Breaking News
Home / ਪੰਜਾਬ / ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ਕਾਂਗਰਸ ਦੀ ਅਜਾਰੇਦਾਰੀ ਦੀ ਥਾਂ ਗੱਠਜੋੜਾਂ ਨੇ ਲਈ

ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ਕਾਂਗਰਸ ਦੀ ਅਜਾਰੇਦਾਰੀ ਦੀ ਥਾਂ ਗੱਠਜੋੜਾਂ ਨੇ ਲਈ

ਬਸਪਾ ਦਾ ਹਲਕੇ ਵਿੱਚ ਕਾਫੀ ਪ੍ਰਭਾਵ ਪਰ ਚੋਣ ਇਕ ਵਾਰ ਹੀ ਅਕਾਲੀ ਦਲ ਦੇ ਸਹਿਯੋਗ ਨਾਲ ਜਿੱਤੀ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਬਾਕੀ ਹਲਕਿਆਂ ਵਾਂਗ ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ਵੀ ਇਸ ਵਾਰ ਸਾਰੀਆਂ ਪ੍ਰਮੁੱਖ ਪਾਰਟੀਆਂ ਬਿਨਾਂ ਕਿਸੇ ਗੱਠਜੋੜ ਦੇ ਚੋਣ ਲੜ ਰਹੀਆਂ ਹਨ। ਕਾਂਗਰਸ ਨੂੰ ਬੇਸ਼ੱਕ ਖੱਬੀਆਂ ਪਾਰਟੀਆਂ ਦਾ ਸਮਰਥਨ ਹਾਸਲ ਹੈ ਪਰ ਇਸ ਨੂੰ ਗੱਠਜੋੜ ਨਹੀਂ ਕਿਹਾ ਜਾ ਸਕਦਾ। ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਆਜ਼ਾਦਾਨਾ ਤੌਰ ‘ਤੇ ਚੋਣ ਲੜ ਰਹੀਆਂ ਹਨ।
ਕਿਸੇ ਜ਼ਮਾਨੇ ‘ਚ ਕਾਂਗਰਸ ਇੱਥੋਂ ਆਪਣੇ ਦਮ ‘ਤੇ ਚੋਣ ਜਿੱਤਦੀ ਰਹੀ ਹੈ। ਐਮਰਜੈਂਸੀ ਤੋਂ ਬਾਅਦ 1977 ‘ਚ ਹੋਈਆਂ ਚੋਣਾਂ ਵਿੱਚ ਭਾਰਤੀ ਲੋਕ ਦਲ ਦੇ ਚੌਧਰੀ ਬਲਵੀਰ ਸਿੰਘ ਨੇ ਵੀ ਆਪਣੇ ਬਲਬੂਤੇ ‘ਤੇ ਜਿੱਤ ਹਾਸਲ ਕੀਤੀ।
ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ ਅਤੇ ਕਮਲ ਚੌਧਰੀ ਵਰਗੇ ਆਗੂ ਵੀ ਕਾਂਗਰਸ ਦੀ ਟਿਕਟ ‘ਤੇ ਬਿਨਾਂ ਕਿਸੇ ਗੱਠਜੋੜ ਤੋਂ ਜਿੱਤਦੇ ਰਹੇ ਪਰ ਪਿਛਲੀਆਂ ਕੁਝ ਚੋਣਾਂ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਬਿਨਾਂ ਕਿਸੇ ਦੂਜੀ ਪਾਰਟੀ ਦਾ ਸਹਾਰਾ ਲਏ ਕੋਈ ਪਾਰਟੀ ਲੋਕ ਸਭਾ ‘ਚ ਆਪਣਾ ਨੁਮਾਇੰਦਾ ਨਹੀਂ ਭੇਜ ਸਕੀ। ਭਾਰਤੀ ਜਨਤਾ ਪਾਰਟੀ ਨੇ ਸਾਲ 1989 ‘ਚ ਇਕੱਲਿਆਂ ਇਹ ਸੀਟ ਲੜੀ ਪਰ ਚੌਥੇ ਨੰਬਰ ‘ਤੇ ਰਹੀ। ਸਾਲ 1992 ‘ਚ ਉਮੀਦਵਾਰ ਬਦਲਿਆ ਪਰ ਤੀਜਾ ਸਥਾਨ ਹਾਸਿਲ ਹੋਇਆ। ਸਾਲ 1996 ‘ਚ ਵੀ ਇਹੀ ਸਥਿਤੀ ਰਹੀ। ਸਾਲ 1998 ‘ਚ ਅਕਾਲੀ ਦਲ ਨਾਲ ਗੱਠਜੋੜ ਹੋਣ ਤੋਂ ਬਾਅਦ ਭਾਜਪਾ ਨੇ ਇਹ ਸੀਟ ਜਿੱਤੀ। ਉਦੋਂ ਤੋਂ ਲੈ ਕੇ ਹੁਣ ਤੱਕ ਗੱਠਜੋੜ ਚੱਲਦਾ ਰਿਹਾ ਹੈ, ਇਹ ਪਹਿਲੀ ਵਾਰ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਹਮੋ-ਸਾਹਮਣੇ ਹਨ। ਸ਼੍ਰੋਮਣੀ ਅਕਾਲੀ ਦਲ ਨੇ 1985 ‘ਚ ਇੱਥੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਤਾਂ ਡੇਢ ਲੱਖ ਦੇ ਕਰੀਬ ਵੋਟ ਪਈ।
