਤੀ ‘ਤੇ ਸੰਨ 1913 ‘ਚ ਉੱਠੀ ਗ਼ਦਰ ਲਹਿਰ ਵਿਚ ਭਾਈ ਨਰੈਣ ਸਿੰਘ ਥਾਂਦੀ ਲਗਾਤਾਰ ਸਰਗਰਮ ਰਹੇ। ਆਪ ਜੀ ਦੀ ਸ਼ਖਸੀਅਤ ਦਾ ਇੱਕ ਅਣਗੋਲਿਆ ਪੱਖ ਇਹ ਹੈ ਕਿ ਆਪ ਕੈਨੇਡਾ ਦੀ ਧਰਤੀ ‘ਤੇ ‘ਗ਼ਦਰ’ ਅਖ਼ਬਾਰ ਲਈ ਹਰ ਤਰ੍ਹਾਂ ਸਹਿਯੋਗ ਜੁਟਾਉਣ ‘ਚ ਵੀ ਮੋਹਰੀ ਰਹੇ। ‘ਗਦਰ’ ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਆਪ ਨੇ ਪੰਜਾਬ ਜਾ ਕੇ ‘ਬਬਰ ਆਕਾਲੀ ਦੁਆਬਾ’ ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਨੂੰ ਮੁਸਾਫਿਰਾਂ ਸਮੇਤ ਵਾਪਿਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ, ਗ਼ਦਰੀ ਬਾਬਿਆ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ ‘ਚ ਗ਼ਦਰੀ ਯੋਧੇ ਵਤਨ ਪਰਤ ਕੇ, ਅੰਗਰੇਜ਼ਾਂ ਨੂੰ ਦੇਸ਼ ‘ਚੋਂ ਕੱਢਣ ਲਈ ਤਿਆਰ ਹੋਏ।
ਐਬਟਸਫੋਰਡ ਸਥਿਤ ਨਿੱਜੀ ਜ਼ਮੀਨ ਕੌਮ ਲੇਖੇ ਲਾ ਕੇ ਪੰਜਾਬ ਵਾਪਸੀ : ਐਬਟਸਫੋਰਡ ਵਾਸੀ ਭਾਈ ਨਰੈਣ ਸਿੰਘ ਥਾਂਦੀ ਨੇ ਫੈਸਲਾ ਕੀਤਾ ਕਿ ਉਨ੍ਹਾਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਪੰਜਾਬ ਪਰਤਣਾ ਹੈ। ਐਬਸਟਫੋਰਡ ਸ਼ਹਿਰ ‘ਚ ਸਾਊਥ ਫਰੇਜ਼ਰ ਵੇਅ ‘ਤੇ ਆਪ ਦੀ, ਆਪ ਦੇ ਭਰਾ ਹਰੀ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਪੌਣੇ ਕੁ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਸੀ, ਜਿਸ ਦੀ ਉਸ ਸਮੇਂ ਵੀ ਬਹੁਤ ਕੀਮਤ ਸੀ ਤੇ ਅੱਜ ਤਾਂ ਕੋਈ ਅੰਤ ਹੀ ਨਹੀਂ। ਆਪਣੇ ਭਾਈਆਂ ਸਮੇਤ ਭਾਈ ਕਰਮ ਸਿੰਘ ਨੇ ਨਿੱਜੀ ਜ਼ਮੀਨ ਸਿੱਖ ਕੌਮ ਤੇ ਗੁਰਦੁਆਰਾ ਸਾਹਿਬ ਲਈ ਭੇਟ ਕਰਦਿਆਂ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ ‘ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਭਾਈ ਕਰਮ ਸਿੰਘ ਬਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ ਪੁਲਿਸ ਮੁਕਾਬਲਾ ਵਿਚ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ, ਆਪ ਦੀ ਅਤੇ ਥਾਂਦੀ ਭਰਾਵਾਂ ਦੀ ਜ਼ਮੀਨ ‘ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ ਹੈ। ਭਾਈ ਸਾਹਿਬ ਕਰਮ ਸਿੰਘ ਬਬਰ ਅਕਾਲੀ ਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਕੈਨੇਡਾ ਤੋਂ ਪੰਜਾਬ ਪਰਤਦਿਆਂ ਹੀ ਆਪ ਨੂੰ ਹੋਰਨਾਂ ਗ਼ਦਰੀਆਂ ਵਾਂਗ ਜੂਹ-ਬੰਦ ਕਰ ਦਿੱਤਾ ਗਿਆ। ਸੰਨ 1918 ‘ਚ ਇਹ ਪਾਬੰਦੀ ਹਟਦਿਆਂ ਸਾਰ ਹੀ ਆਪ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ।
ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣੇ : ਬਬਰ ਅਕਾਲੀ ਕਰਮ ਸਿੰਘ ਸਮੇਤ ਸਮੂਹ ਜੁਝਾਰੂ ਸਿੱਖਾਂ ਦਾ ਮਨੋਰਥ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣਾ ਸੀ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਡੇਢ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ, ਤਾਂ ਆਪ ਦਾ ਖੂਨ ਖੌਲ ਉੱਠਿਆ। ਆਪ ਨੇ 21 ਮਾਰਚ 1921 ਨੂੰ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਆਗਿਆ ਲੈ ਕੇ ‘ਨਰੈਣ’ ਸਿੰਘ ਨਾਂ ਬਦਲ ਕੇ ‘ਕਰਮ ਸਿੰਘ’ ਨਾਂ ਰੱਖ ਲਿਆ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਆਪ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਸਿੱਖ ਸਨ ਅਤੇ ਲੰਮਾ ਸਮਾਂ ਰੋਪੋਸ਼ ਰਹਿਣ ਕਾਰਨ ਜਾਣੇ-ਅਣਜਾਣੇ ਹੋ ਜਾਂਦੀਆਂ ਭੁੱਲਾਂ-ਚੁੱਕਾਂ ਨੂੰ ਧਿਆਨ ਵਿੱਚ ਰੱਖਦਿਆਂ, ਦੁਬਾਰਾ ਪਾਹੁਲ ਲਿਆ ਸੀ। ਇੱਥੇ ਇਤਿਹਾਸ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇੱਕ ਪਾਸੇ ਲਾਜਪਤ ਰਾਏ ਦੁਸ਼ਟ ਨਰੈਣੂ ਮਹੰਤ ਦੇ ਹੱਕ ‘ਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਬਬਰ ਅਕਾਲੀ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸੀ। ਆਪ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ ‘ਗਾਂਧੀਵਾਦੀ’ ਤਰੀਕਿਆਂ ਦੀ ਥਾਂ, ਹਥਿਆਰਬੰਦ ਸੰਘਰਸ਼ ਹੀ ਜ਼ਾਲਮ ਫਿਰੰਗੀਆਂ ਨੂੰ ਭਾਂਜ ਦੇ ਸਕਦਾ ਹੈ, ਤਾਂ ਆਪ ਨੇ ‘ਖੰਡਾ ਖੜਕਾਉਣ’ ਦਾ ਫੈਸਲਾ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਉਸ ਸਮੇਂ ਹਜ਼ਾਰ ਤੋਂ 2000 ਰੁਪਏ ਤੱਕ ਦੇ ਇਨਾਮ ਰੱਖੇ ਤੇ ਬਬਰ ਅਕਾਲੀਆਂ ਦੇ ਸਿਰਾਂ ਦੇ ਮੁੱਲ ਪਾਏ।