ਇਹ ਹੀ ਹਾਲ ਬਾਕੀ ਪਾਰਟੀਆਂ ਦਾ ਹੈ। ਬਹੁਜਨ ਸਮਾਜ ਪਾਰਟੀ ਦਾ ਭਾਵੇਂ ਇਸ ਹਲਕੇ ਵਿੱਚ ਬਹੁਤ ਪ੍ਰਭਾਵ ਹੈ ਪਰ ਇਕੱਲਿਆਂ ਤੌਰ ‘ਤੇ ਇੱਥੋਂ ਕਦੀ ਜਿੱਤ ਨਹੀਂ ਸਕੀ। ਸਿਰਫ਼ 1996 ਵਿੱਚ ਪਾਰਟੀ ਦੇ ਮੁਖੀ ਕਾਂਸ਼ੀ ਰਾਮ ਇੱਥੋਂ ਜਿੱਤੇ ਸਨ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ। ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੀ ਇੱਥੋਂ ਉਮੀਦਵਾਰ ਖੜ੍ਹੇ ਕਰਦੀ ਰਹੀ ਹੈ ਪਰ ਅੱਜ ਤੱਕ ਸਫਲਤਾ ਨਹੀਂ ਮਿਲੀ।
ਸਾਲ 2004 ‘ਚ ਕਾਂਗਰਸ ਨੇ ਆਪਣਾ ਉਮੀਦਵਾਰ ਖੜ੍ਹਾ ਨਾ ਕਰ ਕੇ ਜਦੋਂ ਸੀਪੀਆਈ(ਐੱਮ) ਨੂੰ ਸਮਰਥਨ ਦਿੱਤਾ ਤਾਂ ਪਾਰਟੀ ਉਮੀਦਵਾਰ ਦੂਜੇ ਸਥਾਨ ‘ਤੇ ਰਿਹਾ। ਆਮ ਆਦਮੀ ਪਾਰਟੀ ਦੀ ਤੀਜੀ ਚੋਣ ਹੈ।
ਸਾਲ 2014 ਵਿੱਚ ਪਾਰਟੀ ਦੀ ਉਮੀਦਵਾਰ ਯਾਮਿਨੀ ਗੋਮਰ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ 2019 ਵਿੱਚ ਡਾ. ਰਵਜੋਤ ਚੌਥੇ ਸਥਾਨ ‘ਤੇ ਰਹੇ। ਸੂਬੇ ਵਿੱਚ ਸੱਤਾ ‘ਚ ਆਉਣ ਤੋਂ ਬਾਅਦ ਇਸ ਵਾਰ ਪਾਰਟੀ ਮਜ਼ਬੂਤ ਸਥਿਤੀ ‘ਚ ਹੈ। ਪਿਛਲੀਆਂ ਚੋਣਾਂ ਦੇ ਨਤੀਜਿਆਂ ‘ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਹੁਣ ਤੱਕ ਹੋਈਆਂ ਚੋਣਾਂ ਵਿੱਚ ਸਭ ਤੋਂ ਵੱਧ ਵੋਟ 1977 ‘ਚ ਭਾਰਤੀ ਲੋਕ ਦਲ ਦੇ ਉਮੀਦਵਾਰ ਚੌਧਰੀ ਬਲਵੀਰ ਸਿੰਘ ਨੂੰ ਪਈ। ਉਨ੍ਹਾਂ ਨੂੰ 61.95 ਫ਼ੀਸਦੀ ਵੋਟਾਂ ਪਈਆਂ। ਉਨ੍ਹਾਂ ਨੇ ਕਾਂਗਰਸ ਦੇ ਦਰਬਾਰਾ ਸਿੰਘ ਨੂੰ ਹਰਾਇਆ ਸੀ। ਸਭ ਤੋਂ ਘੱਟ ਵੋਟ 2014 ‘ਚ ਭਾਜਪਾ ਦੇ ਵਿਜੇ ਸਾਂਪਲਾ ਨੂੰ ਪਈਆਂ।
ਉਨ੍ਹਾਂ ਨੂੰ 23.34 ਫ਼ੀਸਦੀ ਵੋਟ ਪੋਲ ਹੋਈ। ਇਸ ਦਾ ਇਕ ਕਾਰਨ ਉਮੀਦਵਾਰਾਂ ਦੀ ਗਿਣਤੀ ਵਧਣਾ ਕਿਹਾ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਗੱਠਜੋੜ ਅਤੇ ਵਿਰੋਧੀ ਪਾਰਟੀਆਂ ਦੀ ਉਸ ਸਮੇਂ ਕਿੰਨੀ ਲੋਕਪ੍ਰਿਯਤਾ ਸੀ, ਇਸ ਦਾ ਵੀ ਅਸਰ ਪਿਆ। 1977 ‘ਚ ਸਭ ਤੋਂ ਘੱਟ 5 ਉਮੀਦਵਾਰਾਂ ਨੇ ਚੋਣ ਲੜੀ ਅਤੇ 1996 ‘ਚ ਸਭ ਤੋਂ ਵੱਧ 20 ਉਮੀਦਵਾਰ ਚੋਣ ਮੈਦਾਨ ‘ਚ ਉੱਤਰੇ।