ਪੰਜਾਬ ਵਿੱਚ ਸਿੱਖ ਰਾਜ ਅਤੇ ਭਾਰਤ ਵਿੱਚ ਸਵਰਾਜ ਦੀ ਕਾਇਮੀ ਲਈ ਸੰਘਰਸ਼ : ਸ਼ਹੀਦ ਭਾਈ ਕਰਮ ਸਿੰਘ ਬਬਰ ਸਮੇਤ ਸਮੂਹ ਬਬਰ ਅਕਾਲੀਆਂ ਦੀ ਸੋਚ ਬਾਰੇ ‘ਬਬਰ ਅਕਾਲੀ ਟਰਾਇਲ ਕੇਸ’ 1924 ਪੰਨਾ 8 ਉਪਰ ਲਿਖਿਆ ਮਿਲਦਾ ਹੈ ਕਿ 1921 ਦੇ ਆਖਰੀ ਹਿੱਸੇ ਵਿੱਚ ਬਬਰ ਅਕਾਲੀਆਂ ਨੇ ਦੁਆਬੇ ਵਿੱਚ, ਅੰਗਰੇਜ਼ ਸਰਕਾਰ ਵਿਰੁੱਧ ਭੜਕਾਊ ਤਕਰੀਰਾਂ ਨਾਲ ਜਨਤਾ ਨੂੰ ਬਾਗ਼ੀ ਬਣਾ ਦਿੱਤਾ ਅਤੇ ਅੰਗਰੇਜ਼ ਸਰਕਾਰ ਨੂੰ ਭਾਰਤ ਵਿੱਚੋਂ ਕੱਢ ਕੇ, ਪੰਜਾਬ ਵਿੱਚ ਸਿੱਖ ਰਾਜ ਅਤੇ ਭਾਰਤ ਵਿੱਚ ਸਵਰਾਜ ਕਾਇਮ ਹੋਣ ਦਾ ਐਲਾਨ ਕੀਤਾ। (ਕਿਤਾਬ ‘ਬੱਬਰ ਅਕਾਲੀਆਂ ਦਾ ਇਤਿਹਾਸ’, ਡਾ. ਬਖਸ਼ੀਸ਼ ਸਿੰਘ ਨਿੱਝਰ ਪੰਨਾ 14) 23 ਮਾਰਚ 1921 ਤੋਂ ਲੈ ਕੇ 21 ਮਈ 19 ਤੱਕ ਹੁਸ਼ਿਆਰਪੁਰ ਅਤੇ ਹੋਰਨਾਂ ਵੱਖ ਵੱਖ ਥਾਵਾਂ ‘ਤੇ ਹੋਈਆਂ ਸਿੱਖ ਵਿਦਿਅਕ ਕਾਨਫਰੰਸਾਂ ਦੌਰਾਨ ਬਬਰ ਅਕਾਲੀ ਸਿੱਖ ਗੱਭਰੂਆਂ ਵੱਲੋਂ-ਵੱਖਰੇ ਤੌਰ ‘ਤੇ ਮਤੇ ਪਾਸ ਕੀਤੇ ਗਏ। ‘ਬਬਰ ਅਕਾਲੀਆਂ ਦਾ ਇਤਿਹਾਸ’ ਕਿਤਾਬ ਦੇ ਪੰਨਾ 31 ਅਨੁਸਾਰ, ‘ਪਹਿਲਾ ਬਬਰ ਅਕਾਲੀ ਵਿਦਰੋਹ ਕੇਸ’, ”ਭਾਰਤ ਦੀ ਆਜ਼ਾਦੀ ਦੀ ਸਿੱਖਾਂ ਵੱਲੋਂ ਜੰਗ ਦਾ ਮੁਕਦਮਾ, ‘ਫਸਟ ਅਕਾਲੀ ਕੌਂਸਪਰੇਸੀ 1921’ ਦੇ ਸਰਲੇਖ ਹੇਠ, ਮਿਸਟਰ ਪੀ ਜੇ ਰਸਟ ਨੇ ਸੁਣਿਆ ਸੀ, ਜੋ ਲਾਹੌਰ ਵਿਖੇ ਸਪੈਸ਼ਲ ਮੈਜਿਸਟਰੇਟ ਸੀ। ਇਸ ਸਿੱਖ ਵਿਦਿਅਕ ਇਕੱਤਰਤਾ ਵਿੱਚ ਸਾਰੇ ਭਾਰਤ ਦੇ ਸਿੱਖ ਲੀਡਰਾਂ ਨੇ ਹਿੱਸਾ ਲਿਆ ਸੀ, ਪਰ ਕੁਝ ਸਿੱਖ ਗਭਰੂਆਂ ਨੇ ਇੱਕ ਵੱਖਰੀ ਇਕੱਤਰਤਾ ਕੀਤੀ ਸੀ, ਜਿਸ ਵਿੱਚ ਇਹ ਮਤਾ ਇਹ ਪਾਸ ਕੀਤਾ ਗਿਆ ਸੀ ਸਿੱਖਾਂ ਦੀ ਵੱਖਰੇ ਪੋਲੀਟੀਕਲ ਸਟੇਟਸ ਲਈ ਜਦੋ-ਜਹਿਦ ਕੀਤੀ ਜਾਵੇ।” ਦੇਸ ਪੰਜਾਬ ਨੂੰ ਅੰਗਰੇਜ਼ਾਂ ਵੱਲੋਂ ਗੁਲਾਮ ਬਣਾਏ ਜਾਣ ਦੇ ਸੰਬੰਧ ਵਿੱਚ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰ ਅਕਾਲੀਆਂ ਦੇ ਸ਼ਬਦਾਂ ਨੂੰ ‘ਬੱਬਰ ਅਕਾਲੀ’ ਕਿਤਾਬ ਵਿੱਚ ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ ਨੇ ਪੰਨਾ 38 ‘ਤੇ ਬਿਆਨ ਕਰਦਿਆਂ ਲਿਖਿਆ ਹੈ, ”ਖਾਲਸਾ ਜੀ! ਇਹ ਸਰਕਾਰ ਅੰਗਰੇਜ਼ੀ, ਜਿਸ ਨੇ ਮਹਾਰਾਜਾ ਦਲੀਪ ਸਿੰਘ ਨਾਲ ਧੋਖਾ ਕਰਕੇ ਪੰਜਾਬ ਦਾ ਰਾਜ ਸੰਭਾਲ ਲਿਆ ਹੈ।” ‘ਬਬਰ ਅਕਾਲੀ ਟਰਾਇਲ’ ਦੌਰਾਨ ਅਦਾਲਤੀ ਬਿਆਨਾਂ ਵਿੱਚ ਇਹ ਦਰਜ ਮਿਲਦਾ ਹੈ ਕਿ ਸਿੱਖਾਂ ਵਿੱਚ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਸਿੱਖ ਰਾਜ, ਜੋ 70 ਵਰੇ ਪਹਿਲਾਂ ਅੰਗਰੇਜ਼ਾਂ ਨੇ ਖੋਹ ਲਿਆ ਸੀ ਉਹ ਮੁੜ ਕਾਇਮ ਹੋ ਰਿਹਾ ਹੈ। ਇਸ ਲਹਿਰ ਦੇ ਵੱਡੇ ਅੱਡੇ ਪਰਾਗਪੁਰ, ਕੋਟ ਫਤੂਹੀ, ਜੱਸੋਵਾਲ, ਡੋਮੇਲੀ, ਪੰਡੋਰੀ ਨਿੱਜਰਾਂ ਵਿੱਚ ਕਾਇਮ ਹੋ ਗਏ ਹਨ ਅਤੇ ਬਬਰ ਅਕਾਲੀਆਂ ਨੇ ‘ਆਪਣੀ ਹਾਈਕੋਰਟ’ ਵੀ ਕਾਇਮ ਕਰ ਲਈ, ਜਿੱਥੇ ਬੜੇ ਵੱਡੇ ਕੰਮਾਂ ਦੇ ਫੈਸਲੇ ਬਬਰ ਅਕਾਲੀਆਂ ਦੀ ਕੌਂਸਲ ਵਿੱਚ ਲਏ ਜਾਂਦੇ। ਇਹ ਆਜ਼ਾਦੀ ਦੀ ਲਹਿਰ ਸੰਨ 1920 ਜਾਂ 21 ਈਸਵੀ ਦੀ ਅੰਤ ਵਿੱਚ ਹੋਂਦ ਵਿੱਚ ਆਈ ਸੀ, ਜੋ ਅੰਗਰੇਜ਼ ਸਰਕਾਰ ਦੇ ਸਿੱਖਾਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ਦਾ ਬਦਲਾ ਲੈਣ ਦੀ ਭਾਵਨਾ ਨਾਲ ਹੋਂਦ ਵਿੱਚ ਆਈ ਸੀ।’ (ਬੱਬਰ ਅਕਾਲੀਆਂ ਦਾ ਇਤਿਹਾਸ’, ਡਾ. ਬਖਸ਼ੀਸ਼ ਸਿੰਘ ਨਿੱਝਰ, ਪੰਨਾ 16-17)
‘ਬਬਰ ਅਕਾਲੀ ਦੁਆਬਾ’ ਅਖ਼ਬਾਰ ਕੱਢਣ ਦਾ ਫੈਸਲਾ : ਭਾਈ ਕਰਮ ਸਿੰਘ ਜਿਥੇ ਮਹਾਨ ਸੂਰਬੀਰ ਸਨ, ਉਥੇ ਸੱਚ ‘ਤੇ ਡੱਟਣ ਵਾਲੇ ਨਿਧੜਕ ਪੱਤਰਕਾਰ ਵੀ ਸਨ। ਇਤਿਹਾਸਕ ਵੇਰਵਿਆਂ ਅਨੁਸਾਰ ਮਈ,1922 ਨੂੰ ਬਲਾਚੌਰ ਦੇ ਨਜ਼ਦੀਕ ਪਿੰਡ ਕੌਲਗੜ੍ਹ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭੁਕੜੁਦੀ, ਉਦੇ ਸਿੰਘ ਰਾਮਗੜ੍ਹ, ਜਥੇਦਾਰ ਦਲੀਪ ਸਿੰਘ ਸਾਦੜਾਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ ਤੇ ਉਦੈ ਸਿੰਘ ਦੌਲਤਪੁਰ ਜੁਝਾਰੂ ਇਕੱਠੇ ਹੋਏ। ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ‘ਅਖਬਾਰ’ ਦੀ ਵਰਤੋਂ ਕਰਕੇ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ ‘ਤੇ ਭਾਈ ਸਾਹਿਬ ਨੇ ਪ੍ਰੇਰਿਆ ਕਿ ‘ਗਦਰ ਦੀ ਗੂੰਜ’ ਅੱਜ ਤੱਕ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ, ਜਿਸ ਤੋਂ ਸੇਧ ਲੈ ਕੇ ਅਖਬਾਰ ਕੱਢਣਾ ਚਾਹੀਦਾ ਹੈ। ਭਾਈ ਕਰਮ ਸਿੰਘ ਦੌਲਤਪੁਰ ਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਉਨ੍ਹਾਂ ਦਾ ਕੈਨੇਡਾ ਵਾਲਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ ‘ਗਦਰ’ ਅਖਬਾਰ ਨੇ ਉਹ ਕੰਮ ਕੀਤਾ, ਜਿਹੜਾ ਭਾਸ਼ਣਾਂ ਤੋਂ ਕਿਤੇ ਵੱਧ ਅਸਰਦਾਰ ਹੋਇਆ ਸੀ। ਅਖਬਾਰ ਲਈ ਲੋੜੀਂਦਾ ਧਨ ਜਗੀਰਦਾਰਾਂ, ਨੰਬਰਦਾਰਾਂ ਤੇ ਸ਼ਾਹੂਕਾਰਾਂ ਕੋਲੋਂ ਹੀ ਕਿਉਂ ਨਾ ਖੋਹਣਾ ਪਵੇ, ਪਰ ਅਖਬਾਰ ਜ਼ਰੂਰ ਕੱਢਣਾ ਚਾਹੀਦਾ ਹੈ। ਆਖ਼ਰ ਇਸ ਫ਼ੈਸਲੇ ਨੂੰ ਅੰਜਾਮ ਦਿੰਦਿਆਂ 3 ਜੁਲਾਈ,1922 ਬਬਰ ਅਕਾਲੀਆਂ ਨੇ ਸਰਕਾਰੀ ਖ਼ਜ਼ਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ, ਜਿਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਹਥਿਆਰ ਖ਼ਰੀਦੇ। ਇਸ ‘ਚੋਂ ਸੌ ਰੁਪਏ ਨਾਲ ਲਾਹੌਰ ਤੋਂ ਪ੍ਰੈਸ ਮਸ਼ੀਨ ਖਰੀਦੀ ਗਈ ਤੇ ਬਾਕੀ ਰਾਸ਼ੀ ਨਾਲ ਜਥੇਬੰਦੀ ਦੀ ਸਰਗਰਮੀ ਆਦਿ ਦੇ ਹੋਰਨਾਂ ਕੰਮਾਂ ਤੋਂ ਇਲਾਵਾ ਪਰਚੇ ਛਾਪਣ ਅਤੇ ਹਥਿਆਰ ਖਰੀਦਣ ਦਾ ਪ੍ਰਬੰਧ ਕੀਤਾ ਗਿਆ। ‘ਬਬਰ ਅਕਾਲੀ ਲਹਿਰ ਦਾ ਇਤਿਹਾਸ’ ਕਿਤਾਬ ਵਿੱਚ ਮਿਲਖਾ ਸਿੰਘ ਨਿੱਝਰ ਪੰਨਾ 135 ‘ਤੇ ਲਿਖਦੇ ਹਨ ਕਿ ਇਸ ਕਾਰਜ ਵਿੱਚ ਵਕੀਲ ਰਾਮ ਸਿੰਘ ਧਾਰੋਵਾਲ ਤੋਂ ਇਲਾਵਾ ਮਹਾਨ ਲੇਖਕ ਐਸਐਸ ਚਰਨ ਸਿੰਘ ਸ਼ਹੀਦ (‘ਜਥੇਦਾਰ’ ਅਖਬਾਰ) ਅਤੇ ਕੈਨੇਡਾ ਤੋਂ ਗਏ ਬਸੰਤ ਸਿੰਘ ਦਾ ਭਰਪੂਰ ਸਹਿਯੋਗ ਰਿਹਾ।
ਗੁਰੂ ਗ੍ਰੰਥ ਸਾਹਿਬ ਦੀ ਆਗਿਆ ਨਾਲ ਅਖਬਾਰ ਦਾ ਨਾਮਕਰਨ : ਐਡੀਟਰ ਕਰਮ ਸਿੰਘ ਦੇ ਨਾਂ ਥੱਲੇ ‘ਸਫ਼ਰੀ ਪ੍ਰੈਸ’ ਨਾਂ ਰੱਖ ਕੇ ਪਹਿਲਾ ਪਰਚਾ ਛਾਪਿਆ ਜਾਂਦਾ ਸੀ। ਇਸ ਦੌਰਾਨ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਹੋਰਨਾਂ ਜੁਝਾਰੂਆਂ ਨਾਲ ਮਿਲ ਕੇ 22 ਅਗਸਤ,1922 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਪਰਚੇ ਦਾ ਨਾਂ ‘ਬਬਰ ਅਕਾਲੀ ਦੁਆਬਾ’ ਰੱਖਿਆ ਗਿਆ। ‘ਬਬਰ ਅਕਾਲੀ’ ਅਖਬਾਰ ਦੇ ਮੁੱਢ ਵਿੱਚ ‘ਸ੍ਰੀ ਅਕਾਲ ਜੀ ਸਹਾਇ॥’ ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਕਬੀਰ ਜੀ ਦਾ ਸਲੋਕ ਲਿਖਿਆ ਜਾਂਦਾ;
”ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥”
ਕੁਝ ਇਤਿਹਾਸਕਾਰ ਬਬਰ ਅਕਾਲੀ ਅਖ਼ਬਾਰ ਕੱਢਣ ਦੀ ਮਿਤੀ 20 ਜਾਂ 21ਅਗਸਤ 1922 ਵੀ ਲਿਖਦੇ ਹਨ। ‘ਬਬਰ ਅਕਾਲੀ’ ਅਖ਼ਬਾਰ ਨਿਰੋਲ ਜੁਝਾਰੂ ਅਕਾਲੀਆਂ ਦਾ ਸੀ, ਜਿਸ ਵਿਚ ਜੋਸ਼ੀਲੇ ਲੇਖ, ਕਵਿਤਾਵਾਂ ਤੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨਾਲ ਸੰਬੰਧਤ ਲਿਖਤਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ। ਇਸੇ ਅਖ਼ਬਾਰ ਦੇ ਨਾਂ ਸਦਕਾ ਭਾਈ ਕਰਮ ਸਿੰਘ ਦੌਲਤਪੁਰ ਦੇ ਨਾਂ ਨਾਲ ‘ਬਬਰ ਅਕਾਲੀ’ ਸ਼ਬਦ ਜੁੜ ਗਿਆ।