ਸਰਹੱਦੀ ਕਿਸਾਨਾਂ ਨੂੰ ਦੇਵਾਂਗੇ ਜ਼ਮੀਨਾਂ ਦਾ ਮਾਲਕਾਨਾ ਹੱਕ : ਬਾਦਲ
ਜਲਾਲਾਬਾਦ : ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਹੱਕ ‘ਚ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ, ਗੁਰੂ ਹਰਸਹਾਏ, ਫਿਰੋਜ਼ਪੁਰ ਸ਼ਹਿਰ ਤੇ ਫਿਰੋਜ਼ਪੁਰ ਦਿਹਾਤੀ ਵਿੱਚ ਚੋਣ ਰੈਲੀਆਂ ਕੀਤੀਆਂ। ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਦਹਾਕਿਆਂ ਤੋਂ ਦਰਿਆਈ ਕੰਢੇ ਜ਼ਮੀਨ ਵਾਹ ਰਹੇ ਕਿਸਾਨਾਂ ਨੂੰ ਉਨ੍ਹਾਂ ਦਾ ਮਾਲਕਾਨਾ ਹੱਕ ਦੇਵੇਗੀ ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਪ੍ਰਕਿਰਿਆ ਆਰੰਭੀ ਸੀ। ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਅਣਗੌਲਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਵੇਲੇ ਲੋਕਾਂ ਨੂੰਕਈ ਸਹੂਲਤਾਂ ਮਿਲਦੀਆਂ ਸਨ।

‘ਆਪ’ ਸਰਕਾਰ ਐੱਸਵਾਈਐੱਲ ਦੀ ਉਸਾਰੀ ਕਰਵਾਉਣਾ ਚਾਹੁੰਦੀ ਹੈ : ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਹਰਸਹਾਏ ਵਿੱਚ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਮਾਨ ਦੇ ਹੱਕ ਵਿਚ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਵਾਸਤੇ ਤਿਆਰ ਹੈ। ਮੁੱਖ ਮੰਤਰੀ ਭਗਵੰਤ ਮਾਨ ਨਹਿਰੀ ਪਟਵਾਰੀਆਂ ‘ਤੇ ਦਬਾਅ ਬਣਾ ਰਹੇ ਹਨ ਕਿ ਉਹ ਜਾਅਲੀ ਐਂਟਰੀਆਂ ਪਾਉਣ ਕਿ ਨਹਿਰੀ ਪਾਣੀ ਪੰਜਾਬ ਦੇ ਹਰ ਖੇਤ ਤੱਕ ਪਹੁੰਚਦਾ ਹੈ ਤੇ ਪੰਜਾਬ ਕੋਲ ਸਿੰਜਾਈ ਵਾਸਤੇ ਵਾਧੂ ਨਹਿਰੀ ਪਾਣੀ ਹੈ। ਇਹ ਰਿਪੋਰਟ ਸੁਪਰੀਮ ਕੋਰਟ ਵਿਚ ਸੌਂਪ ਕੇ ਅਦਾਲਤੀ ਹੁਕਮ ਰਾਹੀਂ ਐੱਸਵਾਈਐੱਲ ਨਹਿਰ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਜਾਵੇਗਾ ਪਰ ਅਕਾਲੀ ਦਲ ਇਸ ਸਾਜਿਸ਼ ਦਾ ਵਿਰੋਧ ਕਰੇਗਾ।

 

 

Check Also

ਪੰਜਾਬ ’ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ

13 ਹਜ਼ਾਰ ਤੋਂ ਵੱਧ ਪੰਚਾਇਤਾਂ ਦੀ ਹੋਵੇਗੀ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਪੰਚਾਇਤੀ ਚੋਣਾਂ 15 …