‘ਬਬਰ ਅਕਾਲੀ’ ਜਥੇਬੰਦੀ ਕਾਇਮ ਕਰਨ ਵਿੱਚ ਭਾਈ ਕਰਮ ਸਿੰਘ ਦੀ ਭੂਮਿਕਾ : ਸਮੂਹ ਜੁਝਾਰੂਆਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਨੂੰ ‘ਬਬਰ ਅਕਾਲੀ’ ਜਥੇ ਦਾ ਨਾਂ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ ‘ਬਬਰ ਅਕਾਲੀ’ ਦੇ ਸਿਰ ਬੱਝਦਾ ਹੈ। ਬਬਰ ਅਕਾਲੀ ਲਹਿਰ ਦੇ ਇਤਿਹਾਸ ਦਾ ਜ਼ਿਕਰਯੋਗ ਪੱਖ ਹੈ ਕਿ ‘ਚੱਕਰਵਰਤੀ ਜਥੇ’ ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ ਅਖ਼ਬਾਰ ਦੇ ਪ੍ਰਭਾਵ ਤੋਂ ਜਾਣੂ ਹੋਏ, ਤਾਂ ਉਹ ਐਡੀਟਰ ਕਰਮ ਸਿੰਘ ਨਾਲ ਵਿਚਾਰ ਵਟਾਂਦਰੇ ਲਈ ਅਗਸਤ 1922 ਦੇ ਤੀਜੇ ਹਫ਼ਤੇ ਮਿਲੇ। ਉਸ ਸਮੇਂ ਤੱਕ ਬਬਰ ਅਕਾਲੀ ਦੋਆਬਾ ਦੇ ਦੋ ਅੰਕ ਪ੍ਰਕਾਸ਼ਤ ਹੋ ਚੁੱਕੇ ਸਨ, ਜਿਨ੍ਹਾਂ ਦੀ ਇਲਾਕੇ ਚ ਭਰਪੂਰ ਚਰਚਾ ਹੋ ਰਹੀ ਸੀ। ਇਕ ਇਤਿਹਾਸਕ ਹਵਾਲੇ ਅਨੁਸਾਰ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਭਾਈ ਕਰਮ ਸਿੰਘ ਬਬਰ ਦੇ ਜਥਿਆਂ ਵਿਚ ਮੁਲਾਕਾਤ, ਕੈਨੇਡਾ ਤੋਂ ਹੀ ਗਏ ਭਾਈ ਕਰਮ ਸਿੰਘ ਝਿੰਗੜ ਦੇ ਉਪਰਾਲੇ ਨਾਲ, ਬਬਰ ਆਸਾ ਸਿੰਘ ਦੇ ਪਿੰਡ ਭੁਕੜੁਦੀ ਵਿੱਚ ਹੋਈ, ਜਿੱਥੇ ਭਾਈ ਕਿਸ਼ਨ ਸਿੰਘ ਗੜਗੱਜ ਨੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਣ ਲਈ ਭਾਈ ਕਰਮ ਸਿੰਘ ਦੌਲਤਪੁਰ ਦੀ ਭਰਪੂਰ ਸ਼ਲਾਘਾ ਕੀਤੀ। (ਹਵਾਲਾ : ਬਬਰ ਅਕਾਲੀ ਲਹਿਰ ਦਾ ਇਤਿਹਾਸ, ਲੇਖਕ ਮਿਲਖਾ ਸਿੰਘ ਨਿੱਝਰ, ਪੰਨਾ 127) ਇਕ ਹੋਰ ਇਤਿਹਾਸਕ ਹਵਾਲੇ ਅਨੁਸਾਰ ਦੋਹਾਂ ਜਥਿਆਂ ਵਿਚਕਾਰ ਮਿਲਣੀ ਸੰਤ ਠਾਕਰ ਸਿੰਘ ਗੁੱਜਰਵਾਲ ਦੀ ਕੁਟੀਆ ਵਿਚ 21 ਅਗਸਤ 1922 ਨੂੰ ਹੋਈ। (ਕਿਤਾਬ : ਬਬਰ ਅਕਾਲੀ, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 55) ਨਿਚੋੜ ਇਹ ਹੈ ਕਿ ਜਥੇਦਾਰ ਕਰਮ ਸਿੰਘ ਬਬਰ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਦੋਵੇਂ ਜਥੇ ਇਕ ਮੰਚ ਤੇ ਇਕੱਠੇ ਹੋਏ ਤੇ ਸਾਂਝਾ ਜਥੇਬੰਦਕ ਢਾਂਚਾ ਕਾਇਮ ਹੋਇਆ।
ਇਸ ਮੌਕੇ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸਾਰੇ ਜੁਝਾਰੂਆਂ ਨੇ ਅਰਦਾਸ ਕਰ ਕੇ ਅਹਿਮ ਫ਼ੈਸਲੇ ਲਏ ਅਤੇ ਮਿਲ ਕੇ ਸਾਂਝਾ ਜਥਾ ਬਣਾ ਕੇ ਇਕਮੁੱਠ ਹੁੰਦਿਆਂ, ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਪਹਿਲਾ ਫੈਸਲਾ ਜਥੇਬੰਦੀ ਦੇ ਨਾਂ ਦਾ ਸੀ, ਜਿਸ ਮੁਤਾਬਕ ‘ਬਬਰ ਅਕਾਲੀ’ ਅਖ਼ਬਾਰ ਦਾ ਪ੍ਰਭਾਵਸ਼ਾਲੀ ਨਾਂ ਮੁੱਖ ਰਖਦਿਆਂ, ਨਵੀਂ ਜਥੇਬੰਦੀ ਦਾ ਨਾਂ ‘ਬਬਰ ਅਕਾਲੀ ਜਥਾ’ ਐਲਾਨਿਆ ਗਿਆ। ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਵੇਂ ‘ਗ਼ਦਰ’ ਅਖ਼ਬਾਰ ਨੂੰ ਮੁੱਖ ਰੱਖ ਕੇ ਲਹਿਰ ਦਾ ਨਾਂ ‘ਗ਼ਦਰ ਲਹਿਰ’ ਮਕਬੂਲ ਹੋਇਆ ਸੀ। ਸਰਬਸੰਮਤੀ ਨਾਲ ਇਹ ਵੀ ਫੈਸਲਾ ਹੋਇਆ ਭਾਈ ਕਰਮ ਸਿੰਘ ਜਥੇ ਵਿੱਚ ‘ਬਬਰ ਅਕਾਲੀ’ ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ ‘ਬਬਰ ਅਕਾਲੀ ਜਥੇ’ ਦੇ ਮੈਂਬਰ ਹੋਣਗੇ। ਜਥੇਬੰਦੀ ਨੇ ਇਹ ਵੀ ਫ਼ੈਸਲਾ ਲਿਆ ਕਿ ਅਖ਼ਬਾਰ ‘ਤੇ ਸੰਪਾਦਕ ਦਾ ਨਾਂ ਕਰਮ ਸਿੰਘ ਬਬਰ ਹੀ ਰਹੇਗਾ ਤੇ ਇਸ ਵਿਚਲੇ ਲੇਖ ਭਾਈ ਕਿਸ਼ਨ ਸਿੰਘ ਬਬਰ ਵੱਲੋਂ ਸੰਪਾਦਤ ਕੀਤੇ ਜਾਣਗੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦਾ ਪ੍ਰਧਾਨ ਭਾਈ ਕਿਸ਼ਨ ਸਿੰਘ ਬਬਰ (ਗੜਗੱਜ) ਨੂੰ ਚੁਣਿਆ ਗਿਆ, ਜਦਕਿ ਮਾਸਟਰ ਦਲੀਪ ਸਿੰਘ ਗੋਸਲ ਇਸ ਦੇ ਸਕੱਤਰ ਅਤੇ ਕੈਨੇਡਾ ਤੋਂ ਗਏ ਬਬਰ ਕਰਮ ਸਿੰਘ ਝਿੰਗੜ ਖ਼ਜ਼ਾਨਚੀ ਬਣੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ‘ਚੀਫ ਐਡੀਟਰ’ ਭਾਈ ਕਰਮ ਸਿੰਘ ਬਬਰ, ਬਾਬੂ ਸੰਤਾ ਸਿੰਘ ਅਤੇ ਭਾਈ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਚੁਣੇ ਗਏ।
‘ਬਬਰ ਅਕਾਲੀ’ ਜਥੇਬੰਦੀ ਦੀ ਮਰਿਆਦਾ ਅਤੇ ਨਿਯਮ : ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ ਜੀਵਨ ਅਤੇ ਸ਼ਖਸੀਅਤ ਬਾਰੇ ਜਾਣਨ ਸਮੇਂ ਉਹਨਾਂ ਦੀ ਜਥੇਬੰਦੀ ਦੀ ਮਰਿਆਦਾ ਤੇ ਨਿਯਮ ਗੌਰ ਕਰਨ ਯੋਗ ਹਨ। ਬਬਰ ਅਕਾਲੀ ਜਥੇ ਵਿੱਚ ਵਿਸ਼ੇਸ਼ ਮਰਿਯਾਦਾ ਤੇ ਨਿਯਮ ਬਣਾਏ ਗਏ ਸਨ, ਜਿਹਨਾਂ ਦੀ ਪਾਲਣਾ ਹਰ ਬਬਰ ਅਕਾਲੀ ਲਈ ਲਾਜ਼ਮੀ ਸੀ। ‘ਬੱਬਰ ਅਕਾਲੀਆਂ ਦਾ ਇਤਿਹਾਸ’ (ਲੇਖਕ ਡਾਕਟਰ ਬਖਸ਼ੀਸ਼ ਸਿੰਘ ਨਿੱਝਰ) ਪੰਨਾ 2 ਅਨੁਸਾਰ ‘ਹਰ ਬਬਰ ਅਕਾਲੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ, ਨਿਯਮ ਅਨੁਸਾਰ ਸਵੇਰੇ, ਸ਼ਾਮ ਪੜਨੀ ਜ਼ਰੂਰੀ ਹੈ। ਬਬਰ ਅਕਾਲੀ ਆਪਣੀ ਪਾਰਟੀ ਜਾਂ ਮੈਂਬਰ ਦਾ ਵਿਰੋਧ ਨਹੀਂ ਕਰੇਗਾ। ਵਾਰਦਾਤ ਵੇਲੇ ਕਿਸੇ ਇਸਤਰੀ ਦੀ ਇੱਜ਼ਤ ਨੂੰ ਹੱਥ ਨਹੀਂ ਪਾਵੇਗਾ। ਕਿਸੇ ਧਰਮ, ਜਾਤ-ਪਾਤ ਨਾਲ ਵਿਤਕਰਾ ਨਹੀਂ ਕਰੇਗਾ। ਹਮਲਾ ਕਰਨ ਸਮੇਂ ਕਿਸੇ ਵੀ ਵਾਰਦਤ ਵਾਲੀ ਥਾਂ ਤੋਂ ਕੋਈ ਸ਼ੈ ਚੋਰੀ ਨਹੀਂ ਕਰੇਗਾ, ਜਥੇਦਾਰ ਦੀ ਆਗਿਆ ਬਿਨਾ ਕੋਈ ਕਦਮ ਨਹੀਂ ਚੁੱਕੇਗਾ। ਜਥੇਬੰਦੀ ਨਾਲ ਗਦਾਰੀ ਨਹੀਂ ਕਰੇਗਾ ਅਤੇ ਕੋਈ ਭੇਦ ਬਾਹਰ ਨਹੀਂ ਕੱਢੇਗਾ।
ਬਾਣੀ ਤੇ ਬਾਣੇ ਦੀ ਧਾਰਨੀ ਬੱਬਰ ਅਕਾਲੀ ਯੋਧੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਸੁਰਮਈ ਰੰਗ ਦਾ ਦਸਤਾਰਾ ਸਜਾਉਂਦੇ ਸਨ। ਇਸ ਤੋਂ ਇਲਾਵਾ ਕਕਾਰ ਵਜੋਂ ਆਪ ਤਿੰਨ ਫੁਟੀ ਕਿਰਪਾਨ ਪਹਿਨਦੇ ਸਨ। ਬੱਬਰ ਅਕਾਲੀਆਂ ਦੇ ਲਿਬਾਸ ਬਾਰੇ ਕਿਤਾਬ ‘ਬੱਬਰ ਅਕਾਲੀ ਲਹਿਰ ਅਤੇ ਇਸ ਦੇ ਆਗੂ’ (ਲੇਖਕ ਗੁਰਬਚਨ ਸਿੰਘ) ਦੇ ਪੰਨਾ 15 ਉਪਰ ਅੰਕਿਤ ਹੈ ਕਿ ਬਬਰ ਅਕਾਲੀ ਜਥੇ ਦੇ ਮੈਂਬਰ ਸੱਤ ਬਾਣੀਆਂ ਦੇ ਨਿਤਨੇਮੀ ਤੇ ਪੰਜ-ਕਕਾਰਾਂ ਦੀ ਰਹਿਤ ਦੇ ਧਾਰਨੀ ਸਨ। ਉਹ ਆਦਮੀ ਨੂੰ ਜਥੇ ਦਾ ਮੈਂਬਰ ਬਿਲਕੁਲ ਨਹੀਂ ਸੀ ਬਣਾਇਆ ਜਾਂਦਾ, ਜੋ ਗੁਰਸਿੱਖੀ ਅਸੂਲਾਂ ਵਿੱਚ ਢਿੱਲੜ ਹੋਵੇ ਅਤੇ ਇਸ ਅਰਸੇ ਵਿੱਚ ਵੀ ਚੱਕਰਵਰਤੀ ‘ਅਕਾਲੀ ਲਿਬਾਸ’ ਰੱਖਦੇ ਸਨ ਅਤੇ ‘ਸੁਰਮਈ ਦਸਤਾਰੇ’ ਕਦੇ ਨਹੀਂ ਸਨ ਬਦਲਦੇ। ਇੱਥੇ ਜ਼ਿਕਰਯੋਗ ਯੋਗ ਹੈ ਕਿ ਪਹਿਲੀ ਵਾਰ ਨੌ ਇੰਚ ਤੋਂ ਲੰਮੀ ਕਿਰਪਾਨ ਰੱਖਣ ‘ਤੇ ਕਾਨੂੰਨੀ ਪਾਬੰਦੀ ਅੰਗਰੇਜ਼ ਕਾਲ ਦੌਰਾਨ, ਬਬਰ ਅਕਾਲੀ ਜਥੇਬੰਦੀ ਦੇ ਮੈਂਬਰਾਂ ਕਾਰਨ ਲਗਾਈ ਗਈ ਸੀ। (‘ਬੱਬਰ ਅਕਾਲੀ’, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 17)
ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੀ ਜੁਝਾਰੂ ਕਵਿਤਾ : ਜੁਝਾਰੂ ਕਵੀ ਜਥੇਦਾਰ ਕਰਮ ਸਿੰਘ ਬੱਬਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਈ ਫ਼ਲਸਫ਼ੇ ਤੋਂ ਸੇਧ ਲੈ ਕੇ ਗ਼ੁਲਾਮੀ ਖ਼ਿਲਾਫ਼ ਲੜਨ ਅਤੇ ਜ਼ਾਲਮਾਂ ਨੂੰ ਸੋਧਣ ਲਈ ਕਾਵਿ ਰਚਨਾਵਾਂ ਲਿਖਦੇ। ਅਜਿਹੀ ਮਹਾਨ ਸੋਚ ਕਾਰਨ ਹੀ ਉਹਨਾਂ ਦੇ ‘ਬਬਰ ਅਕਾਲੀ’ ਪਰਚੇ ਵਿੱਚ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ ‘ਚ ਰੂਹ ਫੂਕ ਦਿੰਦੀਆਂ ਸਨ। ‘ਬਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ’ ਅਤੇ ‘ਕਰਮ ਸਿੰਘ ਹੁਣ ਬਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ’ ਵਰਗੇ ਅਨੇਕਾਂ ਕਾਵਿ-ਬੰਦ ਜੁਝਾਰੂ ਸੋਚ ਪ੍ਰਗਟਾਉਂਦੇ ਸਨ। ਹੋਰ ਮਿਸਾਲਾਂ ਹਨ ;
”ਸ਼ਾਂਤਮਈ ਨੇ ਕੁਝ ਸਵਾਰਿਆ ਨਾ,
ਕੰਮ ਸ਼ੁਰੂ ਕਰਦੇ ਦੂਜੇ ਦਾ ਭਾਈ।
ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ,
ਜਿਨ੍ਹਾਂ ਦਿੱਤੇ ਹਨ ਲੋਕ ਸਤਾ ਭਾਈ।
‘ਕਰਮ ਸਿੰਘ’ ਕਰਤਾਰ ਦੀ ਓਟ ਲੈ ਕੇ,
ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।”
ਆਪ ਦੀਆਂ ਕਵਿਤਾਵਾਂ ਦਾ ਲੋਕਾਂ ‘ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। ‘ਖੰਡਾ ਪਕੜੋ ਸ਼ੇਰੋ’, ‘ਬੂਟੇ ਦੇਸ਼ ਆਜ਼ਾਦੀ ਦੇ’, ‘ਝੋਲੀ ਚੁੱਕ ਨਹੀਂ ਛੱਡਣੇ ਅਤੇ ‘ਅੱਖਾਂ ਖੋਲੋ’ ਆਦਿਕ ਕੁਝ ਮਿਸਾਲਾਂ ਹਨ। ਜਿਵੇਂ ਕਿ ;
”ਪਕੜੋ ਖੰਡਾ ਸ਼ੇਰੋ, ਆਖੇ ਬੱਬਰ ਪੁਕਾਰ।
ਖੰਡਾ ਪਕੜੋ, ਸਾਣ ਤੇ ਲਾਉ, ਤੇਜ਼ ਕਰੋ ਇਹਦੀ ਧਾਰ।
ਬਿਨਾਂ ਖੰਡਿਓਂ ਨਾ ਮਿਲੇ, ਆਜ਼ਾਦੀ ਆਖੇ ਬਬਰ ਵੰਗਾਰ।”
”ਪੰਥ ਖਾਲਸਾ ਅਰਜ਼ ਗੁਜ਼ਾਰਦਾ ਹਾਂ
ਕਿਉਂ ਨਹੀਂ ਸਮਝਦਾ ਇਹਨਾਂ ਦੀ ਚਾਲ ਜਲਦੀ।
ਸ਼ਾਂਤੀ ਨਾਲ ਨਹੀਂ ਪਾਜੀਆਂ ਬਾਜ਼ ਆਉਣਾ
ਕਰੀਏ ਤੇਜ਼ ਤਲਵਾਰ ਦੀ ਧਾਰ ਜਲਦੀ।”
ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦੀਆਂ ਕਵਿਤਾਵਾਂ ਸਿੱਖੀ ਜਜ਼ਬਾ ‘ਤੇ ਅਧਾਰਤ ਹੁੰਦੇ ਸਨ। ਆਪਣੇ ਭਾਸ਼ਣਾਂ ਵਿੱਚ ‘ਜ਼ਫਰਨਾਮੇ’ ਵਿੱਚੋਂ ਹਵਾਲੇ ”ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤੋ ਬੁਰਦਨ ਬ ਸ਼ਮਸ਼ੀਰ ਦਸਤ॥ ਅਤੇ ਇਸਦੇ ਨਾਲ ਹੀ ਹੋਰ ਮਿਸਾਲਾ ਜਿਵੇਂ ਕਿ ”ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ॥ ਸੈਫ ਸਰੋਹੀ ਸੈਹਿਬੀ ਜੇਹੀ ਹਮਾਰੇ ਪੀਰ॥ ਦੇ ਕੇ, ਲੋਕਾਂ ਨੂੰ ਸੰਘਰਸ਼ ਤੇ ਆਜ਼ਾਦੀ ਦੇ ਰਾਹ ‘ਤੇ ਤੋਰਨ ਲਈ ਬਬਰ ਅਕਾਲੀਆਂ ਦੀਆਂ ਤਕਰੀਰਾਂ, ਜੋਸ਼ ਭਰਪੂਰ ਹੁੰਦੀਆਂ। (ਇਤਿਹਾਸਕ ਹਵਾਲਾ ‘ਬਬਰ ਅਕਾਲੀ ਲਹਿਰ ਦਾ ਇਤਿਹਾਸ’ ਲੇਖਕ ਮਿਲਖਾ ਸਿੰਘ ਬਬਰ, ਪੰਨਾ 47-49)
ਬਬਰ ਅਕਾਲੀਆਂ ਦਾ ਲੋਕ ਪੱਖੀ ਰਾਜ ਪ੍ਰਬੰਧ : ਬਬਰ ਅਕਾਲੀਆਂ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਦੇ ਹੁੰਦਿਆਂ ਕਿ ਕੋਈ ਵੀ ਠੇਕੇਦਾਰ ਸ਼ਰਾਬ ਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਤੇ ਜਾਮਣਾਂ ਦਾ ਠੇਕਾ ਨਹੀਂ ਲਵੇਗਾ। ਇਸ ਦਾ ਅਸਰ ਇਹ ਹੋਇਆ ਕਿ 1922-23 ਦੌਰਾਨ ਕਿਸੇ ਵੀ ਠੇਕੇਦਾਰ ਨੇ ਜਾਮਣਾਂ ਅਤੇ ਅੰਬਾਂ ਦਾ ਠੇਕਾ ਲੈਣ ਦੀ ਹਿੰਮਤ ਨਾ ਕੀਤੀ। ਭਾਈ ਕਰਮ ਸਿੰਘ ਬਬਰ ਅਕਾਲੀ ਨੇ ਦੌਲਤਪੁਰ ਵਿਖੇ ਨਾਨਕ ਸ਼ਾਹੀ ਇੱਟਾਂ ਨਾਲ ਖੂਹ ਪਟਵਾਇਆ ਅਤੇ ਲੋਕਾਂ ਨੂੰ ਸਾਫ ਸੁਥਰੇ ਪਾਣੀ ਦੀਆਂ ਸੇਵਾਵਾਂ ਦਿੱਤੀਆਂ। ਪਿੰਡ ਵਿੱਚ ਸਹਿਕਾਰੀ ਬੈਂਕ ਬਣਾ ਕੇ ਲੋਕ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ। ਅਗਾਂਹ ਵਧੂ ਸੋਚ ਅਨੁਸਾਰ ਪਿੰਡ ਵਿੱਚ ਇੰਜਣ ਲਾ ਕੇ ਆਟਾ ਪੀਹਣ ਵਾਲੀ ਚੱਕੀ ਸਥਾਪਿਤ ਕੀਤੀ। ਜੁਝਾਰੂ ਸੋਚ ਅਧੀਨ ਭੋਰੇ ਤੋਂ ਖੂਹ ਤੱਕ ਜਾਣ ਲਈ, ਦੋ ਸੁਰੰਗਾਂ ਅਤੇ ਹਥਿਆਰ ਬੰਦ ਸਮਾਨ ਦੀ ਤਿਆਰੀ ਦਾ ਪ੍ਰਬੰਧ ਕੀਤਾ। ਕਿਸਾਨੀ ਖੇਤਰ ਨੂੰ ਮਜ਼ਬੂਤ ਕਰਨ ਲਈ ਇਲਾਕੇ ਦੇ ਕਿਰਤੀਆਂ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਇਨ੍ਹਾਂ ਬਬਰਾਂ ਦੀ ਲੋਕ ਪ੍ਰਿਅਤਾ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਜਗੀਰਦਾਰਾਂ ਨੇ ਬਬਰਾਂ ਦੀ ਕਿਰਦਾਰਕੁਸ਼ੀ ਦੀਆਂ ਸਾਜਿਸ਼ਾਂ ਰਚੀਆਂ। ਸਰਕਾਰੀ ਸ਼ੈਅ ਉੱਪਰ ਅਖੌਤੀ ‘ਅਮਨ ਕਮੇਟੀਆਂ’ ਬਣਾਉਣ, ਨਾਚ-ਗਾਉਣ ਅਤੇ ਭੋਗ-ਵਿਲਾਸ ਦਾ ਪ੍ਰਚਾਰ ਕਰਨ ਅਤੇ ਰਾਤਾਂ ਨੂੰ ਦਿਖਾਵੇ ਮਾਤਰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ, ਬਬਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਕਾਰੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ ‘ਲੋਕਾਂ ਦੇ ਹੱਕਾ ਲਈ ਲੜਨ ਵਾਲੇ’ ਯੋਧਿਆਂ ਖਿਲਾਫ਼ ਹੀ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਹ ਵਰਤਾਰੇ ਮੁਰਦਾ ਜ਼ਮੀਰ ਅਤੇ ਗ਼ੁਲਾਮ ਮਾਨਸਿਕਤਾ ਦੇ ਪ੍ਰਤੱਖ ਸਬੂਤ ਸਨ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਬਬਰ ਅਕਾਲੀਆਂ ਦੇ ਅਜਿਹੀਆਂ ਅਮਨ ਕਮੇਟੀਆਂ ਤੇ ਅਖੌਤੀ ਸੱਭਿਆਚਾਰਕ ਮੇਲਿਆਂ ਦੇ ਪਾਜ ਉਧੇੜੇ ਅਤੇ ਕਈ ਵਾਰ ਉਹਨਾਂ ਦੀਆਂ ਸਟੇਜਾਂ ਤੇ ਹੀ ਜਾ ਕੇ, ਲੋਕਾਂ ਨੂੰ ਲਾਮਬੱਧ ਕੀਤਾ ਅਤੇ ਹਲੂਣੇ ਦਿੱਤੇ।
ਜਥੇਬੰਦੀ ਦੇ ਅਨੁਸ਼ਾਸਨ : ਬੱਚਿਆਂ ਅਤੇ ਔਰਤਾਂ ‘ਤੇ ਹਮਲੇ ਨਾ ਕਰਨਾ : 12 ਜਨਵਰੀ,1923 ਨੂੰ ‘ਬਬਰ ਅਕਾਲੀ ਦੁਆਬਾ’ ਅਖਬਾਰ ਵਿੱਚ ਜੁਝਾਰੂਆਂ ਦੀਆਂ ਚਿੱਠੀਆਂ ਛਾਪੀਆਂ, ਇਨ੍ਹਾਂ ਵਿੱਚ ਜਲੰਧਰ ਦੇ ਜ਼ਿਲ੍ਹੇ ਵਿਚ ਬੱਬਰਾਂ ਵੱਲੋਂ ਟੋਡੀਆਂ ਨੂੰ ਸੋਧਣ ਦੇ ਦਾ ਐਲਾਨ ਛਾਪਿਆ ਗਿਆ ਸੀ। ਜਥੇਬੰਦੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ 25 ਨਵੰਬਰ,1922 ਨੂੰ ਇਕ ਬੈਠਕ ‘ਚ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਤੋਂ ਇਲਾਵਾ, ਝੋਲੀ-ਚੁੱਕਾਂ ਨੂੰ ਸੋਧਣ ਦੀ ਜਿੰਮੇਵਾਰੀ ਲਈ ਬਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ।
11 ਮਾਰਚ,1923 ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ। 19 ਮਾਰਚ,1923 ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ। 21 ਮਾਰਚ,1923 ਨੂੰ ਪਿੰਡ ਕੌਲਗੜ੍ਹ, ਸਭਸ ਨਗਰ ਵਿਖੇ ਅੰਗਰੇਜ਼ ਪ੍ਰਸਤਾਂ ਨੂੰ ਸੋਧਣ ਦੀ ਜਿੰਮੇਵਰੀ ਲੈਣ ਦਾ ਬਬਰ ਅਕਾਲੀਆਂ ਦਾ ਦੂਜਾ ਐਲਾਨ ‘ਬਬਰ ਅਕਾਲੀ’ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਭਾਈ ਕਰਮ ਸਿੰਘ ਬਬਰ ਅਕਾਲੀ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। 20 ਮਈ,1923 ਨੂੰ ਹਿਯਾਤਪੁਰ ਰੁੜਕੀ ਦੇ ਦੋ ਅੰਗਰੇਜ਼-ਪ੍ਰਸਤ ਰਲਾ ਅਤੇ ਦਿੱਤੂ ਨੂੰ ਕੌਮੀ ਯੋਧਿਆਂ ਨਾਲ ਗ਼ੱਦਾਰੀ ਕਰਨ ਤੋਂ ਬਾਜ਼ ਨਾ ਆਉਣ ਕਾਰਨ ਖੁਦ ਬਬਰ ਅਕਾਲੀ ਨੇ ਸੋਧਿਆ। ਹਿਯਾਤਪੁਰ ਰੁੜਕੀ ਭਾਈ ਕਰਮ ਸਿੰਘ ਬਬਰ ਅਕਾਲੀ ਦਾ ਨਾਨਕਾ ਪਿੰਡ ਸੀ।
ਇਸੇ ਦੌਰਾਨ ਕੁਝ ਅੰਗਰੇਜ਼-ਪ੍ਰਸਤ ਸੰਪਰਦਾਰਵਾਂ ਨੇ ਬਬਰ ਅਕਾਲੀਆਂ ਦੀਆਂਕਾਰਵਾਈਆਂ ਵਿਰੁੱਧ ਮਤੇ ਪਾਸ ਕੀਤੇ।
ਬਬਰ ਅਕਾਲੀਆਂ ਦਾ ਚੀਫ ਖਾਲਸਾ ਦੀਵਾਨੀਏ ਧੜੇ ਵੱਲੋਂ ਵਿਰੋਧ : ਬਬਰ ਅਕਾਲੀ ਯੋਧਿਆਂ ਨੇ ਅਗਸਤ,1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ ਗਿਆ, ਪਰ ਨਰਮ-ਖਿਆਲੀ ਅਕਾਲੀ ਆਗੂਆਂ ਵੱਲੋਂ ਇਹ ਗੱਲ ਨਾ ਮੰਨੀ ਗਈ। ਦੂਜੇ ਪਾਸੇ ਜੁਝਾਰੂ ਬਬਰ ਅਕਾਲੀਆਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ ਇਕ ਖੁੱਲ੍ਹੀ ਚਿੱਠੀ ਗਵਰਨਰ ਪੰਜਾਬ ਦੇ ਨਾਲ ਲਿਖਦਿਆਂ ਕਿਹਾ, ”ਐ ਗਵਰਨਰ ਪੰਜਾਬ! ਤੇਰੀਆਂ ਬੇਇਨਸਾਫ਼ੀਆਂ ਅਤੇ ਜ਼ੁਲਮਾਂ ਤੋਂ ਤੰਗ ਆ ਕੇ, ਬਬਰ ਅਕਾਲੀਆਂ ਨੇ ਆਪਣਾ ਸ਼ਾਂਤਮਈ ਦਾ ਰਾਹ ਤਿਆਗ ਕੇ, ਹੁਣ ਤਲਵਾਰ ਦਾ ਰਸਤਾ ਫੜਿਆ ਹੈ।” ਝੋਲੀ ਚੁੱਕਾਂ ਦੇ ਸੋਧੇ ਲੱਗਣ ਕਾਰਨ ਨਰਮ-ਖ਼ਿਆਲੀ ਅਕਾਲੀ ਅਤੇ ਚੀਫ਼ ਖ਼ਾਲਸਾ ਦੀਵਾਨ ਵਾਲੇ ਬਬਰਾਂ ਦਾ ਵਿਰੋਧ ਕਰਨ ਲੱਗੇ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਬਰਾਂ ਦੇ ਮੁਕੱਦਮੇ ਵੀ ਲੜੇ, ਪਰ ਇਹ ਵੀ ਸੱਚ ਹੈ ਕਿ 29 ਮਈ,1923 ਨੂੰ ਸ਼੍ਰੋਮਣੀ ਕਮੇਟੀ ਨੇ ਬਬਰ ਅਕਾਲੀਆਂ ਨੂੰ ਪੰਥ ਵਿਰੋਧੀ ਘੋਸ ਿਕਰ ਦਿੱਤਾ। ਦੁਖਦਾਈ ਪੱਖ ਇਹ ਹੈ ਕਿ ਸਰਕਾਰ ਨੂੰ ਖੁਸ਼ ਕਰਨ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਬਰਾਂ ਦੀ ਕਤਲਾਂ ਦੀ ਪਾਲਿਸੀ ਦੀ ਨਿਖੇਧੀ ਕਰਦੀ ਹੈ ਤੇ ਪੰਥ ਅੱਗੇ ਅਪੀਲ ਕਰਦੀ ਹੈ ਕਿ ਕੋਈ ਸੱਜਣ ਇਨ੍ਹਾਂ ਦੀ ਸਹਾਇਤਾ ਨਾ ਕਰੇ, ਸਗੋਂ ਇਨ੍ਹਾਂ ਨੂੰ ਦੇਸ਼ ਤੇ ਕੌਮ ਲਈ ਹਾਨੀਕਾਰਕ ਸਮਝੇ। (ਹਵਾਲਾ ਕਿਤਾਬ ‘ਬਬਰ ਅਕਾਲੀ’, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 135)
‘ਬਬਰ ਅਕਾਲੀ’ ਅਖਬਾਰ ਦਾ ਡੂੰਘਾ ਪ੍ਰਭਾਵ : ‘ਬਬਰ ਅਕਾਲੀ’ ਅਖ਼ਬਾਰ ਰਾਹੀਂ ਸਿੱਖ ਪਲਟਣਾਂ, ਸਕੂਲਾਂ, ਕਾਲਜਾਂ ਆਦਿ ਤੋਂ ਇਲਾਵਾ ਬਾਹਰਲੇ ਪ੍ਰਾਂਤਾਂ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਅਤੇ ਦੇਸ਼ਵਾਸੀਆਂ ਨੂੰ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਪ੍ਰੇਰਿਆ ਗਿਆ। ਅੰਗਰੇਜ਼ ਸਰਕਾਰ ਵੱਲੋਂ ਸਾਈਕਲੋ ਸਟਾਈਲ ਮਸ਼ੀਨਾਂ ਚੁੱਕਣ ਅਤੇ ਅਖ਼ਬਾਰ ਜ਼ਬਤ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛਾਪੇ ਮਾਰਨ ‘ਤੇ ਪੁਲਸ ਦੇ ਹੱਥ ਕੁਝ ਨਾ ਲੱਗਦਾ, ਕਿਉਂਕਿ ‘ਬਬਰ ਅਕਾਲੀ’ ਅਖ਼ਬਾਰ ਕਦੇ ਇੱਕ ਥਾਂ ਤੋਂ ਅਤੇ ਕਿਸੇ ਦੂਜੀ ਥਾਂ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਗੁਪਤ ਤੌਰ ‘ਤੇ ਬਬਰ ਅਕਾਲੀ ਅਖ਼ਬਾਰ ਛਾਪਣ ਦੇ ਮੁੱਖ ਕੇਂਦਰ ਕੋਟ ਫਤੂਹੀ, ਪੰਡੋਰੀ ਕੋਠੀ, ਫਤਹਿਪੁਰ ਜੱਸੋਵਾਲ ਅਤੇ ਗੁਰਦੁਆਰਾ ਕਿਸ਼ਨਪੁਰ ਵਿੱਚ ਕਾਇਮ ਸਨ, ਪਰ ਇਸਦੇ ਬਾਵਜੂਦ ਇਨ੍ਹਾਂ ਪਰਚਿਆਂ ਨੂੰ ‘ਉਡਾਰੂ ਪ੍ਰੈਸ’ ਰਾਹੀਂ ਖੁਫ਼ੀਆ ਢੰਗ ਨਾਲ ਖਾਸ ਟਿਕਾਣਿਆਂ ‘ਤੇ ਪਹੁੰਚਾਇਆ ਜਾਂਦਾ ਤੇ ਫ਼ੌਜਾਂ ਤੱਕ ਡਾਕ ਰਾਹੀਂ ਦੂਰ-ਦੁਰਾਡੇ ਭੇਜਿਆ ਜਾਂਦਾ। ਮਗਰੋਂ ਪੁਲਿਸ ਦੀ ਸਰਗਰਮੀ ਵਧ ਜਾਣ ਕਰਕੇ ਪਰਚਾ ਛਾਪਣ ਲਈ ਇੱਕ ਹੋਰ ਸਾਈਕਲੋ-ਸਟਾਈਲ ਮਸ਼ੀਨ ਖ਼ਰੀਦੀ ਗਈ। ਇੱਕ ਮਸ਼ੀਨ ਜਲੰਧਰ ਨੇੜੇ ਅਤੇ ਦੂਜੀ ਕੰਢੀ ਦੇ ਇਲਾਕੇ ਵਿੱਚ ਰੱਖੀ ਗਈ, ਤਾਂ ਕਿ ਲੋੜ ਪੈਣ ‘ਤੇ ਦੋਵਾਂ ‘ਚੋਂ ਕਿਸੇ ਵੀ ਥਾਂ ਤੋਂ ਪਰਚਾ ਛਾਪ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਬੱਬਰ ਅਕਾਲੀ ਯੋਧਿਆਂ ਦੀ ਗੁਰੀਲਾ ਨੀਤੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਅਗਸਤ 1922 ਤੋਂ ਮਈ 1923 ਤੱਕ ਬੱਬਰ ਅਕਾਲੀ ਅਖ਼ਬਾਰ ਦੇ ਪੰਦਰਾਂ ਅੰਕ ਛਾਪੇ ਗਏ। ਇਹਨਾਂ ਵਿਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ।
ਬਬਰ ਅਕਾਲੀ ਭਾਈ ਕਰਮ ਸਿੰਘ ਜੀ ਦੀ ਸ਼ਹਾਦਤ : ਬਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ, ਪੁਲਿਸ ਮੁਕਾਬਲਾ ਵਿਚ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ
ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਚੌਂਤਾਂ ਸਾਹਿਬ, ਇਹਨਾਂ ਬਬਰ ਅਕਾਲੀ ਯੋਧਿਆਂ ਦਾ ਸ਼ਹੀਦੀ ਅਸਥਾਨ ਹੈ। ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਦੇਸ਼ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ। ਪਰ ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਭਾਰਤ ਵਿੱਚ ਸੱਤਾ ‘ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਸਟੇਟ ਖਿਲਾਫ਼ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਗ਼ਦਰੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ ‘ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; ‘ਸ਼ੇਰਾਂ ਦੀਆਂ ਮਾਰਾਂ ‘ਤੇ ਗਿੱਦੜ ਦੀਆਂ ਕਲੋਲਾਂ’। ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।
ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ : ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹੀਦ ਭਾਈ ਕਰਮ ਸਿੰਘ ਬਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬੱਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਵਿੱਚ ਬਬਰ ਸ਼ਹੀਦਾਂ ਦੀ ਯਾਦ ‘ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬੱਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ ‘ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।
‘ਬਬਰ ਅਕਾਲੀ ਲਹਿਰ’ ਦੀ ਸ਼ਤਾਬਦੀ ਅਤੇ ‘ਬਬਰ ਅਕਾਲੀ ਅਖ਼ਬਾਰ’ ਦੇ 100ਵੇਂ ਸਥਾਪਨਾ ਦਿਹਾੜੇ ਦੇ ਸਮਾਗਮਾਂ ਦੀ ਸੰਪੂਰਨਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ 1922-23 ਦੌਰਾਨ ਬੱਬਰ ਅਕਾਲੀ ਯੋਧਿਆਂ ਖਿਲਾਫ ਪਾਸ ਕੀਤੇ ਮਤੇ ਰੱਦ ਕਰੇ ਅਤੇ ਇਸ ਇਤਿਹਾਸਕ ਗ਼ਲਤੀ ਨੂੰ ਤੁਰੰਤ ਦਰੁਸਤ ਕਰੇ। ਅਜਿਹਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਬਬਰ ਅਕਾਲੀ ਅਖ਼ਬਾਰ ਦੇ ਸੰਪਾਦਕ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ, ਸ਼੍ਰੋਮਣੀ ਕਮੇਟੀ ਨੂੰ ਅਜਿਹੇ ਮੰਦਭਾਗੇ ਮਤੇ ਤੁਰੰਤ ਹਟਾਉਣ ਦੀ ਲੋੜ ਹੈ। ਬਬਰ ਅਕਾਲੀ ਸ਼ਹੀਦ ਦੇ ਆਪਣੇ ਸਥਾਨ, ਐਬਟਸਫੋਰਡ ਦੇ ਨਗਰ ਕੀਰਤਨ ‘ਤੇ ਸ਼ਹੀਦ ਦੇ ਸੌਵੇਂ ਸ਼ਹੀਦੀ ਸਮਾਗਮਾਂ ਦੀ ਸੰਪੂਰਨਤਾ ਮੌਕੇ, ਸਮੁੱਚੇ ਤੌਰ ‘ਤੇ ਮਤੇ ਪਾਸ ਕਰਕੇ ਅਜਿਹੀਆਂ ਇਤਿਹਾਸਿਕ ਗਲਤੀਆਂ ਨੂੰ ਦੂਰ ਕਰਨ ਅਤੇ ਮਹਾਨ ਸ਼ਹੀਦ ਦੇ ਸੁਨਹਿਰੀ ਇਤਿਹਾਸ ਨੂੰ ਉਜਾਗਰ ਕਰਨ ਦੀ ਲੋੜ ਹੈ।
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ, ਕੈਨੇਡਾ
Check Also
5 ਦਸੰਬਰ 1872 : ਜਨਮ ਦਿਹਾੜੇ ‘ਤੇ ਵਿਸ਼ੇਸ਼
ਭਾਈ ਵੀਰ ਸਿੰਘ ਖਿਲਾਫ਼ ਸਾਹਿਤ ਮਾਫ਼ੀਆ ਦਾ ਬਿਰਤਾਂਤ *ਹੀਰ-ਵੰਨੇ ਵਾਲੇ ‘ਚੁੰਝ ਵਿਦਵਾਨਾਂ’ ਵੱਲੋਂ ਭਾਈ ਸਾਹਿਬ …